ਅਕਾਲੀ ਦਲ ਵੱਲੋਂ ‘ਆਪ’ ਸਰਕਾਰ ’ਤੇ ਮਜੀਠੀਆ ਨਾਲ ਅਣਮਨੁੱਖੀ ਵਿਹਾਰ ਕਰਨ ਦੇ ਦੋਸ਼

ਚੰਡੀਗੜ੍ਹ, (ਸਮਾੲਜ ਵੀਕਲੀ):  ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਬਿਕਰਮ ਸਿੰਘ ਮਜੀਠੀਆ ’ਤੇ ਜੇਲ੍ਹ ਵਿੱਚ ਮਾਨਸਿਕ ਤਸ਼ੱਦਦ ਕਰ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਪੀਟੀਸੀ ਦੇ ਐੱਮਡੀ ਰਬਿੰਦਰ ਨਾਰਾਇਣ ਨੂੰ ਝੂਠੇ ਕੇਸ ਵਿੱਚ ਫਸਾ ਕੇ ਪ੍ਰੈੱਸ ਦੀ ਆਜ਼ਾਦੀ ’ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ।

ਇੱਥੇ ਅੱਜ ਗੱਲਬਾਤ ਦੌਰਾਨ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਥਾਪਤ ਲੋਕਤੰਤਰੀ ਨਿਯਮਾਂ ਅਤੇ ਜੇਲ ਮੈਨੁਅਲ ਦੀ ਉਲੰਘਣਾ ਕਰ ਕੇ ਬਿਕਰਮ ਸਿੰਘ ਮਜੀਠੀਆ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਕ ਹਵਾਲਾਤੀ ਵਜੋਂ ਜਿਹੜੀਆਂ ਸਹੂਲਤਾਂ ਮਜੀਠੀਆ ਨੂੰ ਮਿਲਣੀਆਂ ਚਾਹੀਦੀਆਂ ਹਨ, ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ। ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਇਹ ਬਦਲਾਖੋਰੀ ਸਿਰਫ ਮਜੀਠੀਆ ਤੱਕ ਸੀਮਿਤ ਨਹੀਂ ਹੈ ਬਲਕਿ ਸਰਕਾਰ ਪ੍ਰੈੱਸ ਦੀ ਆਜ਼ਾਦੀ ਨੂੰ ਵੀ ਕੁਚਲਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮਿਸ ਪੰਜਾਬਣ ਮੁਕਾਬਲੇ ਨਾਲ ਸਬੰਧਤ ਐੱਫਆਈਆਰ ਵਿੱਚ ਰਬਿੰਦਰ ਨਾਰਾਇਣ ਨੂੰ ਝੂਠਾ ਫਸਾਇਆ ਗਿਆ ਹੈ, ਜਦ ਕਿ ਪੀਟੀਸੀ ਦੀ ਮੈਨੇਜਮੈਂਟ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਨੈਨਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਬਾਵਜੂਦ ਪੁਲੀਸ ਨੇ ਕੇਸ ਦੇ ਦੋ ਮੁੱਖ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਪੀਟੀਸੀ ਦੇ ਐੱਮਡੀ ਖ਼ਿਲਾਫ਼ ਕਾਰਵਾਈ ਕੀਤੀ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ’ਚ ਹੋਏ ਕਤਲਾਂ ਦੇ ਜ਼ਿਆਦਾਤਰ ਮਾਮਲੇ ਨਿੱਜੀ ਰੰਜਿਸ਼ ਨਾਲ ਸਬੰਧਤ: ਡੀਜੀਪੀ
Next articleਨੈਸ਼ਨਲ ਹੈਰਾਲਡ ਮਾਮਲਾ: ਈਡੀ ਵੱਲੋਂ ਖੜਗੇ ਤੋਂ ਪੁੱਛ-ਪੜਤਾਲ