ਅੰਬੇਡਕਰ ਭਵਨ ਜਲੰਧਰ ਵਿਖੇ 1960 ਦੇ ਦਹਾਕੇ ਤੋਂ ਹੀ ਹੋ ਰਿਹਾ ਮਿਸ਼ਨ ਦਾ ਪ੍ਰਚਾਰ-ਪ੍ਰਸਾਰ
ਸਮਾਜ ਪ੍ਰਤੀ ਚਿੰਤਤ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ- ਡਾ. ਕੌਲ
ਜਲੰਧਰ (ਸਮਾਜ ਵੀਕਲੀ): ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਜਨਰਲ ਸਕੱਤਰ ਡਾ.ਜੀ.ਸੀ.ਕੌਲ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਸਾਡਾ ਟਰੱਸਟ, ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਸੰਨ 1972 ਤੋਂ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਨਿਰੰਤਰ ਕੰਮ ਕਰ ਰਿਹਾ ਹੈ। ਯਾਦ ਰਹੇ ਕਿ ਪੰਜਾਬ ਵਿੱਚ ਆਰਪੀਆਈ ਦੇ 1964 ਦੇ ਸਰਵ ਹਿੰਦ ਮੋਰਚੇ ਦੀ ਸ਼ੁਰੂਆਤ ਵੀ ਇਸੇ ਅੰਬੇਡਕਰ ਭਵਨ ਤੋਂ ਹੋਈ ਸੀ। ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਇਸੇ ਹੀ ਜਗ੍ਹਾ 27 ਅਕਤੂਬਰ 1951 ਨੂੰ ਜਲੰਧਰ ਵਿਖੇ ਆ ਕੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉੱਘੇ ਅੰਬੇਡਕਰਵਾਦੀ ਸ੍ਰੀ ਲਾਹੌਰੀ ਰਾਮ ਬਾਲੀ, ਜਿਨ੍ਹਾਂ ਨੇ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਵਾਲੇ ਦਿਨ 6 ਦਸੰਬਰ 1956 ਨੂੰ ਆਪਣੀ ਸਰਕਾਰੀ ਪੱਕੀ ਨੌਕਰੀ ਛੱਡ ਕੇ ਅੰਬੇਡਕਰ ਮਿਸ਼ਨ ਦੇ ਪ੍ਰਚਾਰ-ਪ੍ਰਸਾਰ ਦਾ ਕੰਮ ਸ਼ੁਰੂ ਕੀਤਾ ਅਤੇ ਸ੍ਰੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਸੰਨ 1963 ਵਿੱਚ ਇਹ ਭੂਮੀ ਖਰੀਦ ਕੇ ਸੰਨ 1972 ਵਿੱਚ ਇਸ ਦਾ ਟਰੱਸਟ ਬਣਾ ਦਿੱਤਾ ਅਤੇ ਇਸ ਟਰੱਸਟ ਦੀ ਮਦਦ ਨਾਲ ਇਸ ਭੂਮੀ ਉੱਪਰ ਇੱਕ ਸ਼ਾਨਦਾਰ ਭਵਨ ਉਸਾਰਿਆ।
ਡਾ. ਕੌਲ ਨੇ ਕਿਹਾ ਕਿ ਵਰਤਮਾਨ ਵਿਚ ਅੰਬੇਡਕਰ ਭਵਨ ਕੋਲ ਦੋ ਹਾਲ ਕਮਰੇ ਹਨ ਜੋ ਆਪਣੇ ਸਮਾਜ ਦੇ ਲੋਕਾਂ ਨੂੰ ਅਤੇ ਸਮਾਜਿਕ ਜਥੇਬੰਦੀਆਂ ਨੂੰ ਪਰਿਵਾਰਕ ਅਤੇ ਸਮਾਜਿਕ ਫੰਕਸ਼ਨਾ ਵਾਸਤੇ ਨਾਮਾਤਰ ਕਿਰਾਏ ਤੇ ਮੁਹਈਆ ਕਰਾਏ ਜਾਂਦੇ ਹਨ। ਇਸ ਸਹੂਲਤ ਦਾ ਲਾਭ ਲੈਣ ਲਈ, ਭਵਨ ਟਰੱਸਟ ਦੀਆਂ ਕੁਝ ਸ਼ਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਡਾ. ਕੌਲ ਨੇ ਅੱਗੇ ਕਿਹਾ ਕਿ 1960 ਦੇ ਦਹਾਕੇ ਤੋਂ ਹੀ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਦਾ ਕੰਮ ਇਸ ਅੰਬੇਡਕਰ ਭਵਨ ਤੋਂ ਨਿਰੰਤਰ ਜਾਰੀ ਹੈ। ਇਸ ਇਤਿਹਾਸਕ ਭਵਨ ਤੋਂ ਪ੍ਰੇਰਨਾ ਲੈ ਕੇ ਅਨੇਕਾਂ ਸੰਸਥਾਵਾਂ ਅੱਜ ਅੰਬੇਡਕਰ ਮਿਸ਼ਨ ਦਾ ਪ੍ਰਚਾਰ-ਪ੍ਰਸਾਰ ਕਰ ਰਹੀਆਂ ਹਨ।
ਇਹ ਅੰਬੇਡਕਰ ਭਵਨ ਆਪਣੀ ਨਿਰੋਲ ਵਿਚਾਰਧਾਰਾ ਕਰਕੇ ਪੰਜਾਬ ਵਿੱਚ ਹੀ ਨਹੀਂ, ਬਲਕਿ ਉੱਤਰੀ ਭਾਰਤ ਵਿੱਚ ਅੰਬੇਡਕਰੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਹੈ। ਇੱਥੇ ਪਿਛਲੀ ਅੱਧੀ ਸਦੀ ਤੋਂ ਦੇਸ਼ ਦੇ ਮਹਾਨ ਬੁੱਧੀਜੀਵੀ ਆਪਣੇ ਵਿਚਾਰ ਰੱਖ ਚੁੱਕੇ ਹਨ। ਇਹ ਭਵਨ ਇਸ ਗੱਲ ਦਾ ਵੀ ਗਵਾਹ ਹੈ ਕਿ ਬਾਲੀ ਸਾਹਿਬ ਦੇ ਵੱਡੇ ਭਾਈ ਬਿਹਾਰੀ ਲਾਲ ਖਾਰ ਜੀ ਨੇ ਮਰਨ ਵਰਤ ਰੱਖ ਕੇ 14 ਅਪ੍ਰੈਲ 1982 ਨੂੰ ਬਾਬਾ ਸਾਹਿਬ ਦੇ ਜਨਮਦਿਨ ਦੀ ਗ਼ਜ਼ੇਟਿਡ ਛੁੱਟੀ ਮਨਜ਼ੂਰ ਕਰਵਾਈ ਸੀ। ਉਨ੍ਹਾਂ ਨੇ ਕਿਹਾ ਕਿ ਕੁਝ ਮੁੱਠੀ ਭਰ ਚੁਨਿੰਦਾ ਲੋਕ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਅੰਬੇਡਕਰ ਭਵਨ ਦਾ ਅਕਸ ਧੁੰਦਲਾ ਕਰਨ ਲਈ ਬਿਨਾਂ ਸੋਚੇ-ਸਮਝੇ ਅਤੇ ਬਿਨਾ ਸਬੂਤ ਮਨ-ਘੜੰਤ ਆਡੀਓ/ਵੀਡੀਓ ਪੋਸਟਾਂ ਸੋਸ਼ਲ ਮੀਡੀਆ ਤੇ ਪਾ ਰਹੇ ਹਨ। ਅਜਿਹੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਮ ਪਬਲਿਕ ਵਿੱਚ ਭਰਮ ਫੈਲਾਉਣ ਦੀ ਬਜਾਏ ਟਰੱਸਟ ਨਾਲ ਬੈਠ ਕੇ ਗੱਲ ਕਰ ਸਕਦੇ ਹਨ, ਨਹੀਂ ਤਾਂ ਉਨ੍ਹਾਂ ਖਿਲਾਫ ਸਾਈਬਰ ਕ੍ਰਾਈਮ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਡਾ.ਜੀ.ਸੀ.ਕੌਲ ਨੇ ਅੱਗੇ ਕਿਹਾ ਕਿ ਅੰਬੇਡਕਰ ਭਵਨ ਟਰੱਸਟ ਨੇ ਸਮਾਜ ਪ੍ਰਤੀ ਚਿੰਤਤ ਸੂਝਵਾਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਝੂਠੇ, ਮੌਕਾ ਪ੍ਰਸਤ ਅਤੇ ਅੰਬੇਡਕਰ ਭਵਨ ਬਾਰੇ ਗਲਤ ਅਫਵਾਹਾਂ ਫੈਲਾਉਣ ਵਾਲੇ ਲੋਕਾਂ ਤੋਂ ਸੁਚੇਤ ਰਹਿਣ ।
ਡਾ.ਜੀ.ਸੀ.ਕੌਲ
ਜਨਰਲ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.)