ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਦੋਆਬਾ ਖੇਤਰ ਵਿੱਚ ਹਰਫ਼ਨ ਮੌਲਾ ਕਲਾਕਾਰ ਵਜੋਂ ਅਤੇ ਪੱਤਰਕਾਰੀ ਦੀਆਂ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰ ਗੁਰਨਾਮ ਸਿੰਘ ਗਾਮਾ ਦੇ ਸਦੀਵੀ ਵਿਛੋੜੇ ਨਾਲ ਸਮੁੱਚੇ ਪੱਤਰਕਾਰ ਭਾਈਚਾਰੇ, ਸੰਗੀਤ ਜਗਤ ਅਤੇ ਸੰਗੀ ਸਾਥੀਆਂ ਵਿੱਚ ਗਹਿਰੇ ਦੁੱਖ ਦਾ ਮਾਹੌਲ ਹੈ। ਅਚਾਨਕ ਹੀ ਉਸਦੇ ਤੁਰ ਜਾਣ ਦਾ ਜਦੋਂ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਤਾਂ ਦਿਲ ਨੂੰ ਬਹੁਤ ਹੀ ਗਹਿਰੀ ਸੱਟ ਵੱਜੀ ਕਿ ਯਾਰਾਂ ਦਾ ਯਾਰ ਇੱਕ ਹਰਫ਼ਨ ਮੌਲਾ ਕਲਾਕਾਰ ਜੋ ਸਮੇਂ ਸਮੇਂ ਲੋਕਾਂ ਦੀ ਆਵਾਜ਼ ਨੂੰ ਵੱਖ ਵੱਖ ਅਖਬਾਰਾਂ, ਚੈਨਲਾਂ ਮੀਡੀਏ ਰਾਹੀਂ ਉਠਾਉਂਦਾ ਰਹਿੰਦਾ ਸੀ ਉਹ ਸਾਡੇ ਤੋਂ ਸਦਾ ਲਈ ਹੱਥ ਛੁਡਾ ਕੇ ਦੂਰ ਚਲਾ ਗਿਆ । ਗੁਰਨਾਮ ਗਾਮਾ ਇਕ ਨੇਕ ਦਿਲ ਇਨਸਾਨ ਸੀ, ਜੋ ਹਰ ਸਮੇਂ ਕੁਝ ਨਾ ਕੁਝ ਕਰਦੇ ਰਹਿਣ ਲਈ ਯਤਨਸ਼ੀਲ ਸੀ। ਹਰ ਦੁੱਖ ਸੁੱਖ ਵਿੱਚ ਸਮਾਜਿਕ ਭੂਮਿਕਾ ਨਿਭਾਉਣਾ ਉਸ ਦਾ ਸੁਭਾਅ ਸੀ ।ਉਸ ਨੇ ਜਿੱਥੇ ਇਲਾਕੇ ਵਿੱਚ ਬਤੌਰੇ ਮੀਡੀਆ ਸੰਚਾਲਕ ਵਜੋਂ ਆਪਣੀਆਂ ਅਣਥੱਕ ਸੇਵਾਵਾਂ ਦਿੱਤੀਆਂ ਉੱਥੇ ਹੀ ਉਹ ਵੱਖ-ਵੱਖ ਧਾਰਮਿਕ ਸਟੇਜਾਂ ਤੇ ਆਪਣੀ ਗਾਇਕੀ ਰਾਹੀਂ ਵੀ ਆਪਣੀ ਕਲਾ ਨੂੰ ਰੂਪਮਾਨ ਕਰਦਾ ਰਿਹਾ । ਉਸ ਨੇ ਸਮੁੱਚੇ ਇਲਾਕੇ ਵਿੱਚ ਅਨੇਕ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀਆਂ ਭਰੀਆਂ । ਉਸ ਦੀ ਗਾਇਕੀ ਨੂੰ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਮਿਲੀ ਉਸਨੇ ਅਨੇਕਾਂ ਵਾਰ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਸ ਦੇ ਤੁਰ ਜਾਣ ਦਾ ਜਿੱਥੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉੱਥੇ ਹੀ ਸਮਾਜ ਨੂੰ ਵੀ ਉਸਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਹੈ। ਉਸਦੇ ਸੰਗੀ ਸਾਥੀਆਂ ਸੱਜਣਾ ਮਿੱਤਰਾਂ ਵਿੱਚ ਉਸ ਦੀ ਯਾਦ ਹਮੇਸ਼ਾ ਮਹਿਕਦਾ ਫੁੱਲ ਬਣ ਕੇ ਖਿੜੀ ਰਹੇਗੀ । ਸਮੁੱਚੇ ਇਲਾਕੇ ਦੇ ਪੱਤਰਕਾਰ ਭਾਈਚਾਰੇ ਵਲੋਂ ਗੁਰਨਾਮ ਸਿੰਘ ਗਾਮਾ ਦੀ ਇਸ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਤੇ ਪਰਿਵਾਰ ਨੂੰ ਪਰਮਾਤਮਾ ਭਾਣਾ ਮੰਨਣ ਦਾ ਬੱਲ ਬਖਸ਼ੇ ਦੀ ਅਰਦਾਸ ਕੀਤੀ ਗਈ ਹੈ। ਉਸ ਦੇ ਅੰਤਿਮ ਸੰਸਕਾਰ ਅੱਜ ਪਿੰਡ ਪੰਡੋਰੀ ਨਿੱਝਰਾਂ ਜ਼ਿਲ੍ਹਾ ਜਲੰਧਰ ਵਿਖੇ (ਨੇੜੇ ਆਦਮਪੁਰ) ਵਿਖੇ ਕਰ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj