(ਸਮਾਜ ਵੀਕਲੀ)
ਖਾਲਮ-ਖਾਲੀ ਘਰ ਅਲੀ ਦਾ , ਮੇਰਾ ਆੜੀ ਦਿਸਦਾ ਨਹੀਂ
ਖੁੱਲੇ ਬੂਹੇ ਨੇ ਮੱਝਾਂ ਕਿੱਥੇ, ਬਾਪੂ ਕਿਉਂ ਤੂੰ ਦੱਸਦਾ ਨਹੀਂ
ਖਾਲਮ-ਖਾਲੀ ਘਰ ਅਲੀ ਦਾ———-
ਨਾ ਉਸਦੀ ਹੈ ਅੰਮੀ ਚੌਕੇਂ, ਉਸਦਾ ਅੱਬਾ ਕਿੱਧਰ ਗਿਐ ?
ਮੈਂ ਵੀ ਜਾਣੈ ਉਸਦੇ ਨਾਲੇ, ਯਾਰ ਮੇਰਾ ਜਿੱਧਰ ਗਿਐ–!!
ਟੁੱਕ ਦਾ ਟੁੱਕੜਾ ਉਸਦੇ ਬਾਝੋਂ, ਨੀ ਮਾਂ,, ਮੇਰੇ ਪੱਚਦਾ ਨਹੀਂ–
ਖਾਲਮ-ਖਾਲੀ ਘਰ ਅਲੀ ਦਾ,,,,,,,,,,,,,,,
ਰੋਂਦੇ ਓਟੇ ਅੱਗ ਨਾ ਚੁੱਲ੍ਹੇ , ਭੰਨੇ ਬੂਹੇ ਬਾਰੀਆਂ
ਕੱਪੜੇ -ਲੀੜੇ ਰੁਲਦੇ ਪੈਰੀਂ, ਕੰਧਾਂ ਪਈਆਂ ਠਾਰੀਆਂ
ਦੀਵਾ-ਬੱਤੀ ਕਿਉਂ ਉਹਨਾਂ ਦੇ, ਮਾਂ ਆਲੇ ਮੱਚਦਾ ਨਹੀਂ
ਖਾਲਮ-ਖਾਲੀ ਘਰ ਅਲੀ ਦਾ—-‘———-
ਭੈਣ-ਬਸ਼ੀਰਾਂ ਕਿੱਥੇ ਲਾਡੋ, ਭੂਆ ਰਾਣੀ ਕਿੱਧਰ ਗਈ
ਰੈਆਂ ਲੈਂਦੇ ਜਿਸ ਅੰਬੋਂ ਤੋਂ, ਅੰਬੋਂ ਸਿਆਣੀ ਕਿੱਧਰ ਗਈ
ਜਿਸਦੇ ਹੱਥੋਂ ਜਨਮ ਲਿਆ ਮੈਂ, ਦਾਈ ਰੱਖੀ ਦੱਸਦਾ ਨਹੀਂ
ਖਾਲਮ-ਖਾਲੀ ਘਰ ਅਲੀ ਦਾ—————
ਰੇਤਗੜੵ ਛੱਡਕੇ ਤੁਰ ਗਿਐ, ਕਿਉਂ ਪੱਗ ਵੱਟ ਯਾਰ ਮੇਰਾ
ਜਾਂਦਾ ਮਿਲ ਤਾਂ ਜਾਦਾਂ “ਬਾਲੀ”, ਮਜਬਾਂ ਤੋਂ ਬਾਹਰ ਕੇਰਾਂ
ਕਦ ਮਿਲਾਂਗੇ ਹੁਣ ਦੇ ਵਿਛੜੇ, ਕਿਉਂ ਦਾਦਾ ਦੱਸਦਾ ਨਹੀਂ
ਖਾਲਮ-ਖਾਲੀ ਘਰ ਅਲੀ ਦਾ————-
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168 whatsapp
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly