ਖੇਤੀ ਕਾਨੂੰਨ: ਸ਼ਰਦ ਪਵਾਰ ਵੱਲੋਂ ਭਾਜਪਾ ਦੀ ਹਮਾਇਤ

 

  • ਕੇਂਦਰ ਵੱਲੋਂ ਐੱਨਸੀਪੀ ਮੁਖੀ ਦੇ ਬਿਆਨ ਦਾ ਸਵਾਗਤ
  • ਐੱਨਸੀਪੀ ਨੇ ਪਾਰਟੀ ਮੁਖੀ ਦੇ ਬਿਆਨ ਲਈ ਦਿੱਤਾ ਸਪਸ਼ਟੀਕਰਨ
  • ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਦੀ ਤਰਜ਼ ’ਤੇ ਵਿਰੋਧ ਦੀ ਚਿਤਾਵਨੀ

 

 

ਨਵੀਂ ਦਿੱਲੀ (ਸਮਾਜ ਵੀਕਲੀ): ਸਾਬਕਾ ਕੇਂਦਰੀ ਖੇਤੀ ਮੰਤਰੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਮੁਖੀ ਸ਼ਰਦ ਪਵਾਰ ਨੇ ਕੇਂਦਰ ਦੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਨੂੰ ਮੁਕੰਮਲ ਰੂਪ ਵਿੱਚ ਰੱਦ ਕਰਨ ਦੀ ਥਾਂ ਇਨ੍ਹਾਂ ਵਿੱਚ ਲੋੜੀਂਦੀਆਂ ਸੋਧਾਂ ਦੀ ਕਥਿਤ ਵਕਾਲਤ ਕੀਤੀ ਹੈ, ਜਿਸ ਦਾ ਕੇਂਦਰ ਦੀ ਭਾਜਪਾ ਸਰਕਾਰ ਨੇ ਸਵਾਗਤ ਕੀਤਾ ਹੈ। ਉਧਰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਸਮੇਤ ਹੋਰਨਾਂ ਕਿਸਾਨ ਜਥੇਬੰਦੀਆਂ ਦੀ ਤਿੱਖੀ ਪ੍ਰਤੀਕਿਰਿਆ ਮਗਰੋਂ ਐੱਨਸੀਪੀ ਨੇ ਆਪਣੇ ਆਗੂ ਦਾ ਬਚਾਅ ਕਰਦਿਆਂ ਕਿਹਾ ਕਿ ਸ਼ਰਦ ਪਵਾਰ ਦਾ ਖੇਤੀ ਕਾਨੂੰਨਾਂ ’ਚ ਸੋਧ ਸਬੰਧੀ ਬਿਆਨ ਕੇਂਦਰ ਦੇ ਤਿੰਨ ਵਿਵਾਦਿਤ ਕਾਨੂੰਨਾਂ ਬਾਰੇ ਨਹੀਂ ਬਲਕਿ ਸੂਬਾਈ ਕਾਨੂੰਨਾਂ ਵਿੱਚ ਤਜਵੀਜ਼ਤ ਫੇਰਬਦਲ ਬਾਰੇ ਸੀ।

ਸੰਯੁਕਤ ਕਿਸਾਨ ਮੋਰਚੇ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੂੰ ਖੇਤੀ ਕਾਨੂੰਨਾਂ ’ਤੇ ਲੀਕ ਮਾਰੇ ਜਾਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੈ। ਮੋਰਚੇ ਨੇ ਚਿਤਾਵਨੀ ਦਿੱਤੀ ਕਿ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਤੇ ਖੇਤੀ ਕਾਨੂੰਨਾਂ ਦੀ ਤਰਫ਼ਦਾਰੀ ਕਰਨ ਵਾਲੀਆਂ ਸਿਆਸੀ ਧਿਰਾਂ ਦਾ ਭਾਜਪਾ ਵਾਂਗ ਹੀ ਵਿਰੋਧ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਅੱਜ ਪੱਤਰਕਾਰਾਂ ਕੋਲ ਦਾਅਵਾ ਕੀਤਾ ਸੀ ਕਿ ਦੇਸ਼ ਦੇ ਸਿਖਰਲੇ ਆਗੂਆਂ ’ਚ ਸ਼ੁਮਾਰ ਸ਼ਰਦ ਪਵਾਰ ਨੇ ਇਹ ਕਹਿੰਦਿਆਂ ਖੇਤੀ ਕਾਨੂੰਨਾਂ ਦੀ ਹਮਾਇਤ ਕੀਤੀ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਬਦਲਣ ਦੀ ਕੋਈ ਲੋੜ ਨਹੀਂ ਹੈ ਤੇ ਇਨ੍ਹਾਂ ਵਿਚਲੀਆਂ ਕੁਝ ਸ਼ਰਤਾਂ, ਜਿਨ੍ਹਾਂ ਬਾਰੇ ਕਿਸਾਨਾਂ ਨੂੰ ਉਜਰ ਹੈ, ਵਿੱਚ ਸੋਧ ਕੀਤੀ ਜਾ ਸਕਦੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਲ ਤੇ ਘਰੇਲੂ ਗੈਸ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਪ੍ਰਦਰਸ਼ਨ ਦਾ ਐਲਾਨ
Next articleਅਕਾਲ ਤਖ਼ਤ ਦਾ ਸਥਾਪਨਾ ਦਿਵਸ: ਸਿੱਖੀ ਸਿਧਾਂਤਾਂ ’ਤੇ ਪਹਿਰਾ ਦੇਣ ਦਾ ਸੱਦਾ