(ਸਮਾਜ ਵੀਕਲੀ) ਹਰ ਸਾਲ ਅੱਜ ਦੇ ਦਿਨ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਯਾਦ ਕੀਤਾ ਜਾਂਦਾ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ 47 ਸਾਲ ਸਾਡੇ ਦੇਸ਼ ਦੀ ਜ਼ਾਤੀ ਵਿਵਸਥਾ, ਸਰਮਾਏਦਾਰੀ ਅਤੇ ਜ਼ਾਤੀ ਨਫ਼ਰਤ ਦੇ ਖਿਲਾਫ਼ ਸੰਘਰਸ਼ ਨੂੰ ਅਰਪਿਤ ਕੀਤੇ। ਜਿਸ ਦੀ ਹਰ ਕਵਿਤਾ ਅਤੇ ਗੀਤ ਵਿਚ ਗ਼ੁਰਬਤ ਭਰੀ ਜ਼ਿੰਦਗੀ ਜੀਅ ਰਹੇ ਲੋਕਾਂ ਦਾ ਦਰਦ ਛੁਪਿਆ ਹੋਇਆ ਸੀ। ਇਹ ਦਰਦ ਖ਼ੁਦ ਉਸ ਨੇ ਆਪਣੇ ਪਿੰਡੇ ਵੀ ਹੰਢਾਇਆ ਸੀ, ਉਹ ਖ਼ੁਦ ਭਾਵੇਂ ਛਿਪ ਗਿਆ, ਪਰ ਉਹਦੇ ਗੀਤਾਂ ਤੇ ਨਜ਼ਮਾਂ ਦਾ ਤਪ-ਤੇਜ਼ ਭਖਦਾ ਰਹੇਗਾ ਤੇ ਕਿਰਤੀ ਕਾਮਿਆਂ ਅੰਦਰ ਰੋਹ ਦੀਆਂ ਚਿਣਗਾਂ ਬਾਲਦਾ ਰਹੇਗਾ। ਉਦਾਸੀ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਜਮਾਤੀ ਦੁਸ਼ਮਣਾਂ ਅਤੇ ਸਰਮਾਏਦਾਰੀ ਦੇ ਸਫ਼ਾਏ ਦੀ ਐਸੀ ਅੱਗ ਬਾਲੀ ਜੋ ਹਾਕਮਾਂ ਤੇ ਲੋਟੂਆਂ ਦੇ ਬੁਝਾਉਣ ਦੇ ਬਾਵਜੂਦ ਬੁਝਣ ਵਾਲੀ ਨਹੀਂ ਸੀ।
ਜਦੋਂ ਉਹ ਗਾਉਂਦਾ ਤਾਂ ਉਹਦੇ ਗੀਤਾਂ ਵਿਚਲੀ ਰੋਹ ਭਰੀ ਲਲਕਾਰ ਹੋਰ ਵੀ ਪ੍ਰਚੰਡ ਹੋ ਜਾਂਦੀ ਸੀ। ਉਹ ਖੱਬਾ ਹੱਥ ਕੰਨ ‘ਤੇ ਧਰ ਕੇ ਸੱਜੀ ਬਾਂਹ ਅਸਮਾਨ ਵੱਲ ਉਗਾਸਦਾ ਤਾਂ ਉਹਦੇ ਹਾਕ ਮਾਰਵੇਂ ਬੋਲ ਦੂਰ ਤਕ ਗੂੰਜਦੇ। ਉਹ ਆਪਣੀ ਗੂੰਜਵੀਂ ਆਵਾਜ਼ ਨਾਲ ਹਜ਼ਾਰਾਂ ਸਰੋਤਿਆਂ ਦੇ ‘ਕੱਠਾਂ ਨੂੰ ਕੀਲ ਲੈਂਦਾ। ਜਿੰਨੇ ਜਾਨਦਾਰ ਉਹਦੇ ਗੀਤ ਸਨ ਓਨੀ ਹੀ ਧੜੱਲੇਦਾਰ ਉਹਦੀ ਆਵਾਜ਼ ਸੀ। ਉਹ ਹਿੱਕ ਦੇ ਤਾਣ ਨਾਲ ਇਨਕਲਾਬੀ ਗੀਤ ਗਾਉਂਦਾ:
ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ
ਲਹੂ ਪੀਣੀ ਜੋਕ ਹਾਣੀਆਂ…।
ਸੰਤ ਰਾਮ ਉਦਾਸੀ 20 ਅਪਰੈਲ 1939 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿਚ ਕੰਮੀਆਂ ਦੇ ਵਿਹੜੇ ਜੰਮਿਆ। ਉਸ ਦਾ ਪੜਦਾਦਾ ਭਾਈ ਕਾਹਲਾ ਸਿੰਘ ਆਪਣੇ ਸਮੇਂ ਦਾ ਚੰਗਾ ਗਵੰਤਰੀ ਸੀ। ਉਦਾਸੀ ਨੂੰ ਹੇਕਮਈ ਸੁਰੀਲੀ ਆਵਾਜ਼ ਵਿਰਸੇ ਵਿਚੋਂ ਮਿਲੀ। ਉਨ੍ਹਾਂ ਦੇ ਵਡੇਰੇ ਦਿਆਲਪੁਰਾ ਭਾਈਕਾ ਤੋਂ ਉੱਠ ਕੇ ਰਾਏਸਰ ਆਏ ਸਨ। ਉਦੋਂ ਪੰਜਾਬ ਵਿਚ ਵੀ ਨਕਸਲਬਾੜੀ ਲਹਿਰ ਪਹੁੰਚ ਚੁੱਕੀ ਸੀ। ਉਹ ਨਕਸਲਬਾੜੀ ਲਹਿਰ ਵਿਚ ਕੁੱਦ ਪਿਆ ਸੀ ਤੇ ਜਮਾਤੀ ਦੁਸ਼ਮਣਾਂ ਅਤੇ ਸਰਮਾਏਦਾਰੀ ਦੇ ਸਫ਼ਾਏ ਦੀਆਂ ਗੱਲਾਂ ਕਰਦਾ ਇਨਕਲਾਬੀ ਗੀਤ ਗਾਉਂਦਾ ਸੀ। ਉਹਦੇ ਗੀਤ ਵੱਡੇ-ਵੱਡੇ ‘ਕੱਠਾਂ ਨੂੰ ਬੰਨ੍ਹ ਬਿਠਾਉਂਦੇ। ਟੋਲੀਆਂ ਦੀਆਂ ਟੋਲੀਆਂ ਉਹਨੂੰ ਇਉਂ ਸੁਣਨ ਜਾਂਦੀਆਂ ਸਨ ਜਿਵੇਂ ਲੋਕ ਸੁਰਿੰਦਰ ਕੌਰ ਅਤੇ ਯਮਲੇ ਜੱਟ ਨੂੰ ਸੁਣਨ ਜਾਂਦੇ ਸਨ। ਉਸ ਵੇਲੇ ਸ਼ਿਵ ਕੁਮਾਰ ਦੀ ਆਪਣੀ ਥਾਂ ਸੀ ਤੇ ਉਦਾਸੀ ਨੇ ਆਪਣੀ ਥਾਂ ਬਣਾ ਲਈ ਸੀ। ਸ਼ਿਵ ਕੁਮਾਰ ਬਿਰਹਾ ਗਾਉਂਦਾ ਸੀ ਜਦੋਂ ਕਿ ਉਦਾਸੀ ਇਨਕਲਾਬ ਦੀਆਂ ਹੇਕਾਂ ਲਾਉਂਦਾ ਸੀ।
