ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨੈਸ਼ਨਲ ਅਕੈਡਮੀ ਆਫ਼ ਐਗਰੀਕਲਚਰਲ ਸਾਇੰਸ, ਲੁਧਿਆਣਾ ਚੈਪਟਰ, ਦੀ ਅਗਵਾਈ ਹੇਠ, ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਪਿੰਡ ਨਾਰੂ ਨੰਗਲ ਖਾਸ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ। ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਡਾ. ਮਨਿੰਦਰ ਸਿੰਘ ਬੌਂਸ ਨੇ ਇਸ ਕੇਂਦਰ ਦੀਆਂ ਗਤੀਵਿਧੀਆਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਨੇ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਖਾਦ, ਨਦੀਨ ਅਤੇ ਕੀਟ ਪ੍ਰਬੰਧਨ ਬਾਬਤ ਜਰੂਰੀ ਨੁਕਤੇ ਸਾਂਝੇ ਕੀਤੇ। ਡਾ. ਬੌਂਸ ਨੇ ਦੱਸਿਆ ਕਿ ਮੌਜੂਦਾ ਮੌਸਮ ਆਲੂਆਂ ਦੇ ਪਛੇਤੇ ਝੁਲਸ ਰੋਗ ਤੇ ਕਣਕ ਦੀ ਪੀਲੀ ਕੁੰਗੀ ਬਿਮਾਰੀ ਦੀ ਸ਼ੁਰੂਆਤ ਅਤੇ ਵਾਧੇ ਲਈ ਸੁਖਾਵਾਂ ਹੈ। ਉਨ੍ਹਾਂ ਕਿਸਾਨਾਂ ਨੂੰ ਚੌਕਸੀ ਨਾਲ ਖੇਤਾਂ ਦਾ ਲਗਾਤਾਰ ਸਰਵੇਖਣ ਰੱਖਣ ਲਈ ਕਿਹਾ ਅਤੇ ਕਿਸੇ ਵੀ ਫਸਲੀ ਸਮੱਸਿਆ ਦੇ ਹੱਲ ਲਈ ਮਾਹਿਰਾਂ ਨਾਲ ਸੰਪਰਕ ਕਰਨ ਲਈ ਜੋਰ ਦਿੱਤਾ। ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਪਸ਼ੂ ਪਾਲਣ ਦੇ ਮਾਹਿਰ ਡਾ. ਪਰਮਿੰਦਰ ਸਿੰਘ ਨੇ ਸਰਦੀ ਦੇ ਮੌਸਮ ਵਿੱਚ ਪਸ਼ੂਆਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਸ਼ੂਆਂ ਦੀ ਖੁਰਾਕ ਵਿੱਚ ਧਾਤਾਂ ਦੇ ਚੂਰੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਸ ਦੇ ਲਗਾਤਾਰ ਇਸਤੇਮਾਲ ਬਾਰੇ ਕਿਹਾ। ਸਹਾਇਕ ਪੋ੍ਰਫੈਸਰ (ਸਬਜੀ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਡਾ. ਕਰਮਵੀਰ ਸਿੰਘ ਗਰਚਾ ਨੇ ਰੋਜਾਨਾ ਖੁਰਾਕ ਵਿੱਚ ਫਲਾਂ, ਸਬਜੀਆਂ ਤੇ ਖੁੰਬਾਂ ਦੀ ਪੋਸ਼ਣ ਮਹੱਤਤਾ ਬਾਰੇ ਜਾਗਰੂਕ ਕੀਤਾ ਅਤੇ ਘਰੇਲੂ ਪੱਧਰ ਤੇ ਸਰਵਪੱਖੀ ਪੌਸ਼ਟਿਕ ਘਰ ਬਗੀਚੀ ਅਪਨਾਉਣ ਲਈ ਵੀ ਪ੍ਰੇਰਿਆ। ਇਸ ਦੌਰਾਨ ਖੇਤੀ ਸਬੰਧੀ ਖਦਸ਼ਿਆਂ ਤੇ ਸਮੱਸਿਆਂ ਬਾਰੇ ਮਾਹਿਰਾਂ ਨਾਲ ਵਿਚਾਰ ਚਰਚਾ ਵੀ ਕੀਤੀ ਗਈ। ਕੈਂਪ ਵਿੱਚ ਪਿੰਡ ਨਾਰੂ ਨੰਗਲ ਖਾਸ ਦੇ ਸਰਪੰਚ ਊਸ਼ਾ ਕੁਮਾਰੀ ਅਤੇ ਹੋਰ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ, ਬਲਵੀਰ ਸਿੰਘ, ਅਵਤਾਰ ਸਿੰਘ, ਸੰਜੀਵ ਕੁਮਾਰ, ਭੀਮ ਸਿੰਘ, ਤਾਰਾਚੰਦ, ਹਰਪ੍ਰੀਤ ਸਿੰਘ ਤੇ ਤੀਰਥ ਸ਼ਰਮਾ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj