ਆਕਾਸ਼ਵਾਣੀ ਜਲੰਧਰ ਹੁਣ ਕਿੱਧਰ ਨੂੰ ?

ਆਕਾਸ਼ਵਾਣੀ ਜਲੰਧਰ ਹੁਣ ਕਿੱਧਰ ਨੂੰ ?

    ਰਮੇਸ਼ਵਰ ਸਿੰਘ

– ਰਮੇਸ਼ਵਰ ਸਿੰਘ

(ਸਮਾਜ ਵੀਕਲੀ)- ਜਦੋਂ ਦੀ ਹੋਸ਼ ਸੰਭਾਲੀ ਹੈ ਤਾਂ ਸਭ ਤੋਂ ਪਹਿਲਾਂ ਮੈਂ ਮਨੋਰੰਜਨ ਰੇਡੀਓ ਰਾਹੀਂ ਕਰਦਾ ਸੀ ਜਿਸ ਵਿੱਚ ਸਾਡਾ ਪੰਜਾਬੀ ਦਾ ਮੁੱਖ ਚੈਨਲ ਆਕਾਸ਼ਵਾਣੀ ਜਲੰਧਰ ਸੁਣਨ ਨੂੰ ਮਿਲਦਾ ਸੀ। ਆਮ ਜ਼ਿੰਦਗੀ ਦੀਆਂ ਗੱਲਾਂ ਸਮਾਜਿਕ ਪੱਧਰ ਖੇਤੀਬਾੜੀ ਸਬੰਧੀ ਤੇ ਦੁਨੀਆਦਾਰੀ ਸਭ ਕੁਝ ਦਾ ਪ੍ਰਸਾਰਣ ਇਸ ਚੈਨਲ ਉੱਤੇ ਹੁੰਦਾ ਸੀ। ਜਿਸ ਦੀ ਪੂਰੀ ਜਾਣਕਾਰੀ ਨਾਲ ਹੁਣ ਤੱਕ ਆਪਣੀ ਜ਼ਿੰਦਗੀ ਚਲਦੀ ਆ ਰਹੀ ਹੈ। ਸਾਇੰਸ ਦੇ ਯੁੱਗ ਨਾਲ ਟੀਵੀ, ਯੂ ਟਿਊਬ ਫੇਸਬੁੱਕ ਸੋਸ਼ਲ ਮੀਡੀਆ ਬਹੁਤ ਕੁਝ ਆਇਆ ਪਰ ਰੇਡੀਓ ਹੀ ਆਧਾਰ ਮੇਰੇ ਵਾਂਗ ਹਰ ਇੱਕ ਇਨਸਾਨ ਦਾ ਰਿਹਾ ਹੈ। ਆਕਾਸ਼ਵਾਣੀ ਜਲੰਧਰ ਨੇ ਹਰ ਵਿਅਕਤੀ ਦੀ ਆਮ ਜ਼ਿੰਦਗੀ ਨਾਲ ਸਬੰਧਤ ਪ੍ਰੋਗਰਾਮ ਪੇਸ਼ ਕੀਤੇ ਪੰਜਾਬ ਦੀ ਖੇਤੀਬਾੜੀ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ ਜੋ ਬੇਹੱਦ ਸਲਾਹੁਣ ਯੋਗ ਹੈ। ਗੁਰਬਾਣੀ ਪ੍ਰੋਗਰਾਮ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਭੈਣਾਂ ਫੌਜੀ ਭਰਾਵਾਂ ਲਈ ਅਜਿਹਾ ਕੋਈ ਵਰਗ ਨਹੀਂ ਜਿਸ ਲਈ ਆਕਾਸ਼ਵਾਣੀ ਜਲੰਧਰ ਨੇ ਪ੍ਰੋਗਰਾਮ ਪੇਸ਼ ਨਹੀਂ ਕੀਤੇ। ਕੁੱਲ ਮਿਲਾ ਕੇ ਇਹ ਕਹਿ ਸਕਦੇ ਹਾਂ ਇਹ ਕੇਂਦਰ ਹਰ ਇੱਕ ਪੰਜਾਬੀ ਇਨਸਾਨ ਦਾ ਸਕੂਲ ਸੀ ਤੇ ਹੈ, ਹੋ ਸਕਦਾ ਹੈ ਰਹੇਗਾ। ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਪਹਿਰੇਦਾਰ ਹੈ। ਮੈਂ ਤਿੰਨ ਦਹਾਕਿਆਂ ਤੋਂ ਮਰਚੈਂਟ ਨੇਵੀ ਵਿੱਚ ਨੌਕਰੀ ਕਰਦੇ ਪੂਰੀ ਦੁਨੀਆ ਘੁੰਮਿਆ ਹਾਂ ਸਭ ਤੋਂ ਜਿਆਦਾ ਵਿਦੇਸ਼ ਵੱਸਦੇ ਪੰਜਾਬੀ ਸਰੋਤਿਆਂ ਵਿੱਚ ਆਕਾਸ਼ਵਾਣੀ ਜਲੰਧਰ ਨੂੰ ਸੁਣਿਆ ਜਾ ਰਿਹਾ ਹੈ।ਪਰ ਪਿਛਲੇ ਇੱਕ ਸਾਲ ਤੋਂ ਆਕਾਸ਼ਵਾਣੀ ਜਲੰਧਰ ਢਹਿੰਦੀਆਂ ਕਲਾ ਵੱਲ ਜਾ ਰਿਹਾ ਹੈ ਇਸ ਦਾ ਕਾਰਨ ਅੱਜ ਤੱਕ ਸਮਝ ਨਹੀਂ ਆਇਆ? ਇਸ ਕੇਂਦਰ ਤੇ ਸਵੇਰੇ ਸਵੇਰੇ ਪ੍ਰੋਗਰਾਮ ਕਈ ਸਾਲਾਂ ਤੋਂ ਬਹੁਤ ਸੋਹਣੇ ਤਰੀਕੇ ਨਾਲ ਚੱਲ ਰਿਹਾ ਸੀ ਜਿਸ ਵਿੱਚ ਆਮ ਜਾਣਕਾਰੀ ਦੀਆਂ ਗੱਲਾਂ ਖਬਰਾਂ ਤੇ ਗੀਤ ਸੰਗੀਤ ਪੇਸ਼ ਕੀਤਾ ਜਾਂਦਾ ਹੈ ਪਰ ਪਤਾ ਨਹੀਂ ਕਿਹੜੀ ਚੰਦਰੀ ਹਵਾ ਚੱਲ ਗਈ ਸਵੇਰੇ ਸਵੇਰੇ ਪ੍ਰੋਗਰਾਮ ਦੀ ਥਾਂ ਤੇ ਸਵੇਰੇ ਸੱਤ ਵਜੇ ਹੁਣ ਰਾਗ ਅਲਾਪੇ ਜਾਂਦੇ ਹਨ ਤੇ ਕਮਾਈ ਲਈ ਇਸ਼ਤਿਹਾਰਕ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ। ਸਵੇਰੇ ਸਵੇਰੇ ਪ੍ਰੋਗਰਾਮ ਦਾ ਨਾਮ ਬਦਲ ਕੇ ਸੋਹਣੀ ਸਵੇਰ ਕਰਕੇ ਸਵੇਰੇ ਅੱਠ ਵੱਜ ਕੇ 40 ਮਿੰਟ ਤੇ ਪੇਸ਼ ਕੀਤਾ ਜਾਂਦਾ ਹੈ ਜਦੋਂ ਕਿ ਉਸ ਸਮੇਂ ਇਸ ਨੂੰ ਸੁਣਨ ਵਾਲਾ ਆਪਣੇ ਕੰਮਾਂ ਕਾਰਾਂ ਨੌਕਰੀ ਤੇ ਹੋਰ ਕੰਮਾਂ ਤੇ ਨਿੱਕਲ ਜਾਂਦਾ ਹੈ। ਬਹੁਤ ਸਾਰੇ ਸਰੋਤਿਆਂ ਨੇ ਇਸ ਪ੍ਰੋਗਰਾਮ ਦੇ ਸਮਾਂ ਬਦਲਣ ਬਾਰੇ ਪੁੱਛਿਆ ਕੇਂਦਰ ਨਿਰਦੇਸ਼ਕ ਸਾਹਿਬ ਦਾ ਜਵਾਬ ਸੀ ਕਿ ਪ੍ਰਸਾਰ ਭਾਰਤੀ ਵੱਲੋਂ ਇਸ ਪ੍ਰੋਗਰਾਮ ਦਾ ਸਮਾਂ ਬਦਲਣ ਲਈ ਹੁਕਮ ਹੋਇਆ ਹੈ ਕਿੰਨੀ ਹਾਸੋਹੀਣੀ ਗੱਲ ਹੈ। ਜਦੋਂ ਕਿ ਆਕਾਸ਼ਵਾਣੀ ਤੇ ਦੂਰਦਰਸ਼ਨ ਦੇ ਸਾਰੇ ਚੈਨਲ ਇਹ ਪ੍ਰੋਗਰਾਮ ਸਵੇਰੇ 7 ਵਜੇ ਹੀ ਪੇਸ਼ ਕਰਦੇ ਹਨ ਆਕਾਸ਼ਵਾਣੀ ਜਲੰਧਰ ਲਈ ਕਿਉਂ ਸਮਾਂ ਬਦਲਿਆ ਗਿਆ ਸੋਚਣ ਵਾਲੀ ਗੱਲ ਹੈ ?

ਪੂਰਾ ਦਿਨ ਫਰਮਾਇਸ਼ੀ ਗੀਤਾਂ ਦੇ ਪ੍ਰੋਗਰਾਮ ਚੱਲਦੇ ਰਹਿੰਦੇ ਹਨ ਜਿਸ ਵਿੱਚ ਹੈਲੋ ਫਰਮਾਇਸ਼, ਧਮਕ ਜਲੰਧਰ ਪੈਂਦੀ, ਚਿੱਠੀਆਂ ਮਿੱਠੀਆਂ ਹੋਰ ਅਨੇਕਾਂ ਪ੍ਰੋਗਰਾਮ ਹਨ ਜਿਸ ਤੇ ਫਰਮਾਇਸ਼ ਚਿੱਠੀਆਂ ਫੋਨ ਕਾਲ ਜਾਂ ਐਸ ਐਮ ਐਸ ਰਾਹੀਂ ਕੀਤੀ ਜਾਂਦੀ ਹੈ। ਗੀਤ ਵਾਰੋ ਵਾਰੀ ਮੁੜ ਕੇ ਪੇਸ਼ ਕੀਤੇ ਜਾਂਦੇ ਹਨ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ,ਉਹ ਵੀ ਪੂਰਾ ਨਹੀਂ ਸੁਣਾਇਆ ਜਾਂਦਾ ਸਰੋਤਿਆਂ ਦੇ ਨਾਮ ਪਤਾ ਨਹੀਂ ਕਿੱਥੋਂ ਲਏ ਜਾਂਦੇ ਹਨ ਉਹ ਪੂਰਾ ਸਮਾਂ ਪੜ ਕੇ ਪਤਾ ਨਹੀਂ ਕਿਸ ਦਾ ਮਨੋਰੰਜਨ ਕੀਤਾ ਜਾਂਦਾ ਹੈ। ਅੱਜ ਕੱਲ ਜਿਆਦਾ ਪ੍ਰੋਗਰਾਮ ਦੁਕਾਨਦਾਰਾਂ ਤੇ ਵਿਹਲੜ ਲੋਕਾਂ ਦੇ ਲਈ ਪੇਸ਼ ਕੀਤੇ ਜਾਂਦੇ ਹਨ, ਖਾਸ ਪ੍ਰੋਗਰਾਮਾਂ ਸਮੇਂ ਜਿਆਦਾ ਲੋਕ ਆਪਣੇ ਕੰਮਾਂ ਕਾਰਾਂ ਤੇ ਨਿੱਕਲ ਚੁੱਕੇ ਹੁੰਦੇ ਹਨ। ਪੰਜਾਬੀ ਗੀਤ ਸੰਗੀਤ ਵਿੱਚ ਐਫਐਮ ਪਟਿਆਲਾ ਤੇ ਬਠਿੰਡਾ ਆਕਾਸ਼ਵਾਣੀ ਜਲੰਧਰ ਤੋਂ ਬਹੁਤ ਅੱਗੇ ਹਨ ਇਹਨਾਂ ਦੋਨਾਂ ਕੇਂਦਰਾਂ ਕੋਲ ਨਵੇਂ ਤੇ ਪੁਰਾਣੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਗੀਤਾਂ ਦਾ ਭੰਡਾਰ ਹੈ, ਇੱਕ ਆਕਾਸ਼ਵਾਣੀ ਜਲੰਧਰ ਜੋ ਕਿ ਪੰਜਾਬ ਸੇਵਾ ਦੇ ਨਾਮ ਨਾਲ ਚੱਲਦਾ ਹੈ ਇਹਨਾਂ ਦੇ ਗੀਤ ਜੋ ਕਿ ਦਹਾਕਾ ਪਹਿਲਾਂ ਚੱਲਦੇ ਸਨ ਉਹ ਕਿੱਧਰ ਚਲੇ ਗਏ ਸਮਝ ਤੋਂ ਬਾਹਰ ਹੈ।

ਆਕਾਸ਼ਵਾਣੀ ਲੋਕ ਪ੍ਰਸਾਰਨ ਸੇਵਾ ਹੈ ਇਸ ਵਿੱਚ ਸਰੋਤੇ ਹੀ ਮੁੱਖ ਆਧਾਰ ਹੁੰਦੇ ਹਨ ਜਿਸ ਲਈ ਸਰੋਤਿਆਂ ਦੀਆਂ ਚਿੱਠੀਆਂ ਦਾ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ ਪੇਸ਼ ਕੀਤਾ ਜਾਂਦਾ ਹੈ। ਹਰ ਹਫਤੇ ਇਸ ਪ੍ਰੋਗਰਾਮ ਵਿੱਚ ਚਿੱਠੀਆਂ ਕੁਝ ਪੱਕੇ ਸਰੋਤਿਆਂ ਦੀਆਂ ਹੀ ਪੜ੍ਹੀਆਂ ਜਾਂਦੀਆਂ ਹਨ ਜੋ ਪ੍ਰੋਗਰਾਮਾਂ ਦੀ ਆਲੋਚਨਾ ਕਰਦੇ ਹਨ ਉਹਨਾਂ ਦੀਆਂ ਚਿੱਠੀਆਂ ਨੂੰ ਅਣਡਿੱਠ ਕਰ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਮੈਂ ਇੱਕ ਮੁੱਖ ਸਰੋਤਾ ਹਾਂ। ਚਿੱਠੀਆਂ ਸਬੰਧੀ ਜੋ ਕੋਈ ਵਿਚਾਰ ਦਿੰਦਾ ਹੈ ਉਸ ਬਾਰੇ ਘੜਿਆ ਘੜਾਇਆ ਜਵਾਬ ਹੁੰਦਾ ਹੈ ਅਸੀਂ ਪਤਾ ਕਰਾਂਗੇ ਕੀ ਇਸ ਤਰਾਂ ਹੋਇਆ। ਕਿਸੇ ਨੂੰ ਵੀ ਕੋਈ ਜਵਾਬ ਦੇਣ ਤੋਂ ਪਹਿਲਾਂ ਅਧਿਕਾਰੀ ਨੂੰ ਉਸ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਇਧਰੋਂ ਉਧਰੋਂ ਮਸਾਲਾ ਲੈ ਕੇ ਸਮਾਂ ਪੂਰਾ ਕਰਨਾ ਕੋਈ ਖਾਸ ਗੱਲ ਨਹੀਂ ਹੈ। ਪ੍ਰਸਾਰ ਭਾਰਤੀ ਨੇ ਆਕਾਸ਼ਵਾਣੀ ਜਲੰਧਰ ਦਾ ਨਾਮ ਪੰਜਾਬ ਸੇਵਾ ਰੱਖਿਆ ਹੈ ਪਰ ਇਸ ਵਿੱਚ ਬੋਲਣ ਵਾਲੇ ਐਂਕਰ ਅੱਧੀ ਤੋਂ ਵੱਧ ਭਾਸ਼ਾ ਅੰਗਰੇਜ਼ੀ ਦੀ ਘੋਟ ਕੇ ਆਪਣੀ ਮਹਾਨਤਾ ਵਧਾਉਂਦੇ ਹਨ। ਆਪਣੇ ਭਾਰਤ ਦੀ ਖਾਸ ਵਿਸ਼ੇਸ਼ਤਾ ਹੈ ਆਪਣੇ ਨਾਮ ਦੇ ਨਾਲ ਸਿੰਘ ਕੌਰ ਕੁਮਾਰ ਤੇ ਕੁਮਾਰੀ ਲੱਗਦਾ ਹੈ ਪਰ ਸਦਕੇ ਜਾਈਏ ਆਕਾਸ਼ਵਾਣੀ ਜਲੰਧਰ ਦੇ ਐਂਕਰ ਆਪਣੇ ਵਿਰਾਸਤੀ ਮਿਲੇ ਕੌਰ ਤੇ ਸਿੰਘ ਤੋਂ ਸੱਖਣਾ ਰਹਿਣਾ ਚੰਗਾ ਸਮਝਦੇ ਹਨ ਇਹ ਕਿੱਥੋ ਦੀ ਪੰਜਾਬੀ ਜਾਂ ਭਾਰਤੀ ਵਿਰਾਸਤ ਹੈ।

ਫਰਮਾਇਸ਼ੀ ਪ੍ਰੋਗਰਾਮਾਂ ਵਿੱਚ ਇੱਕੋ ਹੀ ਗਾਣੇ ਵਾਰ-ਵਾਰ ਦੁਹਰਾਏ ਜਾ ਰਹੇ ਹਨ ਅਨੇਕਾਂ ਪੁਰਾਣੇ ਗਾਣੇ ਆਕਾਸ਼ਵਾਣੀ ਜਲੰਧਰ ਕੋਲ ਮੌਜੂਦ ਹੀ ਨਹੀਂ ਨਵੇਂ ਗਾਣੇ ਕਿਹੜੇ ਆਉਂਦੇ ਹਨ ਇਸ ਲਈ ਕੋਈ ਅਲੱਗ ਪ੍ਰੋਗਰਾਮ ਹੀ ਨਹੀਂ ਜਿਸ ਤੋਂ ਪਤਾ ਲੱਗ ਸਕੇ। ਦੇਸ਼ ਪੰਜਾਬ ਪ੍ਰੋਗਰਾਮ ਵਿਦੇਸ਼ੀ ਸਰਵਿਸ ਦਾ ਸਭ ਤੋਂ ਵਧੀਆ ਹੈ ਪਰ ਉਸ ਨੂੰ ਪੰਜਾਬ ਵਿੱਚ ਸੁਣਾਉਣ ਦਾ ਕੋਈ ਵੀ ਪੱਕਾ ਇੰਤਜ਼ਾਮ ਨਹੀਂ, ਸਿਰਫ ਐਪ ਤੇ ਸੁਣ ਸਕਦੇ ਹਾਂ। ਜਦੋਂ ਤੋਂ ਰੇਨਬੋ ਨੇ ਆਪਣੇ ਪ੍ਰਸਾਰਨ ਬੰਦ ਕੀਤੇ ਹਨ ਉਹ ਚੈਨਲ ਤੇ ਦੇਸ਼ ਪੰਜਾਬ ਪ੍ਰੋਗਰਾਮ ਪੇਸ਼ ਕਰਕੇ ਪੂਰੀ ਦੁਨੀਆ ਨੂੰ ਸੁਣਾਇਆ ਜਾ ਸਕਦਾ ਹੈ। ਕੁੱਲ ਮਿਲਾ ਕੇ ਆਕਾਸ਼ਵਾਣੀ ਜਲੰਧਰ ਤੇ ਸਮਾਚਾਰ ਗੁਰਬਾਣੀ ਸਬੰਧੀ ਪ੍ਰੋਗਰਾਮ ਦਿਹਾਤੀ ਪ੍ਰੋਗਰਾਮ ਦੇ ਵੱਸਦੇ ਵਿਹੜੇ ਹੀ ਚੰਗੇ ਪ੍ਰੋਗਰਾਮ ਹਨ ਜੋ ਸੁਣੇ ਜਾ ਸਕਦੇ ਹਨ ਬਾਕੀ ਪ੍ਰੋਗਰਾਮ ਸਮਾਂ ਪੂਰਾ ਕਰਨ ਲਈ ਪੇਸ਼ ਕੀਤੇ ਜਾਂਦੇ ਹਨ। ਯੁਵਬਾਣੀ ਪ੍ਰੋਗਰਾਮ ਨੌਜਵਾਨਾਂ ਲਈ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਭਾਸਾ ਦੀ ਅਜਿਹੀ ਖਿੱਚੜੀ ਪਕਾਈ ਜਾਂਦੀ ਹੈ ਕਿ ਆਮ ਪੰਜਾਬੀ ਉਸਨੂੰ ਸਮਝ ਹੀ ਨਹੀਂ ਸਕਦਾ।

ਇਸ ਲੜੀ ਬਾਰੇ ਬਹੁਤ ਕੁਝ ਕਹਿਣਾ ਬਾਕੀ ਹੈ ਉਸ ਬਾਰੇ ਫੇਰ ਗੱਲ ਕੀਤੀ ਜਾਵੇਗੀ। ਪ੍ਰਸਾਰ ਭਾਰਤੀ ਨੂੰ ਬੇਨਤੀ ਹੈ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਪੰਜਾਬੀ ਹੀ ਰਹਿਣ ਦੇਵੋ ਸਾਡੇ ਕੇਂਦਰ ਦੇ ਜਿਸ ਤਰ੍ਹਾਂ ਪ੍ਰੋਗਰਾਮ ਸਰੋਤੇ ਪਸੰਦ ਕਰਦੇ ਹਨ ਉਸ ਤਰ੍ਹਾਂ ਦੇ ਹੀ ਚੱਲਦੇ ਰਹਿਣ ਦੇਵੋ ਤਾਂ ਜੋ ਸਰੋਤੇ ਲੋਕ ਪ੍ਰਸਾਰਨ ਸੇਵਾ ਨਾਲ ਜੁੜੇ ਰਹਿ ਸਕਣ। ਗੁਰਾਇਆਂ ਤੋਂ ਮੀਡੀਅਮ ਵੇਵ ਟਰਾਂਸਮੀਟਰ ਸੇਵਾ ਕਿਸ ਲਈ ਪੇਸ਼ ਕੀਤੀ ਜਾ ਰਹੀ ਹੈ ਜਦੋਂ ਕਿ ਹੁਣ ਡਿਜੀਟਲ ਦਾ ਜਮਾਨਾ ਹੈ। ਟਰਾਂਸਮੀਟਰ ਸੇਵਾ ਤੇ ਮਹੀਨਾ ਵਾਰ ਲੱਖਾਂ ਰੁਪਇਆ ਖਰਾਬ ਕੀਤਾ ਜਾ ਰਿਹਾ ਹੈ। ਜਦ ਕਿ ਉਹ ਪੈਸਾ ਪ੍ਰਸਾਰਨ ਸੇਵਾ ਉੱਪਰ ਲਗਾਉਣਾ ਚਾਹੀਦਾ ਹੈ। ਐਫ ਐਮ ਤੇ ਐਪ ਸੇਵਾ ਪੂਰੀ ਦੁਨੀਆ ਵਿੱਚ ਸੁਣੀ ਜਾ ਰਹੀ ਹੈ ਇਹ ਵਾਧੂ ਖਰਚੇ ਦੀ ਕੀ ਜਰੂਰਤ ਹੈ। ਸਭ ਤੋਂ ਵੱਡੀ ਵਿਚਾਰਨ ਵਾਲੀ ਗੱਲ ਇਹ ਹੈ ਕਿ ਇਹ ਕੇਂਦਰ ਸਟੀਰੀਓ ਫੌਨਿਕ ਸਿਸਟਮ ਅਧੀਨ ਹੈ ਪਰ ਸਟੀਰੀਓ ਰੂਪੀ ਕੋਈ ਵੀ ਗੀਤ ਸੁਣਨ ਨੂੰ ਨਹੀਂ ਮਿਲਦਾ ਅਧਿਕਾਰੀਆਂ ਨੂੰ ਪੁੱਛਣ ਤੇ ਉਹਨਾਂ ਦਾ ਜਵਾਬ ਹੁੰਦਾ ਹੈ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹਾਂ ਸਾਡਾ ਕੇਂਦਰ ਸਟੀਰੀਓ ਸਿਸਟਮ ਜ਼ਰੂਰ ਹੈ। ਪੰਜਾਬ ਕਲਾ ਪ੍ਰੀਸ਼ਦ ਤੇ ਸਾਹਿਤ ਸਭਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਹਰ ਰੋਜ਼ ਮਾਂ ਬੋਲੀ ਪੰਜਾਬੀ ਦੀਆਂ ਗੱਲਾਂ ਕਰਦੇ ਹੋ ਆਪਣਾ ਮਾਂ ਬੋਲੀ ਪੰਜਾਬੀ ਦਾ ਇੱਕੋ ਇੱਕ ਚੈਨਲ ਆਕਾਸ਼ਵਾਣੀ ਜਲੰਧਰ ਹੈ ਇੱਥੇ ਕੀ ਪੇਸ਼ ਕੀਤਾ ਜਾ ਰਿਹਾ ਹੈ ਜਰੂਰ ਸੁਣੋ ਜੋ ਗਲਤ ਹੈ ਉਸ ਲਈ ਕਦਮ ਚੁੱਕਣੇ ਚਾਹੀਦੇ ਹਨ।

ਰਮੇਸ਼ਵਰ ਸਿੰਘ – ਸੰਪਰਕ ਨੰਬਰ-9914880392

Previous articleIndia is Bangladesh’s largest export destination in Asia: Indian High Commissioner
Next articleਅੰਧਵਿਸ਼ਵਾਸ ਦੀ ਦੁਨੀਆਂ