ਅਹਿਮਦਾਬਾਦ (ਸਮਾਜ ਵੀਕਲੀ): ਇੱਥੋਂ ਦੀ ਇੱਕ ਵਿਸ਼ੇਸ਼ ਅਦਾਲਤ ਨੇ 2008 ਵਿੱਚ ਅਹਿਮਦਾਬਾਦ ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਅੱਜ 38 ਦੋਸ਼ੀਆਂ ਨੂੰ ਫ਼ਾਂਸੀ ਅਤੇ 11 ਹੋਰਨਾ ਨੂੰ ਜੇਲ੍ਹ ਵਿੱਚ ਮਰਨ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਧਮਾਕਿਆਂ ਦੌਰਾਨ 56 ਜਾਨਾਂ ਜਾਂਦੀਆਂ ਰਹੀਆਂ ਸਨ ਅਤੇ ਦੋ ਸੌ ਤੋਂ ਵੱਧ ਲੋਕ ਜ਼ਖ਼ਮੀ ਹੋ ਗੲੇ ਸਨ। ਇਹ ਪਹਿਲੀ ਵਾਰ ਜਦੋਂ ਕਿਸੇ ਅਦਾਲਤ ਨੇ ਇੱਕੋ ਸਮੇਂ ਵੱਡੀ ਗਿਣਤੀ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ। ਜਨਵਰੀ 1998 ਵਿੱਚ ਤਾਮਿਲ ਨਾਡੂ ਦੀ ਇੱਕ ਟਾਡਾ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿੱਚ ਸਾਰੇ 26 ਦੋਸ਼ੀਆਂ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਸੀ। ਵਿਸ਼ੇਸ਼ ਜੱਜ ਏ ਆਰ ਪਟੇਲ ਦੀ ਅਦਾਲਤ ਨੇ ਧਮਾਕਿਆਂ ਦੇ 14 ਸਾਲਾਂ ਬਾਅਦ ਸਜ਼ਾਵਾਂ ਸੁਣਾਈਆਂ ਹਨ। ਅਦਾਲਤ ਨੇ ਬੀਤੀ ਅੱਠ ਫਰਵਰੀ ਨੂੰ ਇਸ ਕੇਸ ਵਿੱਚ 49 ਜਣਿਆਂ ਨੂੰ ਦੋਸ਼ੀ ਠਹਿਰਾਇਆ ਸੀ ਅਤੇ 28 ਹੋਰਾਂ ਨੂੰ ਬਰੀ ਕਰ ਦਿੱਤਾ ਸੀ। ਅਹਿਮਦਾਬਾਦ ਸ਼ਹਿਰ ਵਿੱਚ 26 ਜੁਲਾਈ 2008 ਨੂੰ 70 ਮਿੰਟਾਂ ਅੰਦਰ 21 ਧਮਾਕੇ ਹੋਏ ਸਨ।
ਸਰਕਾਰੀ ਵਕੀਲ ਅਮਿਤ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੱਤ ਹਜ਼ਾਰ ਤੋਂ ਵੱਧ ਪੰਨਿਆਂ ਦੇ ਫ਼ੈਸਲੇ ਵਿੱਚ ਅਦਾਲਤ ਨੇ ਕਿਹਾ ਕਿ ਬਹੁਤ ਹੀ ਘੱਟ ਅਜਿਹੇ ਮਾਮਲੇ ਦੇਖਣ ਨੂੰ ਮਿਲਦੇ ਹਨ। ਅਦਾਲਤ ਨੇ 38 ਦੋਸ਼ੀਆਂ ਨੂੰ ਮੌਤ ਤੱਕ ਫ਼ਾਂਸੀ, ਜਦਕਿ 11 ਹੋਰਨਾਂ ਨੂੰ ਮਰਨ ਤੱਕ ਉਮਰ ਕੈਦ ਦੀ ਸਜ਼ਾ ਦੇਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 38 ਜਣਿਆਂ ਨੂੰ ਆਈਪੀਸੀ ਦੀਆਂ ਧਾਰਾਵਾਂ 302 (ਹੱਤਿਆ) ਅਤੇ 120ਬੀ (ਅਪਰਾਧਿਕ ਸਾਜ਼ਿਸ਼) ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਬਾਕੀ 11 ਨੂੰ ਅਪਰਾਧਿਕ ਸਾਜ਼ਿਸ਼ ਅਤੇ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਮੰਨਿਆ ਗਿਆ ਹੈ। ਅਦਾਲਤ ਨੇ 48 ਦੋਸ਼ੀਆਂ ’ਤੇ 2.85 ਲੱਖ ਰੁਪਏ ਅਤੇ ਇੱਕ ’ਤੇ 2.88 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਅਦਾਲਤ ਨੇ ਇਨ੍ਹਾਂ ਧਮਾਕਿਆਂ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਇੱਕ-ਇੱਕ ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ 50-50 ਹਜ਼ਾਰ ਅਤੇ ਮਾਮੂਲੀ ਜ਼ਖ਼ਮੀਆਂ ਨੂੰ 25-25 ਹਜ਼ਾਰ ਰੁਪਏ ਦੇਣ ਦਾ ਆਦੇਸ਼ ਵੀ ਦਿੱਤਾ ਹੈ। ਅਤਿਵਾਦੀ ਜਥੇਬੰਦੀ ਇੰਡੀਅਨ ਮੁਜਾਹਿਦੀਨ ਨਾਲ ਜੁੜੇ 78 ਵਿਅਕਤੀਆਂ ਖ਼ਿਲਾਫ਼ ਅਹਿਮਦਾਬਾਦ ਧਮਾਕਿਆਂ ਦੇ ਮਾਮਲੇ ਵਿੱਚ ਦਸੰਬਰ 2009 ਵਿੱਚ ਮੁਕੱਦਮਾ ਸ਼ੁਰੂ ਹੋਇਆ ਸੀ। ਇਨ੍ਹਾਂ ਵਿੱਚੋਂ ਇੱਕ ਸਰਕਾਰੀ ਗਵਾਹ ਬਣ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly