ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੀ ਨਵੀਂ ਬਾਡੀ ਦੀ ਹੋਵੇਗੀ ਚੋਣ

ਫੋਟੋ ਕੈਪਸ਼ਨ: ਸੁਸਾਇਟੀ ਦੇ ਪ੍ਰਧਾਨ ਸੋਹਨ ਲਾਲ, ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਅਤੇ ਹੋਰ ਅਹੁਦੇਦਾਰ ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋਏ।

ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ) ਦੀ ਨਵੀਂ ਬਾਡੀ ਦੀ ਹੋਵੇਗੀ ਚੋਣ

ਜਲੰਧਰ (ਸਮਾਜ ਵੀਕਲੀ): ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਅੰਬੇਡਕਰ ਮਿਸ਼ਨ ਸੁਸਾਇਟੀ ਦੀ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਸੋਹਨ ਲਾਲ ਸਾਬਕਾ ਡੀਪੀਆਈ (ਕਾਲਜਾਂ) ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਬਹੁਤ ਅਹਿਮ ਫੈਸਲੇ ਲਏ ਗਏ। ਭਾਰਦਵਾਜ ਨੇ ਕਿਹਾ ਕਿ ਮੀਟਿੰਗ ਵਿੱਚ 11 ਫਰਵਰੀ 2024 ਨੂੰ ਸੁਸਾਇਟੀ ਦਾ ਜਨਰਲ ਇਜਲਾਸ ਬੁਲਾ ਕੇ ਨਵੀਂ ਬਾਡੀ ਦੀ ਚੋਣ ਕਰਨ ਦਾ ਫੈਸਲਾ ਲਿਆ ਗਿਆ। ਸੁਸਾਇਟੀ ਦੇ ਨਵੇਂ ਮੈਂਬਰ 4 ਫਰਵਰੀ ਤੱਕ ਬਣ ਸਕਣਗੇ ਅਤੇ ਪੁਰਾਣੇ ਮੈਂਬਰਾਂ ਦੀ ਮੈਂਬਰਸ਼ਿਪ ਦਾ ਨਵੀਨੀਕਰਨ 11 ਫਰਵਰੀ ਸਵੇਰੇ 11 ਵਜੇ ਤੱਕ ਹੋਵੇਗਾ। ਉਹਨਾਂ ਦੱਸਿਆ ਕਿ ਸੁਸਾਇਟੀ ਦੀ ਚੋਣ ਵਿੱਚ ਉਹੀ ਮੈਂਬਰ ਭਾਗ ਲੈ ਸਕਣਗੇ ਜ਼ਿਨ੍ਹਾਂ ਦੀ ਨਵੀਂ ਮੈਂਬਰਸ਼ਿਪ 4 ਫਰਵਰੀ ਤੱਕ ਹੋਈ ਹੋਵੇਗੀ ਜਾਂ ਜ਼ਿਨ੍ਹਾਂ ਮੈਂਬਰਾਂ ਦੀ ਮੈਂਬਰਸ਼ਿਪ ਦਾ ਨਵੀਨੀਕਰਨ 11 ਫਰਵਰੀ ਨੂੰ 11 ਵਜੇ ਤੱਕ ਹੋ ਚੁੱਕਾ ਹੋਵੇਗਾ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਐਡਵੋਕੇਟ ਹਰਭਜਨ ਦਾਸ ਸਾਂਪਲਾ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਜੋ ਸੁਸਾਇਟੀ ਦੀ ਚੋਣ 11 ਫਰਵਰੀ ਨੂੰ ਕਰਵਾਉਣਗੇ ।

ਸੁਸਾਇਟੀ ਦੁਆਰਾ ਉਹਨਾਂ 500 ਮਹਾਰ ਸੈਨਿਕਾਂ ਦੀ ਬਹਾਦਰੀ ਦੀ ਤਾਰੀਫ ਕੀਤੀ ਗਈ ਜ਼ਿਨ੍ਹਾਂ ਨੇ ਭੀਮਾਕੋਰੇਗਾਓਂ ਵਿਖੇ 1 ਜਨਵਰੀ, 1818 ਨੂੰ ਕੋਰੇਗਾਓਂ ਦੀ ਲੜਾਈ ਵਿਚ ਮਰਾਠਾ ਪੇਸ਼ਵਾ ਬਾਜੀ ਰਾਓ II ਦੀ ਫੌਜ ਦੇ 28 ਹਜਾਰ ਉੱਤਮ ਸੈਨਿਕਾਂ ਨੂੰ ਹਰਾ ਕੇ ਸ਼ੂਦਰਾਂ ਦੇ ਗਲਾਂ ਵਿੱਚੋਂ ਕੁੱਜੇ ਉਤਾਰੇ ਅਤੇ ਲੱਕ ਪਿੱਛੋਂ ਝਾੜੂ ਉਤਾਰ ਕੇ ਆਜ਼ਾਦੀ ਵਾਲਾ ਜੀਵਨ ਜੀਣ ਲਈ ਨੇਕ ਕਾਰਜ ਕੀਤਾ। ਮੀਟਿੰਗ ਵਿੱਚ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਅਤੇ ਸਮਾਜ ਸੇਵਿਕਾ ਮਾਤਾ ਸਵਿਤਰੀ ਬਾਈ ਫੂਲੇ ਨੂੰ ਯਾਦ ਕਰਦਿਆਂ ਉਨ੍ਹਾਂ ਦੁਆਰਾ ਵਿਦਿਆ ਦੇ ਖੇਤਰ ਵਿਚ ਪਾਏ ਗਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੈਡਮ ਸੁਦੇਸ਼ ਕਲਿਆਣ, ਪ੍ਰੋਫੈਸਰ ਬਲਬੀਰ, ਬਲਦੇਵ ਰਾਜ ਭਾਰਦਵਾਜ, ਜਸਵਿੰਦਰ ਵਰਿਆਣਾ, ਰਾਜਕੁਮਾਰ ਅਤੇ ਪਰਮਿੰਦਰ ਸਿੰਘ ਖੁੱਤਣ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਦੀ ਸ਼ੁਰੂਆਤ ਤੋਂ ਪਹਿਲਾਂ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਮੀਤ ਪ੍ਰਧਾਨ ਰਹੇ ਡਾ. ਰਵੀ ਕਾਂਤ ਪਾਲ, ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ) ਮਹਾਰਾਸ਼ਟਰ ਇਕਾਈ ਦੇ ਸਾਬਕਾ ਸੂਬਾ ਪ੍ਰਧਾਨ ਰਹੇ ਦਾਦਾ ਰਾਓ ਅੰਬਾਡੇ ਅਤੇ ਮਿਸ਼ਨਰੀ ਸਾਥੀ ਕੇ. ਡੀ. ਸਿੰਘ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

 

Previous articleSavitribai Phule, The Pioneer of Indian Social and Educational Revolution: A Reappraisal
Next articleअंबेडकर मिशन सोसायटी पंजाब (रजि.) की नई संस्था का चुनाव किया जाएगा