ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਪੰਜਾਬ ਦੇ ਨੌਜਵਾਨ ਆਏ ਦਿਨ ਚਿੱਟੇ ਵਰਗੇ ਭਿਆਨਕ ਨਸ਼ੇ ਦੀ ਦਲਦਲ ਵਿੱਚ ਧਸਦੇ ਜਾ ਰਹੇ ਹਨ।ਇਹ ਉਸ ਸਮੇਂ ਹੋਰ ਵੀ ਖਤਰਨਾਕ ਹੋ ਜਾਂਦਾ ਜਦੋਂ ਕੌਮ ਦਾ ਸਰਮਾਇਆ ਸਾਡੇ ਖਿਡਾਰੀ ਇਸ ਕੌਹੜ ਦੇ ਰੋਗੀ ਹੋ ਜਾਣ । ਪਿਛਲੇ ਪੰਜ ਸਾਲ ਤੋਂ ਕਬੱਡੀ ਵਿਸ਼ਵ ਕੱਪ ਵਰਗੇ ਖੇਡ ਸਮਾਰੋਹ ਅਤੇ ਕਰੋਨਾ ਕਾਰਨ ਆਈ ਖੜੋਤ ਨੇ ਸਾਡੀ ਨੌਜਵਾਨ ਪੀੜੀ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਵਿੱਚ ਨਸ਼ਾ ਪੂਰੀ ਤਰਾਂ ਪੈਰ ਪਸਾਰ ਚੁੱਕਿਆ ਹੈ। ਨਸ਼ੇ ਦੇ ਪ੍ਰਕੋਪ ਤੋਂ ਬਚਣ ਲਈ ਨੌਜਵਾਨਾ ਵਿਚ ਖੇਡ ਜਗਿਆਸਾ ਜਰੂਰੀ ਹੈ।
ਪੰਜਾਬ ਦੀ ਹਰਮਨ ਪਿਆਰੀ ਖੇਡ ਕਬੱਡੀ ਨੂੰ ਪਿਛਲੀ ਅੱਧੀ ਸਦੀ ਤੋਂ ਧੜੱਲੇਦਾਰ ਤਰੀਕੇ ਨਾਲ ਅੱਗੇ ਵਧਾ ਰਹੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਸੁਰਜਨ ਸਿੰਘ ਚੱਠਾ ਨੇ ਪਿਛਲੇ ਦਿਨੀ ਇੱਕ ਨਿੱਜੀ ਚੈਨਲ ਦੁਆਰਾ ਇੱਕ ਕਬੱਡੀ ਖਿਡਾਰੀ ਨੂੰ ਨਸ਼ੇ ਦੀ ਹਾਲਤ ਵਿਚ ਪੈਸੇ ਮੰਗਣ ਵਰਗੀ ਸ਼ਰਮਨਾਕ ਘਟਨਾ ਤੇ ਦੁੱਖ ਪ੍ਰਗਟ ਕੀਤਾ ਹੈ । ਇਸ ਵਰਤਾਰੇ ਦੇ ਚੱਲਦਿਆ ਚੱਠਾ ਨੇ ਪੰਜਾਬ ਦੀਆਂ ਸਾਰੀਆਂ ਖੇਡ ਧਿਰਾ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕਬੱਡੀ ਨੂੰ ਬਚਾਉਣ ਲਈ ਸਾਨੂੰ ਇੱਕ ਮੰਚ ਤੇ ਇਕੱਤਰ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਵਿਚਾਰਾਂ ਦਾ ਵੱਖਰੇਵਾ ਹੋ ਸਕਦਾ ਹੈ। ਪਰ ਨਿਸ਼ਾਨਾ ਸਭ ਦਾ ਕਬੱਡੀ ਨੂੰ ਪ੍ਰਫੁੱਲਿਤ ਕਰਨ ਵਾਲਾ ਹੋਣਾ ਚਾਹੀਦਾ ਹੈ।ਸਭ ਨੂੰ ਵਿਸ਼ਵ ਕਬੱਡੀ ਡੋਪਿੰਗ ਕਮੇਟੀ ਦੇ ਨਿਯਮਾ ਅਨੁਸਾਰ ਕੰਮ ਕਰਨਾ ਚਾਹੀਦਾ ਹੈ। ਅਜੋਕੇ ਦੌਰ ਵਿੱਚ ਕਰੋਨਾ ਕਾਲ ਵਿੱਚ ਸਾਨੂੰ ਕਬੱਡੀ ਕੱਪ ਕਰਾਉਣ ਲਈ ਵੀ ਬਦਲਵੇ ਪ੍ਰਬੰਧ ਕਰਨੇ ਚਾਹੀਦੇ ਹਨ।
ਪੰਜਾਬ ਸਰਕਾਰ ਦਾ ਖੇਡ ਵਿਭਾਗ ਸੁਸਤ ਚਾਲ ਚੱਲ ਰਿਹਾ ਹੈ। ਸਰਕਾਰ ਆਪਣੇ ਨੌਜਵਾਨਾ ਨੂੰ ਰੁਜ਼ਗਾਰ ਦੇਣ ਅਤੇ ਢੁੱਕਵੇ ਖੇਡ ਪ੍ਰਬੰਧ ਕਰਨ ਵਿਚ ਅਸਫਲ ਰਹੀ ਹੈ। ਉਹਨਾ ਦੁਨੀਆ ਭਰ ਦੇ ਖੇਡ ਪ੍ਰਮੋਟਰਾ ਨੂੰ ਅਪੀਲ ਕੀਤੀ ਕਿ ਉਹ ਕਬੱਡੀ ਦੇ ਮੈਚ ਕਰਾਉਣ ਦੇ ਨਾਲ ਨਾਲ ਕੁਰਾਹੇ ਪਈ ਜਵਾਨੀ ਨੂੰ ਬਚਾਉਣ ਲਈ ਵੀ ਕੰਮ ਕਰਨ। ਕਬੱਡੀ ਵਿੱਚ ਪੈਸੇ ਦੀ ਅੰਨੀ ਭਰਮਾਰ ਨੇ ਸਾਡੇ ਨੌਜਵਾਨ ਵਿਗਾੜ ਦਿੱਤੇ ਹਨ। ਕਬੱਡੀ ਨੂੰ ਬਚਾਉਣ ਲਈ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਸਭ ਨਾਲ ਮਿਲ ਬੈਠ ਕੇ ਸਾਂਝਾ ਪ੍ਰੋਗਰਾਮ ਬਣਾਉਣ ਲਈ ਤਿਆਰ ਹੈ । ਇੱਕ ਮੰਚ ਇੱਕ ਸੰਵਿਧਾਨ ਤੋਂ ਬਿੰਨਾ ਅਸੀਂ ਅੱਗੇ ਵਧਣ ਵਿਚ ਅਸਫਲ ਹਾਂ। ਯਾਦ ਰਹੇ ਕਿ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਪਿਛਲੇ ਦੋ ਦਹਾਕਿਆ ਤੋਂ ਸਰਗਰਮੀ ਨਾਲ ਕਬੱਡੀ ਨੂੰ ਪ੍ਰਫੁੱਲਿਤ ਕਰਨ ਲਈ ਕੰਮ ਕਰ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly