ਅੰਮ੍ਰਿਤਸਰ (ਸਮਾਜ ਵੀਕਲੀ): ਭਾਰਤ ਦੇ ਚੀਫ ਜਸਟਿਸ ਐੱਨ ਵੀ ਰਾਮੰਨਾ ਨੇ ਆਖਿਆ ਕਿ ਅਸੀਂ ਆਪਸੀ ਏਕਤਾ ਨਾਲ ਹੀ ਸਥਾਈ ਸ਼ਾਂਤੀ ਤੇ ਤਰੱਕੀ ਕਰ ਸਕਦੇ ਹਾਂ। ਉਨ੍ਹਾਂ ਅੱਜ ਦੇਸ਼ ਵੰਡ ਨਾਲ ਸਬੰਧਤ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਦੁਰਗਿਆਣਾ ਮੰਦਿਰ ਵੀ ਮੱਥਾ ਟੇਕਿਆ। ਉਹ ਅੱਜ ਸ਼ਾਮ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੋਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦਾਇਗੀ ਦਿੰਦਿਆਂ ਮੁੜ ਆਉਣ ਦਾ ਸੱਦਾ ਦਿੱਤਾ।
ਪਾਰਟੀਸ਼ਨ ਮਿਊਜ਼ੀਅਮ ਵਿੱਚ ਉਨ੍ਹਾਂ ਆਪਣੀਆਂ ਭਾਵਨਾਵਾਂ ਦਰਜ ਕਰਦਿਆਂ ਲਿਖਿਆ,‘‘ਇਸ ਮਿਊਜ਼ੀਅਮ ਵਿੱਚ ਸ਼ਾਮਲ ਯਾਦਾਂ ਸਾਨੂੰ ਸਾਡੇ ਦੁਖਦਾਈ ਅਤੀਤ ਨੂੰ ਯਾਦ ਕਰਾਉਂਦੀਆਂ ਰਹਿਣਗੀਆਂ। ਕਿਸੇੇ ਵੀ ਤਰ੍ਹਾਂ ਦੀ ਵੰਡ ਹੋਵੇ, ਉਸ ਤੋਂ ਹਮੇਸ਼ਾਂ ਚੌਕਸ ਰਹਿਣ ਦੀ ਲੋੜ ਹੈ ਤੇ ਅਸੀਂ ਆਪਸੀ ਏਕਤਾ ਨਾਲ ਹੀ ਸ਼ਾਂਤੀ ਅਤੇ ਤਰੱਕੀ ਕਰ ਸਕਦੇ ਹਾਂ। ਅਜਾਇਬ ਘਰ ਵਿਚ ਸਥਾਪਤ ਯਾਦਾਂ ਦਰਸਾਉਂਦੀਆਂ ਹਨ ਕਿ ਕਿਵੇਂ ਮਨੁੱਖਤਾ ਨੂੰ ਵੰਡ ਦਾ ਦਰਦ ਹੰਢਾਉਣਾ ਪਿਆ। ਇਤਿਹਾਸ ਦਾ ਇਹ ਕਾਲਾ ਪੰਨਾ ਸਮੁੱਚੀ ਮਨੁੱਖਤਾ ਨੂੰ ਇਕ ਸਬਕ ਦਿੰਦਾ ਹੈ ਕਿ ਮਨੁੱਖ ਹਰ ਤਰ੍ਹਾਂ ਦੀ ਵੰਡ ਤੋਂ ਚੌਕਸ ਰਹਿਣ।’’ ਹਵਾਈ ਅੱਡੇ ਤੋਂ ਵਾਪਸੀ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਨਿੱਘੀ ਵਿਦਾਇਗੀ ਦਿੱਤੀ ਅਤੇ ਮੁੜ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕੁਝ ਸਮਾਂ ਚੀਫ ਜਸਟਿਸ ਨਾਲ ਗੱਲਬਾਤ ਕੀਤੀ ਤੇ ਅੰਮ੍ਰਿਤਸਰ ਯਾਤਰਾ ਬਾਰੇ ਉਨ੍ਹਾਂ ਦੇ ਅਨੁਭਵ ਸੁਣੇ। ਚੀਫ ਜਸਟਿਸ ਨੇ ਇਸ ਯਾਤਰਾ ਨੂੰ ਯਾਦਗਾਰੀ ਦੱਸਦਿਆਂ ਅੰਮ੍ਰਿਤਸਰੀਆਂ ਵੱਲੋਂ ਕੀਤੀ ਪ੍ਰਹੁਣਚਾਰੀ ਦੀ ਸ਼ਲਾਘਾ ਕੀਤੀ।
ਉਨ੍ਹਾਂ ਮੁੱਖ ਮੰਤਰੀ ਨੂੰ ਪੰਜਾਬ ਦੀ ਅਗਵਾਈ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਮੁੱਖ ਮੰਤਰੀ ਨੇ ਪੰਜਾਬ ਦੇ ਵਿਕਾਸ ਲਈ ਉਲੀਕੀਆਂ ਕੁਝ ਯੋਜਨਾਵਾਂ ਵੀ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ। ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਤੇ ਹੋਰ ਅਧਿਕਾਰੀ ਹਾਜ਼ਰ ਸਨ। ਬੀਤੀ ਰਾਤ ਚੀਫ ਜਸਟਿਸ ਨੇ ਪਰਿਵਾਰ ਸਣੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਸੀ। ਉਹ ਲਗਪਗ ਦੋ ਘੰਟੇ ਗੁਰੂ ਘਰ ਰਹੇ। ਗੁਰਬਾਣੀ ਦਾ ਕੀਰਤਨ ਸੁਣਿਆ ਅਤੇ ਲੰਗਰ ਵੀ ਛਕਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly