ਜਲੰਧਰ (ਸਮਾਜ ਵੀਕਲੀ) ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਆਏ ਅੰਬੇਡਕਰ ਮਿਸ਼ਨ ਦੇ ਅਣਥੱਕ ਯੋਧੇ ਸੁਭਾਸ਼ ਚੰਦ ਮੁਸਾਫਰ ਦੇ ਸਨਮਾਨ ਵਿੱਚ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਅੰਬੇਡਕਰ ਭਵਨ ਵਿਖੇ ਇੱਕ ਸਦਭਾਵਨਾ ਮਿਲਣੀ ਦਾ ਆਯੋਜਨ ਕੀਤਾ ਗਿਆ। ਇਸ ਸਦਭਾਵਨਾ ਮਿਲਣੀ ਵਿੱਚ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਮੈਂਬਰਾਂ ਤੋਂ ਇਲਾਵਾ ਅੰਬੇਡਕਰ ਭਵਨ ਟਰੱਸਟ (ਰਜਿ.) ਅਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਭਾਰਦਵਾਜ ਨੇ ਕਿਹਾ ਕਿ ਸੁਭਾਸ਼ ਮੁਸਾਫਰ ਨੇ ਆਪਣੇ ਭਾਸ਼ਣ ਵਿੱਚ ਫਾਊਂਡਰ ਟਰਸਟੀ ਸ੍ਰੀ ਲਾਹੌਰੀ ਰਾਮ ਬਾਲੀ ਦੇ ਜ਼ਿੰਦਗੀ ਭਰ ਦੇ ਸੰਘਰਸ਼ ਪ੍ਰਤੀ ਸਤਿਕਾਰ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਯਤਨਾਂ ਨਾਲ ਅੰਬੇਡਕਰ ਭਵਨ ਦੀ ਉਸਾਰੀ ਤੋਂ ਇਲਾਵਾ ਅੰਬੇਡਕਰੀ ਸਾਹਿਤ ਦੀ ਪ੍ਰਕਾਸ਼ਨਾ ਨਾਲ ਪੂਰੇ ਭਾਰਤ ਵਿੱਚ ਲੋਕ ਚੇਤਨਾ ਪੈਦਾ ਹੋਈ। ਬਾਲੀ ਸਾਹਿਬ ਦੀਆਂ ਲਿਖਤਾਂ, ਭਾਸ਼ਣਾਂ ਅਤੇ ਅੰਦੋਲਨਾਂ ਨੇ ਦੱਬੇ-ਦਰੜੇ ਲੋਕਾਂ ਦੀ ਮਾਨਸਿਕਤਾ ਵਿੱਚ ਇਨਕਲਾਬੀ ਪਰਿਵਰਤਨ ਲਿਆਉਣ ਵਿੱਚ ਇਤਿਹਾਸਿਕ ਰੋਲ ਅਦਾ ਕੀਤਾ। ਮੁਸਾਫਰ ਨੇ ਕਿਹਾ ਕਿ ਅੰਬੇਡਕਰ ਭਵਨ ਸਾਡਾ ਸਾਰਿਆਂ ਦਾ ਪ੍ਰੇਰਨਾ ਸਰੋਤ ਹੈ। ਉਨ੍ਹਾਂ ਨੇ ਆਉਣ ਵਾਲੀ ਜਨਗਣਨਾ ਵਿੱਚ ਸਾਰੀਆਂ ਅਨੁਸੂਚਿਤ ਜਾਤੀਆਂ, ਜਨਜਾਤੀਆਂ ਨੂੰ ਬੁੱਧ ਧਰਮ ਵਿੱਚ ਰਜਿਸਟਰਡ ਕਰਨ ਤੇ ਜ਼ੋਰ ਦਿੱਤਾ। ਉਨ੍ਹਾਂ ਨੇ 24 ਸਤੰਬਰ, 1932 ਨੂੰ ਡਾ. ਅੰਬੇਡਕਰ ਸਾਹਿਬ ਅਤੇ ਹਿੰਦੂ ਲੀਡਰਾਂ ਵਿਚਕਾਰ ਹੋਏ ਪੂਨਾ ਪੈਕਟ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੰਵਿਧਾਨ ਵਿੱਚ ਦਰਜ ਹੋਣ ਦੇ ਬਾਵਜੂਦ ਨਿੱਜੀਕਰਣ ਦੀ ਯੋਜਨਾ ਲਾਗੂ ਕਰਕੇ ਅੱਜ ਇਸ ਨੂੰ ਲਗਭਗ ਖਤਮ ਹੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਹਰਮੇਸ਼ ਜੱਸਲ ਜੀ ਵੱਲੋਂ ਪੁੱਛੇ ਗਏ ਪ੍ਰਸ਼ਨ ਦੇ ਜਵਾਬ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਬੁੱਧ ਧਰਮ ਦੀ ਇਤਿਹਾਸਿਕਤਾ ਅਤੇ ਵਰਤਮਾਨ ਸਥਿਤੀ ਦਾ ਜ਼ਿਕਰ ਕੀਤਾ। ਇਸ ਸਦਭਾਵਨਾ ਮਿਲਣੀ ਤੇ ਮੁੱਖ ਮਹਿਮਾਨ ਸੁਭਾਸ਼ ਮੁਸਾਫਰ ਅਤੇ ਹਾਜਰੀਨ ਦਾ ਸਵਾਗਤ ਕਰਦਿਆਂ ਡਾ. ਜੀ.ਸੀ. ਕੌਲ ਨੇ ਅੰਬੇਡਕਰ ਭਵਨ ਦੀ ਇਤਿਹਾਸਿਕ ਅਹਿਮੀਅਤ, ਸੇਠ ਕਰਮ ਚੰਦ ਬਾਠ, ਐਡਵੋਕੇਟ ਆਰ.ਸੀ. ਪਾਲ, ਅਤੇ ਉਨ੍ਹਾਂ ਦੇ ਸਹਿਯੋਗੀ ਟਰੱਸਟੀਆਂ ਵੱਲੋਂ ਪਾਏ ਗਏ ਯੋਗਦਾਨ ਦਾ ਵਿਸਤ੍ਰਿਤ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਬਰਦਸਤ ਵਿਰੋਧੀ ਹਾਲਾਤ ਅਤੇ ਬੇਹੱਦ ਆਰਥਿਕ ਔਕੜਾਂ ਦੇ ਬਾਵਜੂਦ ਅੰਬੇਡਕਰ ਭਵਨ ਨੇ ਆਪਣੀ ਆਨ, ਬਾਨ ਤੇ ਸ਼ਾਨ ਨੂੰ ਕਾਇਮ ਰੱਖਿਆ ਹੈ। ਡਾ. ਕੌਲ ਨੇ ਸਮਾਜ ਹਿਤੈਸ਼ੀ ਅਤੇ ਅੰਬੇਡਕਰੀ ਵਿਚਾਰਧਾਰਾ ਪ੍ਰਤੀ ਸਮਰਪਿਤ ਸਾਰੇ ਸਾਥੀਆਂ ਤੋਂ ਭਰਪੂਰ ਸਹਿਯੋਗ ਦੀ ਮੰਗ ਕੀਤੀ। ਸ੍ਰੀ ਰਮੇਸ਼ ਚੰਦਰ ਰਿਟਾਇਰਡ ਅੰਬੈਸਡਰ ਨੇ ਸੁਭਾਸ਼ ਮੁਸਾਫਰ ਦੁਆਰਾ ਪ੍ਰਗਟਾਏ ਵਿਚਾਰਾਂ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਮਹੱਤਵਪੂਰਨ ਮੁੱਦਿਆਂ ਤੇ ਆਪਣਾ ਧਿਆਨ ਫੋਕਸ ਕਰਕੇ ਅਤੇ ਉਨ੍ਹਾਂ ਉੱਪਰ ਅਮਲ ਕਰਕੇ ਹੀ ਸਮਾਜਿਕ ਪਰਿਵਰਤਨ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਦਾ ਵਿਚਾਰ ਸੀ ਕਿ ਆਪਸੀ ਸਹਿਯੋਗ ਅਤੇ ਸਕਾਰਾਤਮਕ ਆਲੋਚਨਾ ਹਰ ਵਿਅਕਤੀ ਅਤੇ ਸੰਸਥਾ ਦੀ ਪ੍ਰਗਤੀ ਵਿੱਚ ਅਹਿਮ ਰੋਲ ਅਦਾ ਕਰਦੀ ਹੈ। ਸ੍ਰੀ ਸੋਹਨ ਲਾਲ ਚੇਅਰਮੈਨ ਨੇ ਟਰੱਸਟ ਦੀਆਂ ਭਵਿੱਖ ਮੁਖੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਛੇਤੀ ਹੀ ਭਵਨ ਵਿੱਚ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਬਸਟ ਸਥਾਪਤ ਕੀਤਾ ਜਾ ਰਿਹਾ ਹੈ। ਪ੍ਰੋਫੈਸ਼ਨਲ ਕੋਰਸਿਸ ਅਤੇ ਹੋਰ ਉੱਚ ਵਿੱਦਿਅਕ ਡਿਗਰੀਆਂ ਪ੍ਰਾਪਤ ਕਰਨ ਲਈ ਗਰੀਬ ਤੇ ਲਾਇਕ ਵਿਦਿਆਰਥੀਆਂ ਦੀ ਇੱਛਾ ਪੂਰਤੀ ਲਈ ਰਾਸ਼ਟਰੀ ਪੱਧਰ ਦੀਆਂ ਕੁਝ ਸਮਾਜਿਕ ਸੰਸਥਾਵਾਂ ਨਾਲ ਵੀ ਵਿਚਾਰ ਚਰਚਾ ਹੋ ਰਹੀ ਹੈ ਅਤੇ ਆਸ ਹੈ ਕਿ ਛੇਤੀ ਇਸਦੇ ਕੁਝ ਸਾਰਥਕ ਸਿੱਟੇ ਨਿਕਲਣਗੇ। ਉਨ੍ਹਾਂ ਨੇ ਅੱਜ ਦੀ ਇਸ ਸਦਭਾਵਨਾ ਮਿਲਣੀ ਦੀ ਪ੍ਰਸ਼ੰਸਾ ਕਰਦਿਆਂ ਸੁਭਾਸ਼ ਮਸ਼ਾਫਰ ਜੀ ਅਤੇ ਹਾਜਰ ਸਰੋਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਸਟੇਜ ਸੰਚਾਲਨ ਬਲਦੇਵ ਰਾਜ ਭਾਰਦਵਾਜ ਨੇ ਬਾਖੂਬੀ ਕੀਤਾ।ਇਸ ਮੌਕੇ ਚਰਨ ਦਾਸ ਸੰਧੂ, ਹਰਮੇਸ਼ ਜੱਸਲ, ਪ੍ਰੋਫੈਸਰ ਬਲਬੀਰ, ਪ੍ਰੋਫੈਸਰ ਅਰਿੰਦਰ ਸਿੰਘ, ਹਰਭਜਨ ਨਿਮਤਾ, ਨਿਰਮਲ ਬਿੰਜੀ, ਰਾਮ ਲਾਲ ਦਾਸ, ਗੁਰਦਿਆਲ ਜੱਸਲ, ਬੈਂਕ ਮੈਨੇਜਰ ਮਲਕੀਤ ਸਿੰਘ, ਚੌਧਰੀ ਹਰੀ ਰਾਮ, ਪਸ਼ੋਰੀ ਲਾਲ ਸੰਧੂ, ਕ੍ਰਿਸ਼ਨ ਕਲਿਆਣ, ਮਨੋਹਰ ਲਾਲ ਮਹੇ, ਗੌਤਮ ਬੋਧ, ਮੈਡਮ ਸੁਦੇਸ਼ ਕਲਿਆਣ ਅਤੇ ਕਵਿਤਾ ਢਾਂਡੇ ਹਾਜ਼ਰ ਸਨ।
ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ
ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly