ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਸੁਹਿਰਦ ਅਧਿਆਪਕਾ : ਸਟੇਟ ਐਵਾਰਡੀ ਮੈਡਮ ਸਤਨਾਮ ਕੌਰ

(ਸਮਾਜ ਵੀਕਲੀ) 

ਮਾਸਟਰ ਸੰਜੀਵ ਧਰਮਾਣੀ

ਹਰ ਸਖਸ਼ ਜਹਾਂ ਮੇਂ ਵਸਤਾ ਹੈ

ਕੋਈ ਰੋਤਾ ਹੈ ਕੋਈ ਹੰਸਤਾ ਹੈ
ਜੋ ਦੂਸਰੋਂ ਕੇ ਲੀਏ ਜੀਤਾ ਹੈ
ਵਹੀ ਸਭ ਕੇ ਦਿਲ ਮੇਂ ਵਸਤਾ ਹੈ “
ਆਮ ਤੌਰ ‘ਤੇ ਇਨਸਾਨ ਆਪਣੇ ਜੀਵਨ ਵਿੱਚ ਕਿਸੇ ਮੰਜ਼ਿਲ ਦੀ ਪ੍ਰਾਪਤੀ ਦੇ ਲਈ ਕਾਫ਼ੀ ਯਤਨ ਕਰਦਾ ਹੈ ਅਤੇ ਪਰਮਾਤਮਾ ਦੀ ਮਿਹਰ ਤੇ ਆਪਣੀ ਮਿਹਨਤ ਦੇ ਨਾਲ਼ ਮੰਜ਼ਿਲ ਦੀ ਪ੍ਰਾਪਤੀ ਵਿੱਚ ਸਫਲ ਵੀ ਹੋ ਜਾਂਦਾ ਹੈ , ਪਰ ਸਫਲ ਹੋਣ ਤੋਂ ਬਾਅਦ ਬਹੁਤ ਘੱਟ ਹੀ ਇਨਸਾਨ ਹੁੰਦੇ ਹਨ ਜੋ ਆਪਣੇ ਕਰਮ , ਆਪਣੇ ਫਰਜ , ਆਪਣੇ ਪੱਥ ‘ਤੇ ਸਮਰਪਿਤ – ਭਾਵ ਦੇ ਨਾਲ਼ ਅਗ੍ਰਸਰ ਰਹਿੰਦੇ ਹੋਏ ਆਪਣੀ ਕਿਰਿਆਸ਼ੀਲਤਾ ਬਰਕਰਾਰ ਰੱਖਦੇ ਨੇ ਤੇ ਪਰਉਪਕਾਰ ਦੀ ਭਾਵਨਾ ਨਾਲ਼ ਆਪਣੇ ਕਿੱਤੇ ਤੇ ਸਮਾਜ ਦੀ ਸੇਵਾ ਕਰਨ ਪ੍ਰਤੀ ਕਰਮਵਾਦੀ ਬਣੇ ਰਹਿੰਦੇ ਹਨ। ਪਰ ਜੇ ਕੋਈ ਅਜਿਹਾ ਕੁਝ ਕਰਦਾ ਹੈ ਤਾਂ ਉਹ ਇਨਸਾਨ ਕੇਵਲ ਇਨਸਾਨ ਹੀ ਨਹੀਂ ; ਸਗੋਂ ਇੱਕ ਰੱਬੀ – ਫਰਿਸ਼ਤਾ ਹੀ ਹੁੰਦਾ ਹੈ , ਜਿਸ ਨੇ ਮਾਨਵਤਾ , ਲੋੜਵੰਦਾਂ , ਸਮਾਜ ਤੇ ਆਪਣੇ ਕਰਮ ਪ੍ਰਤੀ ਆਪਣਾ ਤਨ , ਮਨ ਤੇ ਧਨ ਸਮਰਪਿਤ ਕੀਤਾ ਹੋਇਆ ਹੁੰਦਾ ਹੈ। ਅਜਿਹੇ ਇਨਸਾਨ ਦੂਸਰਿਆਂ ਦੇ ਲਈ ਵੀ ਰਾਹ – ਦਸੇਰਾ ਬਣਦੇ ਹਨ। ਅਜਿਹੇ ਹੀ ਮਹਾਨ ਗੁਣਾਂ ਦੇ ਮਾਲਕ , ਆਪਣੇ ਵਿੱਦਿਆ ਦੇ ਪਵਿੱਤਰ ਕਿੱਤੇ ਪ੍ਰਤੀ ਸਮਰਪਿਤ ਤੇ ਰੱਬੀ – ਰੂਹ ਦੇ ਮਾਲਿਕ ਜੋ ਹਮੇਸ਼ਾ ਨਿਸ਼ਕਾਮ ਮਿਹਨਤ ਕਰਦੇ ਰਹਿੰਦੇ ਹਨ , ਉਹ ਹਨ : ਸਟੇਟ ਐਵਾਰਡੀ ਮੈਡਮ ਸਤਨਾਮ ਕੌਰ। ਮੈਡਮ ਸਤਨਾਮ ਕੌਰ ਦਾ ਜਨਮ 12 ਫਰਵਰੀ 1988 ਨੂੰ ਪਿੰਡ ਸਜਮੌਰ ( ਜ਼ਿਲ੍ਹਾ ਰੂਪਨਗਰ ) ਵਿਖੇ ਮਾਤਾ ਸ਼੍ਰੀਮਤੀ ਰਾਣੀ ਅਤੇ ਪਿਤਾ ਸਾਬਕਾ ਸਰਪੰਚ ਸ. ਰਾਮਪਾਲ ਸਿੰਘ ਸਹਿਗਲ ਦੇ ਘਰ ਹੋਇਆ। ਮੈਡਮ ਸਤਨਾਮ ਕੌਰ ਅੱਜਕਲ੍ਹ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰਾਏਪੁਰ ਸਾਹਨੀ ( ਜ਼ਿਲ੍ਹਾ ਰੂਪਨਗਰ ) ਵਿਖੇ ਸੇਵਾ ਨਿਭਾਅ ਰਹੇ ਹਨ। ਇਹਨਾਂ ਦਾ ਆਪਣੇ ਸਕੂਲ , ਆਪਣੇ ਪਾਵਨ ਕਿੱਤੇ ਤੇ ਆਪਣੇ ਵਿਦਿਆਰਥੀਆਂ ਪ੍ਰਤੀ ਲਗਨ , ਸਮਰਪਣ – ਭਾਵ  , ਸਨੇਹ ਤੇ ਪਿਆਰ ਹੋਰ ਅਧਿਆਪਕਾਂ ਲਈ ਇੱਕ ਉਦਾਹਰਨ ਹੈ। ਮੈਡਮ ਸਤਨਾਮ ਕੌਰ ਦੀ ਹਮੇਸ਼ਾ ਦਿਲੋਂ ਇਹ ਕੋਸ਼ਿਸ਼ ਰਹੀ ਹੈ ਕਿ ਜਿੱਥੇ ਪੜ੍ਹਾਈ ਵਿੱਚ ਵਿਦਿਆਰਥੀਆਂ ਨੂੰ ਅੱਵਲ ਬਣਾਇਆ ਜਾ ਸਕੇ , ਉੱਥੇ ਹੀ ਉਹਨਾਂ ਨੂੰ ਹਰ ਗਤੀਵਿਧੀ ਵਿੱਚ ਵੀ ਭਾਗੀਦਾਰ ਬਣਾ ਕੇ ਉਹਨਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ , ਹਰ ਖੇਤਰ ਵਿੱਚ ਉਹਨਾਂ ਨੂੰ ਅੱਗੇ ਲਿਆਂਦਾ ਜਾ ਸਕੇ ਤੇ ਸਕੂਲ ਨੂੰ ਮੋਹਰੀ ਬਣਾਇਆ ਜਾ ਸਕੇ। ਸਟੇਟ ਐਵਾਰਡੀ ਮੈਡਮ ਸਤਨਾਮ ਕੌਰ ਦੇ ਸਕੂਲ ਦੇ ਵਿਦਿਆਰਥੀ ਹਰ ਤਰ੍ਹਾਂ ਦੇ ਮੁਕਾਬਲਿਆਂ ਜਿਵੇਂ ਕਿ ਡਰਾਇੰਗ , ਪੇਂਟਿੰਗ , ਭਾਸ਼ਣ , ਸੁੰਦਰ ਲਿਖਾਈ , ਕਵਿਤਾ ਲਿਖਣ – ਗਾਇਨ ਅਤੇ ਹੋਰ ਵੀ ਹਰ ਪੱਧਰ ਦੇ ਬਹੁਤ ਸਾਰੇ ਮੁਕਾਬਲਿਆਂ ਵਿੱਚ ਵੱਧ – ਚੜ੍ਹ ਕੇ ਆਪਣੀ ਭਾਗੀਦਾਰੀ ਦਰਜ ਕਰਵਾਉਂਦੇ ਹਨ ਤੇ ਵੱਖ – ਵੱਖ ਖੇਤਰਾਂ ਵਿੱਚ ਮੱਲਾਂ ਵੀ ਮਾਰਦੇ ਹਨ , ਜੋ ਕਿ ਆਮ ਹੀ ਦੇਖਣ ਨੂੰ ਵੀ ਮਿਲਦਾ ਹੈ। ਬੀ.ਐਸਸੀ. ਪਾਸ ਮੈਡਮ ਸਤਨਾਮ ਕੌਰ ਆਪਣੀਆਂ ਪ੍ਰਾਪਤੀਆਂ ਦੇ ਲਈ ਆਪਣੇ ਜੀਵਨ ਸਾਥੀ ਵਾਤਾਵਰਨ – ਪ੍ਰੇਮੀ ਸ. ਸੁਖਜੀਤ ਸਿੰਘ ਕੈਂਥ ਸਪੁੱਤਰ ਸ. ਮੋਹਨ ਸਿੰਘ ਕੈੰਥ ( ਉੱਘੇ ਸਮਾਜ – ਸੇਵੀ ) ਦੇ ਭਰਪੂਰ ਸਹਿਯੋਗ ਦੀ ਵੀ ਬਹੁਤ ਤਾਰੀਫ ਕਰਦੇ ਹਨ ਅਤੇ ਆਪਣੇ ਚਾਚਾ ਸ.ਰਣਜੀਤ ਸਿੰਘ ਜੇ.ਈ.( ਬਿਜਲੀ ਬੋਰਡ ) ਦੇ ਬਹੁਮੁੱਲੇ ਮਾਰਗਦਰਸ਼ਨ ਦੀ ਵੀ ਦਿਲੋਂ ਤਾਰੀਫ਼ ਕਰਦੇ ਹਨ। ਸਟੇਟ ਐਵਾਰਡੀ ਮੈਡਮ ਸਤਨਾਮ ਕੌਰ ਦੱਸਦੇ ਹਨ ਕਿ ਪਹਿਲਾਂ ਉਹਨਾਂ ਦਾ ਰੁਝਾਨ ਡਾਕਟਰ ਬਣਨ ਦਾ ਸੀ , ਪਰ ਕਿਸਮਤ ਨੇ ਉਹਨਾਂ ਨੂੰ ਬਹੁਤ ਹੀ ਪਾਵਨ – ਪਵਿੱਤਰ ਅਧਿਆਪਨ ਦੇ ਕਿੱਤੇ ਨਾਲ ਜੋੜਿਆ , ਜਿੱਥੋਂ ਉਹਨਾਂ ਨੂੰ ਬੱਚਿਆਂ ਨਾਲ਼ ਜੁੜ ਕੇ ਸਕੂਨ ਮਿਲ਼ਦਾ ਹੈ ਤੇ ਬੱਚਿਆਂ ਦੇ ਨਾਲ਼ ਜੁੜ ਕੇ ਉਹ ਬਹੁਤ ਕੁਝ ਨਵਾਂ – ਨਰੋਆ ਆਪਣੇ ਵਿਦਿਆਰਥੀਆਂ ਦੇ ਲਈ ਕਰ ਵੀ ਰਹੇ ਹਨ। ਉਨਾਂ ਦੀਆਂ ਸਮਾਜ , ਸਾਹਿਤ ਅਤੇ ਖਾਸ ਤੌਰ ‘ਤੇ ਸਿੱਖਿਆ ਦੇ ਖੇਤਰ ਵਿੱਚ ਨਿਰੰਤਰ ਕੀਤੀਆਂ ਵਿਸ਼ੇਸ਼ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਦੇ ਲਈ ਸੰਨ 2022 ਵਿੱਚ ਮੁੱਖ ਮੰਤਰੀ , ਪੰਜਾਬ ਸਰਕਾਰ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਉਹਨਾਂ ਨੂੰ ਸਟੇਟ ਐਵਾਰਡ ਦੇ ਕੇ ਨਿਵਾਜਿਆ ਗਿਆ ; ਜੋ ਕਿ ਉਹਨਾਂ ਦੀ ਜ਼ਿੰਦਗੀ ਦੀ ਹੁਣ ਤੱਕ ਦੀ ਬਹੁਤ ਵੱਡੀ ਪ੍ਰਾਪਤੀ ਹੈ ਤੇ ਜਿਸ ਦੇ ਕਿ ਉਹ ਯੋਗ ਵੀ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਵੱਡਮੁੱਲੇ ਕਾਰਜਾਂ ਸਦਕਾ ਉਨ੍ਹਾਂ ਨੂੰ ਹੋਰ ਵੀ ਬਹੁਤ ਸਨਮਾਨ ਪ੍ਰਾਪਤ ਹੋ ਚੁੱਕੇ ਹਨ। ਮੈਡਮ ਸਤਨਾਮ ਕੌਰ ਦੱਸਦੇ ਹਨ ਕਿ ਉਹਨਾਂ ਦੇ ਆਪਣੇ ਬੱਚੇ ਵੀ ਉਹਨਾਂ ਦੇ ਹੀ ਸਰਕਾਰੀ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰਦੇ ਹਨ , ਜੋ ਕਿ ਆਪਣੇ – ਆਪ ਵਿੱਚ ਅੱਜ ਦੇ ਸਮੇਂ ਵਿੱਚ ਇੱਕ ਬਹੁਤ ਵੱਡੀ ਗੱਲ ਹੈ। ਪਰਮਾਤਮਾ ਕਰੇ ! ਅੱਜ ਆਪਣੇ ਵਿਭਾਗ ਅਤੇ ਸਮਾਜ ਵਿੱਚ ਇੱਕ ਬਹੁਤ ਵੱਡਾ ਸਥਾਨ ਬਣਾ ਚੁੱਕੇ ਅਤੇ ਵੱਖਰਾ ਮੁਕਾਮ ਹਾਸਿਲ ਕਰ ਚੁੱਕੇ ਮੈਡਮ ਸਤਨਾਮ ਕੌਰ ਜ਼ਿੰਦਗੀ ਵਿੱਚ ਹਮੇਸ਼ਾ ਹੀ ਆਪਣੇ ਸਕੂਲ , ਆਪਣੇ ਪਿਆਰੇ ਵਿਦਿਆਰਥੀਆਂ ਅਤੇ ਸਮਾਜ ਪ੍ਰਤੀ ਇਸੇ ਤਰ੍ਹਾਂ ਨਿਸ਼ਕਾਮ ਤੇ ਪਰਉਪਕਾਰ ਦੀ ਭਾਵਨਾ ਨਾਲ਼ ਨਿਰੰਤਰ ਸੇਵਾ ਕਰਦੇ ਰਹਿਣ ਤੇ ਪਰਮਾਤਮਾ ਉਹਨਾਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਵੇ।
” ਘਿਸਤਾ ਹੈ ਪੰਨਾ ਜਬ ਲਿਖਾਵਟ ਹੋਤੀ ਹੈ
ਸ਼ਬਦੋਂ ਕੀ ਕਾਗਜ਼ ਪਰ ਸਜ਼ਾਵਟ ਹੋਤੀ ਹੈ
ਯੂੰ ਹੀ ਨਹੀਂ ਕੋਈ ਉਤਰ ਆਤਾ ਪੰਨੋਂ ਪਰ
ਜ਼ਿੰਦਗੀ ਨੇ ਦੀ ਬਗਾਵਤ ਹੋਤੀ ਹੈ…”
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਸ਼੍ਰੀ ਅਨੰਦਪੁਰ ਸਾਹਿਬ )  ਲੇਖਕ ਦਾ ਨਾਂ ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਦੇ ਲਈ ਦੋ ਵਾਰ ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous articleਹਾਸ ਵਿਅੰਗ
Next articleਸੇਵਾ ਦਾ ਵਪਾਰੀ : ਦੀਵਾਨ ਟੋਡਰ ਮੱਲ ਜਾਂ ਦੀਵਾਨ ਟੋਡਰ ਮੱਲ ਵੱਲੋਂ ਜ਼ਮੀਨ ਖ਼ਰੀਦਣ ਲਈ ਕੀਤੀ ਗਈ ਬੇਮਿਸਾਲ ਸੇਵਾ