ਅਖਿਲੇਸ਼ ਵੱਲੋਂ ਕਿਸਾਨਾਂ ਨੂੰ ਹਰੇਕ ਫ਼ਸਲ ’ਤੇ ਐੱਮਐੱਸਪੀ ਦੇਣ ਦਾ ਵਾਅਦਾ

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨਾਲ ਕਈ ਵਾਅਦੇ ਕੀਤੇ ਹਨ। ਉਨ੍ਹਾਂ ਸੂਬੇ ’ਚ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਹਰੇਕ ਫ਼ਸਲ ’ਤੇ ਐੱਮਐੱਸਪੀ ਦੇਣ, ਮੁਫ਼ਤ ਸਿੰਜਾਈ ਸਹੂਲਤਾਂ, ਗੰਨਾ ਕਿਸਾਨਾਂ ਦੇ ਏਰੀਅਰ ਦੀ 15 ਦਿਨਾਂ ’ਚ ਅਦਾਇਗੀ, ਵਿਆਜ ਮੁਕਤ ਕਰਜ਼ੇ, ਬੀਮਾ ਅਤੇ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ’ਤੇ ਦਰਜ ਹੋਏ ਕੇਸਾਂ ਨੂੰ ਵਾਪਸ ਲੈਣ ਅਤੇ ਫ਼ੌਤ ਹੋੲੇ ਕਿਸਾਨਾਂ ਦੇ ਵਾਰਸਾਂ ਨੂੰ 25-25 ਲੱਖ ਰੁਪਏ ਵੀ ਦਿੱਤੇ ਜਾਣਗੇ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਅਖਿਲੇਸ਼ ਨੇ ਕਿਹਾ ਕਿ ਇਹ ਸਾਰੇ ਵਾਅਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਮੁਖੀ ਨੇ ਕਿਸਾਨਾਂ ਦੀ ਭਲਾਈ ਲਈ ਆਪਣੀ ਵਚਨਬੱਧਤਾ ਜਤਾਉਣ ਲਈ ‘ਅੰਨ ਸੰਕਲਪ’ ਲਿਆ।

ਉਨ੍ਹਾਂ ਕਿਹਾ ਕਿ ਪਾਰਟੀ ਨੇ ਪਹਿਲਾਂ ਹੀ ਹਰ ਕਿਸੇ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਅਹਿਦ ਲਿਆ ਹੈ। ਭਾਜਪਾ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ,‘‘2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ। ਕੀ ਇਹ ਵਾਅਦਾ ਪੂਰਾ ਹੋ ਗਿਆ ਹੈ? ਲਖੀਮਪੁਰ ਖੀਰੀ ਕਾਂਡ ਬ੍ਰਿਟਿਸ਼ ਹਕੂਮਤ ਦੇ ਜੱਲ੍ਹਿਆਂਵਾਲਾ ਬਾਗ ਤੋਂ ਵੀ ਜ਼ਿਆਦਾ ਘਿਨਾਉਣਾ ਸੀ। ਅੰਗਰੇਜ਼ਾਂ ਨੇ ਬੇਕਸੂਰ ਲੋਕਾਂ ਦੀ ਛਾਤੀ ’ਤੇ ਗੋਲੀਆਂ ਦਾਗ਼ੀਆਂ ਸਨ ਪਰ ਲਖੀਮਪੁਰ ਖੀਰੀ ’ਚ ਘਰ ਪਰਤ ਰਹੇ ਕਿਸਾਨਾਂ ਨੂੰ ਵਾਹਨਾਂ ਦੇ ਟਾਇਰਾਂ ਹੇਠ ਫਰੜਿਆ ਗਿਆ।’’ ਉਨ੍ਹਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੇ ਜਾਣ ਲਈ ਵੀ ਭਾਜਪਾ ਦੀ ਨਿਖੇਧੀ ਕੀਤੀ ਜਿਸ ਦਾ ਪੁੱਤਰ ਆਸ਼ੀਸ਼ ਲਖੀਮਪੁਰ ਕਾਂਡ ਦਾ ਮੁੱਖ ਮੁਲਜ਼ਮ ਹੈ।

ਇਸ ਮੌਕੇ ਉਨ੍ਹਾਂ ਨਾਲ ਕਿਸਾਨ ਆਗੂ ਤਜਿੰਦਰ ਸਿੰਘ ਵਿਰਕ ਵੀ ਹਾਜ਼ਰ ਸੀ ਜਿਸ ਨੇ ਲਖੀਮਪੁਰ ਖੀਰੀ ’ਚ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਮੌਕੇ ਕਿਸਾਨਾਂ ਦੇ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ। ਵਿਰਕ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਵਾਹਨਾਂ ਹੇਠ ਦਰੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਵਿਰਕ ਨੂੰ ਪਾਰਟੀ ਵੱਲੋਂ ਚੋਣ ਮੈਦਾਨ ’ਚ ਉਤਾਰਨ ਬਾਰੇ ਸਵਾਲ ਪੁੱਛੇ ਜਾਣ ’ਤੇ ਅਖਿਲੇਸ਼ ਨੇ ਕਿਹਾ ਕਿ ਉਹ ਪਾਰਟੀ ਦਾ ਸਤਿਕਾਰਤ ਆਗੂ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਸਮਾਜਵਾਦੀ ਪਾਰਟੀ ਦੀ ਟਿਕਟ ਦੇਣ ਬਾਰੇ ਸਵਾਲ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜੇਕਰ ਪੱਤਰਕਾਰ ਟਿਕੈਤ ਨੂੰ ਲੈ ਕੇ ਆਉਣਗੇ ਤਾਂ ਉਹ ਇਸ ਬਾਰੇ ਪੱਕੇ ਤੌਰ ’ਤੇ ਵਿਚਾਰ ਕਰਨਗੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੱਥਕ ਡਾਂਸਰ ਬਿਰਜੂ ਮਹਾਰਾਜ ਦਾ ਦੇਹਾਂਤ
Next articleਗੋਰਖਪੁਰ ਦੇ ਭਾਜਪਾ ਵਿਧਾਇਕ ਨੂੰ ਅਖਿਲੇਸ਼ ਨੇ ਦਿੱਤੀ ਟਿਕਟ ਦੀ ਪੇਸ਼ਕਸ਼