
ਅਮਰਜੀਤ ਸਿੰਘ ਜੀਤ
(ਸਮਾਜ ਵੀਕਲੀ) ਸਰਦਾਰ ਰੂਪ ਸਿੰਘ ਸ਼ਾਂਤ ਜੀ ਰਾਮਾਂ ਮੰਡੀ ਜ਼ਿਲ੍ਹਾ ਬਠਿੰਡਾ ਚੜ੍ਹਦਾ ਪੰਜਾਬ ਦੇ ਵਸਨੀਕ ਸਨ।ਉਨ੍ਹਾਂ ਆਪਣੇ ਘਰ ਸਰਦਾਰਨੀ ਸਵਿੱਤਰੀ ਦੇਵੀ ਦੀ ਕੁੱਖੋਂ 4 ਨਵੰਬਰ 1962ਈ. ਨੂੰ ਜੰਮਣ ਵਾਲੇ ਪੁੱਤਰ ਦਾ ਨਾਂ ਅਮਰਜੀਤ ਸਿੰਘ ਰੱਖਿਆ। ਇਹਨਾਂ ਮੁੱਢਲੀ ਪੜ੍ਹਾਈ ਆਪਣੇ ਜੱਦੀ ਨਗਰ , ਹਿੰਦੂ ਹਾਈ ਸਕੂਲ ਰਾਮਾਂ ਮੰਡੀ ਤੋਂ ਪੂਰੀ ਕੀਤੀ।ਉਹ ਬਚਪਨ ਵਿਚ ਈ ਆਪਣੇ ਪਿਤਾ ਜੀ ਨੂੰ ਕਵਿਤਾ ਪਾਠ ਕਰਦਿਆਂ ਵੇਖ ਕੇ ਕਵਿਤਾ ਤੇ ਗੀਤ ਲਿਖਣ ਵੱਲ ਰੁਚਿਤ ਹੋ ਗਿਆ।ਇਹਨਾਂ ਦੇ ਪਿਤਾ ਜੀ ਇੱਕ ਵਧੀਆ ਵਾਰਤਕ ਲੇਖਕ ਤੇ ਬੁਲਾਰੇ ਸਨ,ਆਪਣੇ ਕਾਲਜ ਦੇ ਦਿਨਾਂ ਵਿਚ ਉਹਨਾਂ ਨੇ 1955ਈ. ਵਿਚ ਪੰਜਾਬੀ ਸਾਹਿਤ ਸਭਾ ,ਗੌਰਮਿੰਟ ਰਾਜਿੰਦਰਾ ਕਾਲਜ ਬਠਿੰਡਾ ,ਦਾ ਗਠਨ ਕੀਤਾ ਸੀ ਜੋ ਕਿ ਮਾਲਵੇ ਦੇ ਤਾਲੀਮੀ ਅਦਾਰਿਆਂ ਦੀਆਂ ਮੁਢਲੀਆਂ ਸਾਹਿਤ ਸਭਾਵਾਂ ਚੋਂ ਇੱਕ ਸੀ। ਕਹਿਣ ਦਾ ਮਤਲਬ ਏ ਪਈ ਅਮਰਜੀਤ ਹੋਰਾਂ ਨੂੰ ਸਾਹਿਤਿਕ ਤੇ ਜਥੇਬੰਦਕ ਸੋਝੀ ਪਰਿਵਾਰਕ ਮਾਹੌਲ ਵਿਚੋਂ ਈ ਹੋ ਗਈ ਸੀ ਤੇ ਇਹਨਾਂ ਕਾਲਜ ਦੇ ਦਿਨਾਂ ਵਿਚ ਛੋਟੇ ਛੋਟੇ ਗੀਤ ਲਿਖ ਕੇ ਦੋਸਤਾਂ ਦੇ ਰੂਬਰੂ ਕੀਤੇ,ਜਿਨ੍ਹਾਂ ਭਰਪੂਰ ਦਾਦ ਦੇਕੇ ਇਹਨਾਂ ਨੂੰ ਹੋਰ ਵੀ ਬਿਹਤਰ ਲਿਖਣ ਲਈ ਉਤਸ਼ਾਹਿਤ ਕੀਤਾ, ਇਸ ਤਰ੍ਹਾਂ ਉਹ ਸਾਹਿਤ ਨਾਲ਼ ਮੁਸਲਸਲ ਜੁੜੇ ਰਹੇ। ਫ਼ਿਰ ਮੈਡੀਕਲ ਕਾਲਜ ਤੋਂ ਡਿਪਲੋਮਾ ਇਨ ਫ਼ਾਰਮੇਸੀ ਕਰਕੇ ਇਹ ਬਤੌਰ ਫ਼ਾਰਮਾਸਿਸਟ ਸਿਹਤ ਦੇ ਮਹਿਕਮੇ ਵਿਚ ਭਰਤੀ ਹੋ ਗਏ,ਪਰ ਇਹਨਾਂ ਦਾ ਸਾਹਿਤਿਕ ਸਫ਼ਰ 2002ਈ. ਵਿਚ ਦਮਦਮਾ ਸਾਹਿਬ ਸਾਹਿਤ ਸਭਾ, ਤਲਵੰਡੀ ਸਾਬੋ ਨਾਲ਼ ਜੁੜਨ ਮਗਰੋਂ ਹੋਇਆ। ਇਹ ਗੀਤ ਭਾਵੇਂ ਪਹਿਲਾਂ ਹੀ ਲਿਖਦੇ ਸਨ, ਪਰ ਉੱਥੇ ਇਹਨਾਂ ਦਾ ਮੇਲ ਨਾਮਵਰ ਗ਼ਜ਼ਲਗ਼ੋ ਜਨਕ ਰਾਜ ਜਨਕ ਨਾਲ਼ ਹੋਇਆ,ਜਿਨ੍ਹਾਂ ਉਹਨਾਂ ਨੂੰ ਗ਼ਜ਼ਲ ਲਿਖਣ ਵੱਲ ਕੇਵਲ ਪ੍ਰੇਰਿਤ ਈ ਨਹੀਂ ਕੀਤਾ,ਸਗੋਂ ਇਹਨਾਂ ਦੀ ਗ਼ਜ਼ਲ ਗੋਈ ਵਿਚ ਰਾਹ ਨੁਮਾਈ ਵੀ ਕੀਤੀ। ਸਿਰੀ ਦਮਦਮਾ ਸਾਹਿਬ ਸਾਹਿਤ ਸਭਾ ਦੇ ਜਨਰਲ ਸੈਕਟਰੀ ਹੁੰਦਿਆਂ ਇਹ ਪਹਿਲੀ ਵਾਰ 2006ਈ. ਵਿਚ ਸਭਾ ਦੀ ਸਾਂਝੀ ਕਿਤਾਬ ‘ਕਲਮਾਂ ਦੀ ਸਾਂਝ’ ਵਿਚ ਛਪੇ ਤੇ ਫ਼ਿਰ ਇਹਨਾਂ ਪਿੱਛੇ ਮੁੜ ਕੇ ਨਹੀਂ ਵੇਖਿਆ,ਲਗਾਤਾਰ ਸਾਹਿਤਕ ਮੈਗਜ਼ੀਨਾਂ, ਅਖ਼ਬਾਰਾਂ ਦੇ ਸਾਹਿਤਕ ਅੰਕਾਂ ਵਿਚ ਛਪਦੇ ਰਹੇ।2014ਈ. ਵਿਚ ਇਹਨਾਂ ਦਾ ਪਹਿਲਾ ਗ਼ਜ਼ਲ ਪਰਾਗਾ ‘ਚਾਨਣ ਦਾ ਛਿੱਟਾ’ ਲੋਕ ਅਰਪਣ ਹੋਇਆ, 2023 ਈ. ਵਿਚ ਦੂਜਾ ਗ਼ਜ਼ਲ ਸੰਗ੍ਰਹਿ ‘ਬਦਲਦੇ ਮੌਸਮਾਂ ਅੰਦਰ’ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਤੇ ਹੁਣ ਤੀਜਾ ਗ਼ਜ਼ਲ ਸੰਗ੍ਰਹਿ ਛਾਪੇ ਚੜ੍ਹਨ ਵਾਲਾ ਹੈ।
ਸਾਹਿਤਿਕ ਤੰਜ਼ੀਮਾਂ: ਅਮਰਜੀਤ ਸਿੰਘ ਜੀਤ ਪੰਜਾਬੀ ਅਦਬ ਦੇ ਵਧਾ ਲਈ ਇਹਨਾਂ ਸਾਹਿਤਕ ਤੰਜ਼ੀਮਾਂ ਨਾਲ਼ ਜੁੜੇ ਹੋਏ ਨੇਂ:
1 ਦਮਦਮਾ ਸਾਹਿਬ ਸਾਹਿਤ ਸਭਾ ਤਲਵੰਡੀ ਸਾਬੋ ਦੇ ਜਨਰਲ ਸੈਕਟਰੀ ਰਹੇ ਤੇ ਹੁਣ ਚੇਅਰਮੈਨ ਨੇ।
2 ਪੰਜਾਬੀ ਸਾਹਿਤ ਸਭਾ ਬਠਿੰਡਾ ਦੇ ਸਕੱਤਰ, ਉਪ ਪ੍ਰਧਾਨ ਰਹੇ ਤੇ ਹੁਣ ਉਸ ਦੇ ਸੀਨੀਅਰ ਮੈਂਬਰ ਹਨ।
3 ਸਾਹਿਤ ਜਾਗਰਿਤੀ ਸਭਾ ਬਠਿੰਡਾ ਦੇ ਸੰਸਥਾਪਕ ਪ੍ਰਧਾਨ ਦੇ ਤੌਰ ਤੇ 2013ਈ. ਤੋਂ ਹੁਣ ਤੱਕ ਮੁਸਲਸਲ ਸੇਵਾ ਨਿਭਾ ਰਹੇ ਹਨ।
4 ਲਾਈਫ਼ ਮੈਂਬਰ ਕੇਂਦਰੀ ਪੰਜਾਬ ਲੇਖਕ ਸਭਾ।
5 ਲਾਈਫ਼ ਮੈਂਬਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ।
6 ਜ਼ਿਲ੍ਹਾ ਪ੍ਰਧਾਨ ਪੰਜਾਬੀ ਸਭਾ ਕਨੇਡਾ(ਜ਼ਿਲ੍ਹਾ ਬਠਿੰਡਾ ਇਕਾਈ )
ਇਸ ਤੋਂ ਇਲਾਵਾ ਜਥੇਬੰਦਕ ਤੌਰ ਤੇ ਕਾਲਜ ਦੀ ਸਟੂਡੈਂਟਸ ਐਸੋਸੀਏਸ਼ਨ ਤੋਂ ਲੈ ਕੇ ਮਹਿਕਮਾ ਸਿਹਤ ਵਿਚ ਪੰਜਾਬ ਰਾਜ ਫ਼ਾਰਮਾਸਿਸਟ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ, ਪਾਲਦੀ ਜ਼ਿਲ੍ਹਾ ਹੁਸ਼ਿਆਰਪਰ ,ਬਲਾਕ ਪ੍ਰਧਾਨ, ਸਰਦੂਲਗੜ੍ਹ ਜ਼ਿਲ੍ਹਾ ਮਾਨਸਾ,ਜ਼ਿਲਾ ਸੈਕਟਰੀ ਮਾਨਸਾ, ਜ਼ਿਲਾ ਸੈਕਟਰੀ ਬਠਿੰਡਾ, ਬਲਾਕ ਪ੍ਰਧਾਨ ਤਲਵੰਡੀ ਸਾਬੋ ਤੇ ਸਿਹਤ ਮਹਿਕਮਾ ਨਾਲ਼ ਸੰਬੰਧਤ ਹੋਰ ਜਥੇਬੰਦੀਆਂ ਦਾ ਹਿੱਸਾ ਬਣ ਦੇ ਰਹੇ ਹਨ।
ਸੇਵਾ ਮੁਕਤ ਹੋਣ ਬਾਅਦ ਹੁਣ ਪੱਕੇ ਤੌਰ ਅਤੇ ਸਾਹਿਤਕ ਕਾਰਜਾਂ ਵਿਚ ਜੁਟੇ ਹੋਏ ਹਨ। ਇਹ ਪੰਜਾਬੀ ਸ਼ਾਹਮੁਖੀ ਤੇ ਗੁਰਮੁਖੀ ਦੋਵਾਂ ਲਿੱਪੀਆਂ ਦੇ ਜਾਣਕਾਰ ਹਨ।ਉਹ ਲਿਪੀਅੰਤਰਣ ਰਾਹੀਂ ਮਾਂ ਬੋਲੀ ਦੇ ਸੇਵਾ ਕਰ ਰਹੇ ਨੇ।ਪਰਿਵਰਕ ਤੌਰ ਅਤੇ ਇਹਨਾਂ ਦੀ ਜੀਵਨ ਸਾਥਣ ਸੁਰਾਜ ਕੌਰ ,ਵੱਡਾ ਪੁੱਤਰ ਹਰਸਿਮਰਨ ਸਿੰਘ ਮਸੌਣ ਕੈਨੇਡਾ ਵਿਖੇ ਮਾਸਟਰ ਇਨ ਇੰਜਨੀਅਰ ਏ,ਨਿੱਕਾ ਪੁੱਤਰ ਡਾਕਟਰ ਪਰਮਪ੍ਰੀਤ ਸਿੰਘ ਐਮ ਡੀ ਮੈਡੀਸਨ , ਸਾਹਿਤ ਨਾਲ਼ ਈ ਜੁੜੇ ਹੋਏ ਹਨ।
ਅਮਰਜੀਤ ਸਿੰਘ ਜੀਤ ਦੀ ਇਕ ਪੰਜਾਬੀ ਗ਼ਜ਼ਲ ਵੇਖੋ:
ਜਦ ਹੋਵੇ ਸਾਂਝ ਵਿਚਾਰਾਂ ਦੀ।
ਫ਼ਿਰ ਢਾਣੀ ਜੁੜਦੀ ਯਾਰਾਂ ਦੀ।
ਦਾਨਸ਼ਮੰਦਾਂ ਦੀ ਮਹਿਫ਼ਲ ਵਿਚ,
ਗੱਲ ਛਿੜਦੀ ਹੈ ਕਿਰਦਾਰਾਂ ਦੀ।
ਅੱਜ ਕਾਂ ਕੁੱਤੇ ਤੇ ਗਿਰਝਾਂ ਨੂੰ,
ਤਾਂ ਲੋੜ ਹੈ ਬਸ ਮੁਰਦਾਰਾਂ ਦੀ।
ਉਹ ਕੌਮ ਹੀ ਰੁਲ਼ ਖੁਲ ਜਾਂਦੀ ਹੈ,
ਜਿਹਨੂੰ ਕਦਰ ਨਹੀਂ ਸਰਦਾਰਾਂ ਦੀ।
ਪੰਜਾਬ ਦੀ ਵਿਗੜੀ ਹਾਲਤ ਜੋ,
ਇਹ ਗ਼ਲਤੀ ਹੈ ਸਰਕਾਰਾਂ ਦੀ।
ਇਹ ਬੁਰੇ ਹਾਲਾਤ ਵੀ ਨਈਂ ਰਹਿਣੇ,
ਜਦ ਚੱਲੂ ਲਹਿਰ ਸੁਧਾਰਾਂ ਦੀ।
ਧਰਤੀ ‘ਤੇ ਅੰਮ੍ਰਿਤ ਵਰਸੇਗਾ,
ਆਵੇਗੀ ਰੁੱਤ ਬਹਾਰਾਂ ਦੀ।
‘ਜੀਤ’ ਨਾ ਰੰਗ ਵਿੱਚ ਭੰਗ ਪਾਈਏ,
ਗੱਲ ਕਰੀਏ ਨਾ ਤਕਰਾਰਾਂ ਦੀ।
ਇਕ ਹੋਰ ਪੰਜਾਬੀ ਗ਼ਜ਼ਲ ਦਾ ਰੰਗ ਵੇਖੋ:
ਸਿਖਰ ਦੁਪਹਿਰੇ ਕਿੰਨੇ ਹੀ ਰੰਗ ਛਲ ਜਾਂਦੇ ਨੇ।
ਸੂਰਜ ਢਿੱਲੀਆਂ , ਪਰਛਾਵੇਂ ਵੀ ਢਲ ਜਾਂਦੇ ਨੇ
ਪੰਛੀ ਰਿਜ਼ਕ ਜਮ੍ਹਾਂ ਨਈਂਓ ਕਰਦੇ ਕਿਧਰੇ ਵੀ,
ਆਖ਼ਿਰ ਬੋਟ ਤਾਂ ਉਹਨਾਂ ਦੇ ਵੀ ਪਲ ਜਾਂਦੇ ਨੇ।
ਜੋ ਚਿੱਤ ਚੇਤੇ ਨਈਂ ਹੁੰਦਾ ਉਹ ਵੀ ਹੋ ਜਾਂਦੈ,
ਕਈ ਬਣਦੇ ਬਣਦੇ ਮੌਕੇ ਵੀ ਟਲ਼ ਜਾਂਦੇ ਨੇ।
ਹਾਲਤ ਉੱਤੇ ਜਦ ਵੀ ਕਾਬੂ ਨਈਂ ਰਹਿੰਦਾ,
ਸਾਂਭ ਸਾਂਭ ਕੇ ਰੱਖੇ ਫਲ਼ ਵੀ ਗਲ ਜਾਂਦੇ ਨੇ।
ਸਾਹਾਂ ਨਾਲੋਂ ਨੇੜੇ ਜੋ ਸਾਕ ਸਕੇ ਜਾਪਣ ,
ਔਖੇ ਵੇਲੇ ਗ਼ੈਰਾਂ ਸੰਗ ਉਹ ਰਲ਼ ਜਾਂਦੇ ਨੇ।
ਸਹਿਜ ਸਭਾ ਵਾਲੇ ਤਪਸ਼ ਨੂੰ ਠਾਰ ਕੇ ਧਰ ਦੇਵਣ,
ਗ਼ੁੱਸੇ ਖ਼ੋਰੇ ਬਿਨ ਅਗਨੀ ਤੋਂ ਜਲ਼ ਜਾਂਦੇ ਨੇ।
ਅਨੁਸ਼ਾਸਨ ਵਿਚ ਲੜੀਏ ਭਾਂਵੇ ਲੱਖ ਵਾਰੀ,
ਜੰਗਲ਼ ਰਾਜ ‘ਚ ਖਹਿ ਕੇ ਰੱਖ ਵੀ ਬਲ ਜਾਂਦੇ ਨੇ।
ਉਹ ਹਾਕਮ ਹੱਲ ਕਰਨਗੇ ਮਸਲੇ ਦੱਸ ਕਿੱਦਾਂ,
ਜੀਤ ਜੋ ਮੁੱਦੇ ਚੁੱਕਿਆਂ ਜੀਭ ਹੀ ਮਲ ਜਾਂਦੇ ਨੇ ।
ਇਜਾਜ਼ਾਤ: ਆਪ ਦੀਆਂ ਅਦਬੀ ਖ਼ਿਦਮਾਤਾਂ ਦੇ ਐਤਰਾਫ਼ ਵਿਚ ਇਨ੍ਹਾਂ ਇਜ਼ਾਜ਼ਾਤ ਤੋਂ ਨਿਵਾਜ਼ਿਆ ਗਿਆ:
1 ਡੀ ਏ ਵੀ ਵੈਸ਼ ਸੀਨੀਅਰ ਸੈਕੰਡਰੀ ਸਕੂਲ ਗਿਦੜ੍ਹਬਾਹਾ ਦੀ 100ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਸਨਮਾਨ
2 ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਵਿਸ਼ੇਸ਼ ਸਨਮਾਨ
3 ਵਿਸ਼ਵ ਪੰਜਾਬੀ ਸਾਹਿਤ ਕਲਾ ਕੇਂਦਰ ਬਟਾਲਾ ਵੱਲੋਂ ਵਿਸ਼ੇਸ਼ ਸਨਮਾਨ
4 ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਵੱਲੋਂ ਵਿਸ਼ੇਸ਼ ਸਨਮਾਨ
5 ਸਾਹਿਤ ਜਾਗ੍ਰਿਤੀ ਸਭਾ ਬਠਿੰਡਾ ਵੱਲੋਂ ਵਿਸ਼ੇਸ਼ ਸਨਮਾਨ
6 ਮਾਲਵਾ ਹੈਰੀਟੇਜ ਫ਼ਾਊਂਡੇਸ਼ਨ ਬਠਿੰਡਾ ਵੱਲੋਂ ਵਿਸ਼ੇਸ਼ ਸਨਮਾਨ
7 ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਵਿਸ਼ੇਸ਼ ਸਨਮਾਨ ਦੂਸਰੀ ਵਾਰ
8 ਸਾਂਝਾਂ ਪਿਆਰ ਦੀਆਂ ਅੰਤਰਰਾਸ਼ਟਰੀ ਪੰਜਾਬੀ ਸਾਹਿਤਿਕ ਮੰਚ ਵੱਲੋਂ ਵਿਸ਼ੇਸ਼ ਸਨਮਾਨ
9 ਪੰਜਾਬੀ ਲੇਖਕ ਕਲਾਕਾਰ ਸੁਸਾਇਟੀ ,ਲੁਧਿਆਣਾ ਵੱਲੋਂ ਵਿਸ਼ੇਸ਼ ਸਨਮਾਨ
10 ਪੰਜਾਬੀ ਟੀਮ ਬਠਿੰਡਾ ਵੱਲੋਂ ਵਿਸ਼ੇਸ਼ ਸਨਮਾਨ
11 ਪੰਜਾਬੀ ਸੇਵਕ ਐਵਾਰਡ, ਬੁਲ੍ਹੇ ਸ਼ਾਹ ਅਦਬੀ ਸੰਗਤ ਰਜਿਸਟਰਡ ਕਸੂਰ, 2025ਈ.
ਇਸ ਤੋਂ ਇਲਾਵਾ ਹੋਰ ਅਨੇਕਾਂ ਮਾਣ ਸਨਮਾਨ ਸਾਹਿਤ ਸਭਾਵਾਂ ਵੱਲੋਂ ਵੀ ਬਖ਼ਸ਼ੇ ਗਏ ਹਨ।
ਅੰਤ ਵਿਚ ਮੈਂ ਕਾਮਨਾ ਕਰਦਾ ਹਾਂ ਕਿ ਅਮਰਜੀਤ ਸਿੰਘ ਜੀਤ ਆਪਣੇ ਸਾਹਿਤਕ ਤੇ ਸਮਾਜਿਕ ਕਾਰਜਾਂ ਨੂੰ ਏਦਾਂ ਹੀ ਮੁਸਲਸਲ ਜਾਰੀ ਰੱਖੇ ਅਤੇ ਸਾਹਿਤ ਅਤੇ ਨਰੋਏ ਸਮਾਜ ਦੀ ਸਿਰਜਣਾ ਹਿੱਤ ਆਪਣਾ ਭਰਵਾਂ ਯੋਗਦਾਨ ਪਾਉਂਦਾ ਰਹੇ।
ਆਮੀਨ!
ਡਾਕਟਰ ਮੁਹੰਮਦ ਰਿਆਜ਼ ਅੰਜੁਮ
ਸਦਰ,ਬਾਬਾ ਬੁੱਲ੍ਹੇਸ਼ਾਹ ਅਦਬੀ ਸੰਗਤ, ਕਸੂਰ
ਲਹਿੰਦਾ ਪੰਜਾਬ (ਪਾਕਿਸਤਾਨ)
ਡਾਕਟਰ ਮੁਹੰਮਦ ਰਿਆਜ਼ ਅੰਜੁਮ, ਸਦਰ ਬਾਬਾ ਬੁੱਲ੍ਹੇਸ਼ਾਹ ਅਦਬੀ ਸੰਗਤ ਕਸੂਰ (ਪਾਕਿਸਤਾਨ)