(ਸਮਾਜ ਵੀਕਲੀ)
ਭਾਰਤ ਦੇ ਕੇਂਦਰੀ ਹਾਕਮਰਾਨ , ਪੰਜਾਬ ਦੇ ਗਦਾਰ ਸਿਆਸਤਦਾਨ, ਅਚੇਤਨ ਪੰਜਾਬੀ ਕਿਰਤੀਆਂ ਨੂੰ ਕਿਸ ਤਰ੍ਹਾਂ ਚੂਸਣ ਵਾਲੀਆਂ ਗੋਲੀਆਂ ਦਿੰਦੇ ਹਨ, ਇਹ ਅਖਵਾਰਾਂ ਦੀਆਂ ਸੁਰਖ਼ੀਆਂ ਪਿਛਲੇ ਦਿਨਾਂ ਤੋਂ ਸਾਡੇ ਸਾਹਮਣੇ ਹਨ। ਤਿੰਨੇ ਕਾਲੇ ਕਾਨੂੰਨਾਂ ਦੀ ਵਾਪਸੀ ਦਾ ਅਚਾਨਕ ਤਾਨਾਸ਼ਾਹੀ ਐਲਾਨ ਪ੍ਧਾਨ ਮੰਤਰੀ ਮੋਦੀ ਵੱਲੋਂ ਕੌਮ ਦੇ ਨਾਂ ਪ੍ਸਾਰਨ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਕਾਸ਼ ਪੁਰਬ ਵਾਲੇ ਦਿਨ ਹੀ ਕੀਤਾ ਗਿਆ। ਪੂਰੇ ਕਿਸਾਨ ਅੰਦੋਲਨ ਨੂੰ ਸਿੱਖ ਅੰਦੋਲਨ ਵਜੋਂ ਪ੍ਚਾਰ ਦਾ ਇਹ ਵੀ ਇਕ ਨੁਕਤਾ ਹੈ। ਇਸੇ ਅੰਤਰਗਤ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਨੂੰ ਸ਼ਰਧਾਲ਼ੂਆਂ ਲਈ ਖੋਲਣਾ ਵੀ ਸਿਆਸੀ ਦਾ-ਪੇਚ ਹੈ। ਵੋਟ ਬੈੰਕ ਬਣਾਉਣ ਦਾ ਇਕ ਖੇਡ ਹੈ।
ਪੰਜਾਬ ਦੇ ਪਾਕਿਸਤਾਨ ਨਾਲ਼ ਲੱਗਦੀ ਸਰਹੱਦ ਦੇ ਨਾਲ ਨਾਲ ਪੰਜਾਹ ਕਿਲੋਮੀਟਰ ਦਾ ਖੇਤਰ ਤਾਂ ਕੇਂਦਰ ਵੱਲੋ ਬਾਰਡਰ ਸਕਿਉਰਟੀ ਫੋਰਸ ਦੇ ਹਵਾਲੇ ਕਰ ਦਿੱਤਾ ਗਿਆ। ਪੰਜਾਬ ਦੀ ਭਾਜਪਾ ਪਾਰਟੀ ਦੇ ਕੁੱਝ ਨੁਮਾਇੰਦੇ ਦਿੱਲੀ ਬੁਲਾ ਕੇ ਉਹਨਾਂ ਤੋਂ ਇਕ ਮੰਗ ਪੱਤਰ ਲੈ ਕੇ ਇਹ ਵੀ ਦਰਸਾਇਆ ਗਿਆ ਕਿ ਅਸੀਂ ਪੰਜਾਬ ਦੀ ਮੰਗ ਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਸਿੱਖ ਸੰਗਤਾਂ ਲਈ ਖੋਲ ਰਹੇ ਹਾਂ।ਸ਼ੋਸਲ ਮੀਡੀਆ ਤੇ ਨਿਊਜ ਚੈਨਲਾਂ ਤੇ ਇਸ ਦੀ ਚਰਚਾ ਵੀ ਜ਼ੋਰਾਂ ਤੇ ਹੈ।
ਅਫ਼ਸੋਸ ਸਾਨੂੰ ਸੁਚੇਤ ਕਰਨ ਦੀ ਬਜਾਏ ਮੀਡੀਆ ਤੇ ਰਾਜਨੀਤਿਕ ਲੋਕ ਆਮ ਆਵਾਮ ਨੂੰ ਮੂਰਖ ਬਣਾ ਰਹੇ ਹਨ। ਗੋਦੀ ਮੀਡੀਆ ਨੇ ਤਾਂ ਇਹੋ ਛਲ਼ ਕਪਟ ਦੀ ਵਡਿਆਈ ਕਰਕੇ ਹਾਕਮ ਜਮਾਤ ਵੱਲੋਂ ਸਿੱਟੀ ਬੁਰਕੀ ਨੂੰ ਖਾਹ ਕੇ ਪੂਛ ਹਿਲਾਉਣੀ ਹੀ ਹਿਲਾਉਣੀ ਹੈ। ਹਾਕਮ ਜਮਾਤ ਦੇ ਹਰ ਪੁੱਠੀ ਸਿੱਧੀ ਕਾਰਵਾਈ ਦਾ ਪ੍ਚਾਰ ਕਰਨਾ ਹੀ ਕਰਨਾ ਹੈ। ਭਾਵੇ ਉਹ ਖਬਰ, ਉਹ ਪ੍ਸਾਰਣ ਲੋਕਾਂ ਦੇ ਹਿਰਦੇ ਹੀ ਵਲੂੰਧਰੇ।
ਆਵਾਮ ਦਾ ਜੋ ਸੰਵਿਧਾਨਿਕ ਹੱਕ ਬਣਦਾ ਹੈ, ਜੇਕਰ ਸਰਕਾਰ ਉਹ ਹੱਕ ਦੇ ਕੇ ਵੀ ਅਹਿਸਾਨ ਜਤਾਏ ਤਾਂ ਇਸ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਹਿਣਾ ਗਲ਼ਤ ਨਹੀਂ ਹੋਵੇਗਾ। ਹਰ ਕੌਮ ਨੂੰ ਆਪਣੇ ਮੂਲ ਨੂੰ ਪਹਿਚਾਨਣ , ਉਸਦੇ ਦਰਸ਼ਨ ਦੀਦਾਰੇ ਕਰਨ ਦਾ ਕੁਦਰਤੀ ਹੱਕ ਹੈ ਤੇ ਹੋਣਾ ਵੀ ਚਾਹੀਂਦਾ ਹੈ। ਆਪਣੀ ਕੌਮ ਦੇ ਵਿਰਾਸਤੀ ਤੀਰਥ ਅਸਥਾਨਾਂ ਤੋਂ ਦੂਰ ਕਰਨਾ ਗੁਲਾਮੀ ਦਾ ਪ੍ਤੀਕ ਨਹੀਂ ਤਾਂ ਹੋਰ ਕੀ ਹੈ। ਆਪਣੇ ਧਾਰਮਿਕ ਪੀਰ- ਪੈਗੰਬਰਾਂ, ਗੁਰੂ ਸਾਹਿਬਾਨਾਂ ਦੇ ਜਨਮ ਅਸਥਾਨਾਂ, ਕਰਮ ਅਸਥਾਨਾਂ ਤੇ ਸਿੱਜਦਾ ਕਰਨਾ ਹਰ ਮਨੁੱਖ ਦੀ ਦਿਲੀ ਇੱਛਾ ਹੁੰਦੀ ਹੈ। ਇਸ ਇੱਛਾ ਦੀ ਪੂਰਤੀ ਨਾਲ ਰੂਹਾਨੀ ਸਕੂਨ ਮਿਲਦਾ ਹੈ।ਆਤਮਿਕ ਬਲ ਮਿਲਦਾ ਹੈ । ਆਮ ਜਨ ਜੀਵਨ ਵਿੱਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਆਉਂਦੀ ਹੈ । ਇਸ ਰਾਹ ਵਿੱਚ ਰੁਕਾਵਟਾਂ ਖੜੀਆਂ ਕਰਕੇ ਅਸੀਂ ਆਪਣੀ ਧਰਤੀ ਦੇ ਵਸਨੀਕਾਂ ਨੂੰ ਖੁਸ਼ ਨਹੀਂ ਰੱਖ ਸਕਦੇ।
ਜੋ ਲੋਕ ਜੋ ਰੁੱਖ ਆਪਣੇ ਮੂਲ ਨਾਲੋਂ ਮਜਬੂਰੀ ਵਸ ਟੁੱਟ ਜਾਂਦੇ ਹਨ ਜਾਂ ਜਬਰੀਂ ਤੋੜ ਦਿੱਤੇ ਜਾਂਦੇ ਹਨ, ਉਹਨਾਂ ਦਾ ਮੁਰਝਾਉਣਾ ਨਿਸਚਿਤ ਹੈ। ਆਪਣੀ ਮਿੱਟੀ ਨਾਲੋਂ ਟੁੱਟੇ ਮਨੁੱਖ ਜ਼ਿੰਦਗ਼ੀ ਵਿੱਚ ਦੌਲਤਮੰਦ ਹੁੰਦੇ ਹੋਏ ਵੀ ਗਰੀਬ ਹੁੰਦੇ ਹਨ। ਦਮ-ਦਮ ਰੂਹ ਤੜਫ਼ਦੀ ਹੈ ਆਪਣੀ ਜਨਮ ਭੂਮੀ ਦੀ ਮਹਿਕ ਲੈਣ ਲਈ । ਬਚਪਨ ਵਿੱਚ ਗੁੜ ਵਾਂਗ ਚੱਟ ਚੱਟ ਖਾਧੀ ਮਿੱਟੀ ਦਾ ਸੁਆਦ ਰੂਹ ਨੂੰ ਮੋਹ ਦੀਆਂ ਜੰਜ਼ੀਰਾਂ ਵਿੱਚ ਬੰਨੀ ਰੱਖਦਾ ਹੈ । ਪੁਰਾਣੇ ਸਮਿਆਂ ਵਿੱਚ ਬੱਚੇ ਦੀ ਪੈਦਾਇਸ਼ ਤੋਂ ਬਾਅਦ ਬੱਚੇ ਦਾ ਪੇਟ ਦੀ ਧੁੰਨੀ ਤੋਂ ਕੱਟਿਆ ਨਾੜੂਆ ਘਰ ਦੇ ਕੱਚਿਆਂ ਵਿਹੜਿਆਂ ਵਿੱਚ ਹੀ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਸੀ। ਇਸ ਨਾੜੂਏ ਰਾਹੀ ਜਨਮ ਤੋੰ ਪਹਿਲਾਂ ਗਰਭ ਵਿੱਚ ਪਾਲਣ ਵਾਲੀ ਰੱਬ ਰੂਪ ਮਾਂ ਨਾਲ ਰੂਹਾਨੀ ਮਮਤਾ ਤੇ ਮੋਹ ਦੀ ਤੰਦ ਜੁੜੀ ਹੁੰਦੀ ਹੈ। ਚੇਤਨਤਾ ਤੇ ਖੁਰਾਕ ਦਾ ਸਬੰਧ ਹੁੰਦਾ ਹੈ, ਸਰੀਰ ਦੀ ਇਹ ਸੰਵੇਦਨਾ ਵਾਲੀ ਨਾੜ ਜਿਸ ਮਿੱਟੀ ਵਿੱਚ ਦੱਬੀ ਹੋਵੇ ਉੱਥੇ ਦੀ ਖਿੱਚ ਕਿਉਂ ਨਹੀਂ ਪਵੇਗੀ।
ਲੋਕਾਂ ਨੂੰ ਆਪਣੀ ਇਸ ਪਵਿੱਤਰ ਧਰਤੀ ਨਾਲ ਮਿਲਣ ਦਾ ਸੁਭਾਗ ਦੇ ਕੇ ਉਹਨਾਂ ਤੇ ਅਹਿਸਾਨ ਜਿਤਾਉਣਾ ਤੇ ਵੋਟ ਰਾਜਨੀਤੀ ਲਈ ਵਰਤਣਾ ਸਰਾਸਰ ਗੈਰ ਮਨੁੱਖੀ ਵਤੀਰਾ ਹੈ। ਦੇਸ਼ ਦੇ ਸਿਆਸਤਦਾਨਾਂ ਨੂੰ ਇਹ ਵਾਰ ਵਾਰ ਅਸਿਸਾਸ ਕਰਾਉਣਾ ਕੇ ਕਿ ਅਸੀਂ ਪਾਕਿਸਤਾਨ ਦੀ ਹੱਦ ਅੰਦਰ ਗੁਰੂਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸੰਗਤ ਲਈ ਖੁਲਵਾਇਆ ਜਾਂ ਬਣਵਾਇਆ ਹੈ , ਇਹ ਦਿਲਾਂ ਨੂੰ ਠੇਸ ਪਹੁੰਚਾਉਣ ਵਾਲੇ ਬਿਆਨ ਹਨ। ਸਿੱਖ ਸਿਆਸਤਦਾਨਾਂ ਲਈ ਤਾਂ ਹੋਰ ਵੀ ਘਟੀਆ ਬਿਆਨ ਹਨ। ਜੋ ਕਾਰਜ ਗੁਰੂ ਦੀ ਸੰਗਤ ਲਈ ਕਰ ਦਿੱਤਾ , ਉਸ ਦਾ ਵਾਰ ਵਾਰ ਅਹਿਸਾਸ ਕਰਾਉਣ ਵਾਲਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ, ਸਿਆਸਤਦਾਨ ਹੋ ਸਕਦਾ ਹੈ । ਸਿਆਸਤਦਾਨਾਂ ਦਾ ਕੋਈ ਧਰਮ ਨਹੀਂ ਹੁੰਦਾ, ਕੋਈ ਇਖ਼ਲਾਕ ਨਹੀਂ ਹੁੰਦਾ। ਉਹ ਮਤਲੱਵ ਪ੍ਸਤ ਹੁੰਦਾ ਹੈ । ਇਹਨਾਂ ਦੀ ਧੌਣ ਵਿੱਚ ਸਦਾ ਕਿੱਲ ਅੜਿਆ ਰਹਿੰਦਾ ਹੈ। ਲੋਕਾਂ ਨੂੰ ਆਪਣੇ ਅਹਿਸਾਨਾਂ ਥੱਲੇ ਕਿਵੇਂ ਦਬਾ ਕੇ ਰੱਖਣਾ ਇਹੋ ਹੀ ਸੋਚ ਇਹਨਾਂ ਨੂੰ ਘੇਰੀ ਰੱਖਦੀ ਹੈ।
ਕਿਸਾਨ ਅੰਦੋਲਨ ਨੇ ਆਮ ਸਧਾਰਣ ਤੋਂ ਸਧਾਰਣ ਨਾਗਰਿਕ ਨੂੰ ਵੀ ਰਾਜਨੀਤੀ ਦੇ ਦਾ ਪੇਚ ਸਮਝਾ ਦਿੱਤੇ ਹਨ। ਵੋਟ ਦੀ ਵਰਤੋਂ ਧਰਮ, ਜਾਤੀ ਜਾਂ ਚਿਹਰਿਆਂ ਨੂੰ ਪਾ ਕੇ ਅਸੀਂ ਕੀ ਕੀ ਸੰਤਾਪ ਹੰਡਾਇਆ ਹੈ। ਅਸਲ ਮੁੱਦਿਆਂ ਤੋਂ ਲਾਂਭੇ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਉਕਸਾ ਕੇ ਵੋਟ ਹਾਸਲ ਕਰਨੀ ਰਾਜਨੀਤਿਕ ਲੋਕਾਂ ਦੀ ਸ਼ਤਰੰਜੀ ਚਾਲ ਹੈ। ਇਹਨਾਂ ਚਾਲਾਂ ਤੋਂ ਸਾਵਧਾਨ ਹੋ ਕੇ ਸਾਡੇ ਲੋਕ ਵਿਚਰਣਗੇ ਤਾਂ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਹੀ ਨਹੀਂ ਸਭ ਲਾਂਘੇ, ਸਭ ਬਾਰਡਰ ਖੁੱਲਣਗੇ। ਕਿਸਾਨੀ ਫਸਲ਼ਾਂ ਦਾ ਵਿਉਪਾਰ ਪਾਕਿਸਤਾਨ ਨਾਲ ਹੋਵੇਗਾ। ਖਾਣ ਪੀਣ ਦੀਆਂ ਵਸਤਾਂ ਦੀ ਦਰਾਮਦ ਅਤੇ ਬਰਾਮਦ ਵਧੇਗੀ । ਦੋਫ਼ਾੜ ਹੋਏ ਪੰਜਾਬ ਦੇ ਲੋਕ ਖੁਸ਼ਹਾਲ ਹੋਣਗੇ। ਪਿਛਲਿਆਂ ਜਖਮਾਂ ਨੂੰ ਭਰਨ ਦਾ ਅਹਿਸਾਸ ਹੋਵੇਗਾ । ਬਾਰਡਰ ਦੇ ਆਰ ਪਾਰ ਜਾਣ ਲਈ ਕਾਨੂੰਨਾਂ ਵਿੱਚ ਨਰਮੀ ਆਵੇਗੀ। ਇਹ ਰਸਤੇ ਇਹ ਕੋਰੀਡੋਰ ਹੀ ਨਹੀਂ ਦਿਲਾਂ ਦੇ ਬੰਦ ਦਰਵਾਜ਼ੇ ਖੁੱਲਣਗੇ। ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਮਾਨਦਾਰੀ ਦਿਖਾਉਣ ਦੀ ਲੋੜ ਹੈ।
ਦੇਸ਼ ਦੀਆਂ ਸਰਹੱਦਾਂ ਤੇ ਕੁੱਝ ਕੁ ਸ਼ਰਾਰਤੀ ਤੱਤ ਦੋਵਾਂ ਪਾਸਿਆਂ ਤੋਂ ਨਜ਼ਾਇਜ਼ ਫਾਇਦੇ ਉਠਾਉਣ ਦੀ ਤਾਕ ਵਿੱਚ ਵੀ ਹੋ ਸਕਦੇ ਹਨ ਪਰ ਆਮ ਜਨ ਸਧਾਰਣ ਨੂੰ “ਆਟੇ ਨਾਲ ਪੜੇਥਣ” ਲਾ ਕੇ ਨਹੀਂ ਦਰਕਾਰਨਾ ਚਾਹੀਂਦਾ। ਦੇਸ਼ ਦੀ ਵੰਡ ਸਮੇਂ ਆਪਣਿਆਂ ਤੋਂ ਅਲੱਗ ਹੋਏ ਪੁਰਾਣੇ ਬਜ਼ੁਰਗ ਆਪਣੀ ਧਰਤੀ ਦੇ ਜਾਇਆਂ ਨੂੰ, ਆਪਣੇ ਯਾਰ ਬੇਲੀਆਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤਰਸੇ ਹਨ ਹਜ਼ਾਰਾਂ ਦੀ ਗਿਣਤੀ ਵਿੱਚ ਇਸੇ ਤੜਫਣ ਵਿੱਚ ਸਿਸਕਦਿਆਂ ਚੱਲ ਵਸੇ ਹਨ। ਦੋਵੇਂ ਦੇਸ਼ਾਂ ਦੇ ਹੁਕਮਰਾਨਾਂ ਨੂੰ ਇਹਨਾਂ ਵਿਸ਼ਿਆਂ ਬਾਰੇ ਸੋਚਣ ਦਾ ਸ਼ਾਇਦ ਖਿਆਲ਼ ਹੀ ਨਹੀਂ ਆਇਆ। ਪਾਕਿਸਤਾਨ ਦੇ ਨਾਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਲਗਾਤਾਰ ਬਿਆਨ ਦਾਗ਼ਦਾ ਰਿਹਾ ਹੈ। ਜਦੋਂ ਕਿ ਇਹ ਵਿਦੇਸ਼ੀ ਮੁੱਦੇ ਜਾਂ ਦੇਸ਼ ਦੀ ਰੱਖਿਆ ਨਾਲ਼ ਸਬੰਧਤ ਮੁੱਦੇ ਰਾਜ ਸਰਕਾਰ ਦੇ ਅਧੀਨ ਹੀ ਨਹੀਂ ਆਉਂਦੇ। ਇਸ ਬਾਰੇ ਦੇਸ਼ ਦੇ ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਜਾਂ ਪ੍ਧਾਨ ਮੰਤਰੀ ਹੀ ਬਿਆਨ ਦੇਣ ਦੇ ਹੱਕਦਾਰ ਹਨ, ਜਿਹਨਾਂ ਕੋਲ ਸੰਵਿਧਾਨਿਕ ਸ਼ਕਤੀਆਂ ਹਨ।
ਇੱਕ ਜੁਬਾਨ ਇੱਕ ਸਭਿਆਚਾਰ ਦੇ ਲੋਕ ਜਿਹਨਾਂ ਨੂੰ ਦੇਸ਼ ਦੀ ਆਜ਼ਾਦੀ ਵੇਲੇ ਜਬਰੀ ਰੋਂਦਿਆ ਕੁਰਲਾਉਂਦਿਆ ਤੋੜ ਵਿਛੋੜ ਦਿੱਤਾ ਗਿਆ, ਉਹਨਾਂ ਦੇ ਕੁਦਰਤੀ ਮਨੁੱਖੀ ਅਧਿਕਾਰਾਂ ਬਾਰੇ ਸੋਚਣ ਦੀ ਲੋੜ ਹੈ। ਜਿਹਨਾਂ ਦੇ ਪਰਿਵਾਰਾਂ ਦਾ ਅੱਧਾ ਹਿੱਸਾ ਪਾਕਿਸਤਾਨ ਵਿੱਚ ਹੈ ਅਤੇ ਅੱਧਾ ਪਰਿਵਾਰ ਭਾਰਤ ਵਿੱਚ । ਇਹਨਾਂ ਦੇ ਦਿਲਾਂ ਦੇ ਕੋਰੀਡੋਰ ਹਰ ਵੇਲੇ ਖੁੱਲਣ ਦੀ ਤਾਂਘ ਵਿੱਚ ਹਨ । ਇਹਨਾਂ ਨੂੰ ਜਬਰੀ ਬੰਦ ਨਾ ਕਰੋ। ਦੋਨਾਂ ਪੰਜਾਬਾਂ ਦੀ ਆਵਾਮ ਹੁਣ ਜਾਗਰੂਕ ਹੈ ਤੇ ਰਹੇਗੀ ।
ਸ਼ਾਲਾ ! ਇਹ ਲਾਂਘੇ ਹੁਣ ਸਦਾ ਲਈ ਆਬਾਦ ਰਹਿਣ ਇਹੋ ਦੁਆ ਉਸ ਕੁਦਰਤ ਦੇ ਸਿਰਜਣ ਹਾਰ ਅੱਗੇ ਹੈ।
ਬਲਜਿੰਦਰ ਸਿੰਘ “ਬਾਲੀ ਰੇਤਗੜੵ”
+919465129168
+917087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly