ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਕਾਠਗੜ੍ਹ ਸਰਕਲ ਦੀ ਮੀਟਿੰਗ ਸਾਥੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦੇ ਹੋਏ ਸੂਬਾਈ ਆਗੂ ਸਾਥੀ ਕਰਨ ਸਿੰਘ ਰਾਣਾ ਨੇ ਦੱਸਿਆ ਕਿ ਮੀਟਿੰਗ ਨੇ ਫੈਕਟਰੀਆਂ ਵਲੋਂ ਫੈਲਾਈ ਜਾ ਰਹੀ ਹਵਾ ਪਾਣੀ ਦੇ ਪ੍ਰਦੂਸ਼ਣ ਅਤੇ ਇਲਾਕੇ ਦੇ ਹੋਰ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕੀਤੀ। ਮੀਟਿੰਗ ਨੇ ਚਿੰਤਾ ਪ੍ਰਗਟ ਕੀਤੀ ਕਿ ਹਲਕਾ ਬਲਾਚੌਰ ਦੇ ਦੋ ਦਰਜਨ ਤੋਂ ਵੱਧ ਪਿੰਡ ਹਵਾ ਪਾਣੀ ਦੇ ਪ੍ਰਦੂਸ਼ਣ ਦੀ ਮਾਰ ਹੇਠ ਆ ਚੁੱਕੇ ਹਨ ਅਤੇ ਹੁਣ ਤੱਕ ਸੈਂਕੜੇ ਲੋਕ ਸਮੇਂ ਤੋਂ ਪਹਿਲਾਂ ਭਿਅੰਕਰ ਬਿਮਾਰੀਆਂ ਕਾਰਨ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਇਸ ਖੇਤਰ ਵਿੱਚ ਲੱਗੀਆਂ ਫੈਕਟਰੀਆਂ ਦੇ ਪ੍ਰਬੰਧਕ ਪਰਦੂਸ਼ਣ ਦੇ ਨਿਯਮਾਂ ਤੇ ਕਾਨੂੰਨਾਂ ਦੀ ਘੋਰ ਉਲੰਘਣਾ ਕਰਦੇ ਹਨ ਕਿਉਂਕਿ ਅਫਸਰ ਸ਼ਾਹੀ ਦਾ ਇੱਕ ਵੱਡਾ ਹਿੱਸਾ ਅਤੇ ਰਾਜਨੀਤਿਕ ਲੋਕ ਕਾਨੂੰਨਾਂ ਨੂੰ ਲਾਗੂ ਨਹੀਂ ਕਰਦੇ ਅਤੇ ਆਪਣੀ ਜਿੰਮੇਦਾਰੀ ਤੋਂ ਭੱਜ ਰਹੇ ਹਨ ਸਿੱਟਾ ਮਨੁੱਖੀ ਜਾਨਾਂ ਅਤੇ ਕੁਦਰਤ ਨਾਲ ਖਿਲਵਾੜ ਵਿੱਚ ਨਿਕਲ ਰਿਹਾ ਹੈ।ਇਲਾਕੇ ਵਿੱਚ ਵੱਧ ਰਹੇ ਪ੍ਰਦੂਸ਼ਣ ਵਿਰੁੱਧ ਇਸ ਖੇਤਰ ਦੇ ਲੋਕ ਪਿਛਲੇ 30 ਸਾਲਾਂ ਤੋਂ ਲਗਾਤਾਰ ਸੰਘਰਸ਼ ਲੜ ਰਹੇ ਹਨ ਅਤੇ ਆਵਾਜ਼ ਚੁੱਕ ਰਹੇ ਹਨ ਪਰ ਇਹ ਆਫਤ ਵਧਦੀ ਹੀ ਜਾ ਰਹੀ ਹੈ। ਮੀਟਿੰਗ ਨੇ ਹੈਰਾਨੀ ਪ੍ਰਗਟ ਕੀਤੀ ਕੇ ਵੱਖ ਵੱਖ ਪਾਰਟੀਆਂ ਦੇ ਪਿਛਲੇ 30 ਸਾਲਾਂ ਵਿੱਚ ਬਣੇ ਵਿਧਾਇਕਾਂ ਨੇ ਕਦੇ ਵੀ ਇਸ ਪ੍ਰਦੂਸ਼ਣ ਦੀ ਸਮੱਸਿਆ ਵੱਲ ਧਿਆਨ ਨਹੀਂ ਦਿੱਤਾ। ਮੀਟਿੰਗ ਨੇ ਸਮੂਹ ਜਥੇਬੰਦੀਆਂ, ਰਾਜਨੀਤਕ ਧਿਰਾਂ ਨੌ ਜਵਾਨਾਂ ਅਤੇ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹਵਾ ਪਾਣੀ ਦੇ ਪ੍ਰਦੂਸ਼ਣ ਵਿਰੁੱਧ ਇੱਕ ਮੱਤ ਪ੍ਰਗਟ ਕਰਦੇ ਹੋਏ ਸੰਘਰਸ਼ਾਂ ਦੇ ਹਿੱਸੇਦਾਰ ਬਣਨ ਤਾਂ ਕਿ ਹਜ਼ਾਰਾਂ ਲੋਕਾਂ ਦੀ ਜਾਨ ਨਾਲ ਅਤੇ ਕੁਦਰਤ ਨਾਲ ਹੋ ਰਹੇ ਖਿਲਵਾੜ ਨੂੰ ਰੋਕਿਆ ਜਾ ਸਕੇ। ਇਸੇ ਤਰ੍ਹਾਂ ਮੀਟਿੰਗ ਵਿੱਚ ਕਾਠਗੜ੍ਹ ਦੇ ਉਜੜ ਰਹੇ ਸਿਹਤ ਕੇਂਦਰ, ਆਮ ਆਦਮੀ ਕਲੀਨਿਕ ਅਤੇ ਇਲਾਕੇ ਵਿੱਚ ਨਿਘਰ ਰਹੀ ਪਸ਼ੂਆਂ ਦੀ ਡਿਸਪੈਂਸਰੀਆਂ ਦੇ ਹਾਲ ਤੇ ਵੀ ਖੁੱਲ ਕੇ ਵਿਚਾਰ ਚਰਚਾ ਹੋਈ। ਮੀਟਿੰਗ ਨੇ ਫੈਸਲਾ ਕੀਤਾ ਕਿ 21 ਜੂਨ ਨੂੰ ਦੁਪਹਿਰ 12 ਵਜੇ ਇਲਾਕੇ ਦੇ ਲੋਕਾਂ ਦੀ ਇੱਕ ਜਰੂਰੀ ਮੀਟਿੰਗ ਦਾਣਾ ਮੰਡੀ ਟੌਂਸਾ ਵਿਖੇ ਕੀਤੀ ਜਾਵੇਗੀ ਜਿਸ ਵਿੱਚ ਸ਼ਾਮਿਲ ਹੋਣ ਲਈ ਪੂਰੇ ਇਲਾਕੇ ਦੇ ਲੋਕਾਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ। ਇਸ ਮੀਟਿੰਗ ਵਿੱਚ ਸਾਰੇ ਮਸਲਿਆਂ ਤੇ ਖੁੱਲ ਕੇ ਵਿਚਾਰ ਹੋਣ ਤੋਂ ਬਾਅਦ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਜਾਵੇਗਾ।ਮੀਟਿੰਗ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਹਵਾ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਬਣੇ ਨਿਯਮਾਂ ਅਤੇ ਕਾਨੂੰਨਾਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾਵੇ। ਇਲਾਕੇ ਦੇ ਸਿਹਤ ਕੇਂਦਰ ਕਾਠਗੜ੍ਹ, ਆਮ ਆਦਮੀ ਕਲੀਨਕ ਅਤੇ ਪਸ਼ੂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਅਤੇ ਸਟਾਫ ਦੀ ਘਾਟ ਪੂਰੀ ਕਰਕੇ ਸਿਹਤ ਸੇਵਾਵਾਂ ਨੂੰ ਚੁਸਤ ਦਰੁਸਤ ਕੀਤਾ ਜਾਵੇ। ਇਸ ਮੌਕੇ ਕਰਨੈਲ ਸਿੰਘ ਭੱਲਾ, ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਟੌਂਸਾ, ਮੋਹਨ ਸਿੰਘ ਪ੍ਰਧਾਨ, ਰੋਕੀ ਸਾਬਕਾ ਪੰਚ, ਪ੍ਰਤਾਪ ਰਾਣਾ, ਸਤਪਾਲ ਸਿੰਘ ਸਾਰੋਵਾਲ, ਵਿਨੋਦ ਚੋਪੜਾ, ਮੋਹਣ ਚੰਦ ਰਤੇਵਾਲ, ਮਨੋਹਰ ਲਾਲ ਅਤੇ ਜਸਪ੍ਰੀਤ ਸਿੰਘ ਬਾਜਵਾ ਐਡਵੋਕੇਟ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