ਸੰਤ ਰਾਮ ਉਦਾਸੀ ਦਾ ਬਚਪਨ ਆਮ ਕੰਮੀਆਂ ਦੇ ਨਿਆਣਿਆਂ ਵਾਂਗ ਤੰਗੀ ਤੁਰਸ਼ੀ ਵਿਚ ਹੀ ਬੀਤਿਆ, ਪਰ ਇਸ ਗੱਲੋਂ ਉਹ ਖੁਸ਼ਕਿਸਮਤ ਰਿਹਾ ਕਿ ਪੱਛੜੇ ਇਲਾਕੇ ਦੇ ਪੱਛੜੇ ਪਿੰਡ ਵਿਚ ਵੀ ਦਸਵੀਂ ਤਕ ਪੜ੍ਹ ਗਿਆ। ਅੱਖਰਾਂ ਦੀ ਜਾਣਕਾਰੀ ਨੇ ਉਸ ਲਈ ਗਿਆਨ ਦੇ ਬੂਹੇ ਖੋਲ੍ਹ ਦਿੱਤੇ। ਦਸਵੀਂ ਕਰ ਕੇ ਉਹ ਭੈਣੀ ਸਾਹਿਬ ਚਲਾ ਗਿਆ ਤੇ ਕੁਝ ਸਮਾਂ ਪੌਂਗ ਡੈਮ ‘ਤੇ ਮੁਣਸ਼ੀ ਦੀ ਨੌਕਰੀ ਕੀਤੀ। ਫਿਰ ਉਹ ਜੇ.ਬੀ.ਟੀ. ਦਾ ਕੋਰਸ ਕਰ ਕੇ ਪ੍ਰਾਇਮਰੀ ਸਕੂਲ ਬੀਹਲੇ ਵਿਚ ਅਧਿਆਪਕ ਲੱਗ ਗਿਆ ਜਿਸ ਨਾਲ ਉਹ ਪੈਰਾਂ ਸਿਰ ਹੋ ਗਿਆ ਤੇ ਪਜਾਮੇ ਦੀ ਥਾਂ ਪੈਂਟ ਪਾਉਣ ਲੱਗਾ। ਮਾਸਟਰ ਲੱਗ ਕੇ ਉਹਦੇ ਗਿਆਨ ਤੇ ਤਜਰਬੇ ਵਿਚ ਵਾਧਾ ਹੋਣਾ ਸ਼ੁਰੂ ਹੋਇਆ ਅਤੇ ਅਧਿਆਪਕਾਂ ਵਿਚ ਉਹਦਾ ਦਾਇਰਾ ਖੁੱਲ੍ਹ ਗਿਆ। ਉਸ ਦਾ ਇਹ ਕਾਵਿ-ਬੰਦ ਉਹਦੀ ਆਪਣੀ ਅਤੇ ਕੰਮੀਆਂ ਦੇ ਵਿਹੜੇ ਦੇ ਜੁਆਕਾਂ ਦੀ ਹਾਲਤ ਨੂੰ ਬਿਆਨਦਾ ਹੈ।
ਜਿੱਥੇ ਲੋਕ ਬੜੇ ਮਜਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਈਂ ਵੇ ਸੂਰਜਾ……
ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ
ਤੂੰ ਮਘਦਾ ਰਈਂ ਵੇ ਸੂਰਜਾ……
ਬਚਪਨ ਵਿਚ ਉਸ ਦੀਆਂ ਅੱਖਾਂ ਵਿਚ ਕੁੱਕਰੇ ਪੈਣ ਕਾਰਨ ਇਲਾਜ ਕਰਾਉਣ ਲਈ ਉਹਦੀ ਮਾਂ ਉਹਨੂੰ ਸਾਧੂ ਈਸ਼ਰ ਦਾਸ ਉਦਾਸੀ ਦੇ ਡੇਰੇ ਪਿੰਡ ਮੂੰਮ ਲੈ ਗਈ ਸੀ। ਇਲਾਜ ਨਾਲ ਅੱਖਾਂ ਕੁਝ ਠੀਕ ਹੋਈਆਂ ਤਾਂ ਸੰਤ ਰਾਮ ਦਾ ਉਸ ਡੇਰੇ ਵਿਚ ਆਉਣ ਜਾਣ ਹੋ ਗਿਆ। ਉਹਦੇ ਦਾਦੇ ਨੇ ਉਹਨੂੰ ‘ਉਦਾਸੀ’ ਕਹਿਣਾ ਸ਼ੁਰੂ ਕਰ ਦਿੱਤਾ ਜੋ ਸੰਤ ਰਾਮ ਦੇ ਨਾਂ ਨਾਲ ਹਮੇਸ਼ਾਂ ਲਈ ਜੁੜ ਗਿਆ। 3 ਨਵੰਬਰ 1986 ਨੂੰ ਹਜ਼ੂਰ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਵੀ ਦਰਬਾਰ ਰੱਖਿਆ ਗਿਆ ਸੀ। ਉਸ ਵਿਚ ਉਦਾਸੀ ਨੂੰ ਵੀ ਬੁਲਾਇਆ ਗਿਆ। ਵਾਪਸੀ ‘ਤੇ ਜਦੋਂ ਉਹ ਆਉਣ ਲੱਗਾ ਤਾਂ ਇਸ ਦਾ ਇਕ ਹੋਰ ਲੇਖਕ ਨਾਲ ਮੇਲ ਹੋ ਗਿਆ। ਲੇਖਕ ਰੇਲ ਗੱਡੀ ਵਿਚ ਸੀਟ ‘ਤੇ ਬੈਠ ਗਿਆ, ਪਰ ਸੰਤ ਰਾਮ ਉਦਾਸੀ ਥੋੜ੍ਹੇ ਚਿਰ ਬਾਅਦ ਉੱਪਰਲੀ ਸੀਟ ‘ਤੇ ਸੌਂ ਗਿਆ। ਮਨਵਾੜ ਆ ਕੇ ਜਦ ਲੇਖਕ ਨੇ ਉਦਾਸੀ ਨੂੰ ਉਠਾਇਆ ਤਾਂ 6 ਨਵੰਬਰ 1986 ਨੂੰ 47 ਸਾਲ ਦੀ ਉਮਰ ਵਿਚ ਕੰਮੀਆਂ ਦੇ ਵਿਹੜੇ ਵਿੱਚ ਮਘਣ ਵਾਲਾ ਸੂਰਜ ਅਖੀਰ ਸਿਖਰ ਦੁਪਹਿਰੇ ਹੀ ਇਸ ਦੁਨੀਆ ਤੋਂ ਜਾ ਚੁੱਕਿਆ ਸੀ। ਸੰਤ ਰਾਮ ਉਦਾਸੀ ਨੇ ਸਾਰੀ ਉਮਰ ਆਪਣੇ, ਪਰਿਵਾਰ ਅਤੇ ਸਮਾਜ ਵਾਸਤੇ ਗੀਤਾਂ, ਕਵਿਤਾਵਾਂ ਅਤੇ ਸੰਘਰਸ਼ ਦੇ ਵਿਚਾਰਧਾਰਕ ਵਿਚਾਰਾਂ ਦੀ ਜੋ ਪੂੰਜੀ ਕਮਾਈ ਸੀ ਜਾਣ ਤੋਂ ਪਹਿਲਾਂ ਵਸੀਅਤ ਦੇ ਤੌਰ ‘ਤੇ ਲੋਕਾਂ ਦੇ ਨਾਂ ਕਰ ਗਿਆ:
ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ
ਮੇਰੀ ਵੀ ਜ਼ਿੰਦਗੀ ਕੀ? ਬਸ ਬੂਰ ਸਰਕੜੇ ਦਾ
ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ।
ਹੋਣਾ ਨਹੀਂ ਮੈਂ ਚਾਹੁੰਦਾ, ਸੜ ਕੇ ਸੁਆਹ ਇਕੇਰਾਂ
ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ ਜਲਾਇਓ।
ਕੁਲਦੀਪ ਸਿੰਘ ਸਾਹਿਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj