ਵਿਸ਼ਵ ਦੇ ਇਤਿਹਾਸਕ ਸ਼ਹਿਰਾਂ, ਅੰਮ੍ਰਿਤਸਰ – ਰੋਮ ਵਿਚਕਾਰ ਸਿੱਧੀ ਉਡਾਣ 8 ਸਤੰਬਰ ਤੋਂ ਸ਼ੁਰੂ
ਸਤੰਬਰ (ਸਮਾਜ ਵੀਕਲੀ): ਯੂਕੇ ਦੇ ਲੰਡਨ ਹੀਥਰੋ ਅਤੇ ਬਰਮਿੰਘਮ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਨਾਲ ਜੁੜਣ ਤੋਂ ਬਾਅਦ, ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਹੁਣ ਏਅਰ ਇੰਡੀਆ ਦੁਆਰਾ ਯੂਰਪ ਦੇ ਤੀਜੇ ਹਵਾਈ ਅੱਡੇ ਲਈ ਸਿੱਧੀਆਂ ਉਡਾਣਾਂ ਨਾਲ ਜੁੜਣ ਜਾ ਰਿਹਾ ਹੈ।
ਇਸ ਸੰਬੰਧੀ ਪ੍ਰੈਸ ਨੂੰ ਜਾਰੀ ਇਕ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ ਅਤੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ, ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਯੂਕੇ ਤੋਂ ਬਾਅਦ, ਹੁਣ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਚੰਗੀ ਖਬਰ ਹੈ। ਏਅਰ ਇੰਡੀਆ ਵਲੋਂ 8 ਸਤੰਬਰ ਤੋਂ ਵਿਸ਼ਵ ਦੇ ਇਤਿਹਾਸਕ ਸ਼ਹਿਰਾਂ, ਅੰਮ੍ਰਿਤਸਰ ਅਤੇ ਰੋਮ ਵਿਚਕਾਰ ਹਰ ਹਫਤੇ ਵਿਚ ਇਕ ਸਿੱਧੀ ਉਡਾਣ ਮੁੜ ਸ਼ੁਰੂ ਕਰ ਰਹੀ ਹੈ।
ਏਅਰ ਇੰਡੀਆ ਦੀ ਉਡਾਣ ਏਆਈ123 ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:55 ਵਜੇ ਉਡਾਣ ਭਰੇਗੀ ਅਤੇ ਉਸੇ ਦਿਨ ਰਾਤ ਨੂੰ ਸਥਾਨਕ ਸਮੇਂ ਅਨੁਸਾਰ ਰਾਤ ਨੂੰ 8:20 ਵਜੇ ਰੋਮ ਪਹੁੰਚੇਗੀ। ਵਾਪਸੀ ਦੀ ਉਡਾਣ ਏਆਈ122 ਅਗਲੇ ਦਿਨ ਵੀਰਵਾਰ ਨੂੰ ਸ਼ਾਮ 7:00 ਵਜੇ ਰੋਮ ਤੋਂ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਸਵੇਰੇ 5:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ‘ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ। ਇਨ੍ਹਾਂ ਉਡਾਣਾਂ ਦੀ ਬੁਕਿੰਗ ਏਅਰ ਇੰਡੀਆ ਦੀ ਵੈਬਸਾਈਟ ਤੇ 28 ਅਕਤੂਬਰ ਤੱਕ ਲਈ ਉਪਲੱਬਧ ਹੈ।
ਗੁਮਟਾਲਾ ਨੇ ਦੱਸਿਆ ਕਿ ਯੂਕੇ ਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਹੁਣ ਇਟਲੀ ਦੀ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀਆਂ ਤੋਂ ਛੋਟ ਨਾਲ ਏਅਰ ਇੰਡੀਆ ਵਲੋਂ ਹੁਣ ਇਸ ਸਿੱਧੀ ਉਡਾਣ ਨੂੰ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਪ੍ਰੈਲ, 2021 ਦੇ ਅਖੀਰ ਵਿੱਚ ਭਾਰਤ ਵਿੱਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧੇ ਕਾਰਨ, ਇਟਲੀ ਸਰਕਾਰ ਦੁਆਰਾ ਸਿੱਧੀਆਂ ਉਡਾਣਾਂ ‘ਤੇ ਆਓਣ ਵਾਲੇ ਯਾਤਰੀਆਂ ਉੱਪਰ ਪਾਬੰਦੀ ਲਾਉਣ ਦੇ ਫੈਸਲੇ ਕਾਰਨ ਭਾਰਤ ਵਿੱਚ ਫਸੇ ਹਜ਼ਾਰਾਂ ਪੰਜਾਬੀ ਭਾਈਚਾਰੇ ਦੇ ਇਟਲੀ ਵਾਸੀਆਂ ਲਈ ਇਹ ਵੱਡੀ ਰਾਹਤ ਹੈ।
ਇਹਨਾਂ ਪਾਬੰਦੀਆਂ ਕਾਰਣ ਉਹਨਾਂ ਨੂੰ ਵਾਪਸ ਆਪਣੇ ਮੁਲਕ ਜਾਣ ਲਈ ਯੂਰਪ ਦੇ ਦੂਜੇ ਦੇਸ਼ਾਂ ਰਾਹੀਂ ਵਿਸ਼ੇਸ਼ ਚਾਰਟਰ ਉਡਾਣਾਂ ’ਤੇ ਬਹੁਤ ਜ਼ਿਆਦਾ ਕਿਰਾਇਆ ਖਰਚ ਕੇ ਅਤੇ ਦੂਜੇ ਦੇਸ਼ਾਂ ਵਿੱਚ ਹੀ ਕੁਆਰੰਟੀਨ ਸ਼ਰਤਾਂ ਪੂਰੀਆਂ ਕਰਕੇ ਇਟਲੀ ਜਾਣਾ ਪੈ ਰਿਹਾ ਸੀ। ਇਸ ਸਿੱਧੀ ਉਡਾਣ ਨਾਲ ਹੁਣ ਉਹਨਾਂ ਦਾ ਕਿਰਾਇਆ ਵੀ ਘੱਟ ਲੱਗੇਗਾ ਅਤੇ ਉਨ੍ਹਾਂ ਦੀ ਯਾਤਰਾ ਦਾ ਸਮਾਂ ਸਿਰਫ 7 ਤੋਂ 8 ਘੰਟਿਆਂ ਦਾ ਰਹਿ ਜਾਵੇਗਾ।
ਫਲਾਈਅੰਮ੍ਰਿਤਸਰ ਇਨੀਸ਼ਿਏਟਿਵ ਦੇ ਕਨਵੀਨਰ (ਭਾਰਤ) ਅਤੇ ਵਿਕਾਸ ਮੰਚ ਦੇ ਸਕੱਤਰ ਯੋਗੇਸ਼ ਕਾਮਰਾ ਨੇ ਕਿਹਾ ਕਿ ਯੂਰਪ ਲਈ ਇਨ੍ਹਾਂ ਉਡਾਣਾਂ ਦਾ ਸੰਚਾਲਨ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੇ ਅੰਤਰਰਾਸ਼ਟਰੀ ਸੰਪਰਕ ਲਈ ਵੱਡਾ ਹੁਲਾਰਾ ਹੈ। ਉਹਨਾਂ ਦੱਸਿਆ ਕਿ “ਅੰਮ੍ਰਿਤਸਰ ਇਸ ਵੇਲੇ ਭਾਰਤ ਦਾ ਇਕੱਲਾ ਹਵਾਈ ਅੱਡਾ ਹੈ ਜੋ ਯੂਕੇ ਦੇ 2 ਹਵਾਈ ਅੱਡਿਆਂ ਨਾਲ ਸਿੱਧਾ ਜੁੜਿਆ ਹੋਇਆ ਹੈ। ਰੋਮ ਦੀ ਉਡਾਣ ਸ਼ੁਰੂ ਹੋਣ ਨਾਲ, ਦਿੱਲੀ ਤੋਂ ਬਾਅਦ ਕੋਵਿਡ ਦੋਰਾਨ ਇਹ ਭਾਰਤ ਦਾ ਦੂਜਾ ਹਵਾਈ ਅੱਡਾ ਹੋਵੇਗਾ ਜੋ ਏਅਰ ਇੰਡੀਆ ਦੁਆਰਾ ਯੂਰਪ ਦੇ ਤਿੰਨ ਹਵਾਈ ਅੱਡਿਆਂ ਨਾਲ ਸਿੱਧਾ ਜੁੜ ਜਾਵੇਗਾ।”
ਕਾਮਰਾ ਨੇ ਕਿਹਾ, “ਅਸੀਂ ਯੂਕੇ (ਲੰਡਨ ਅਤੇ ਬਰਮਿੰਘਮ) ਅਤੇ ਇਟਲੀ (ਰੋਮ) ਲਈ ਉਡਾਣਾਂ ਦੁਬਾਰਾ ਸ਼ੁਰੂ ਕਰਨ ਲਈ ਏਅਰ ਇੰਡੀਆ ਅਤੇ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਧੰਨਵਾਦੀ ਹਾਂ। ਯੂਕੇ ਅਤੇ ਯੂਰਪ ਵਿੱਚ ਲੱਖਾਂ ਪੰਜਾਬੀ ਪ੍ਰਵਾਸੀਆਂ ਲਈ ਇਹ ਉਡਾਣਾਂ ਘੱਟ ਸਮੇਂ ਵਿੱਚ ਯਾਤਰਾ ਪੂਰਾ ਕਰਨ ਵਿੱਚ ਸਹਾਈ ਹੋਣਗੀਆਂ। ਇਨ੍ਹਾਂ ਉਡਾਣਾਂ ਦੀ ਸਫਲਤਾ, ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਨਕੂਵਰ ਸਮੇਤ ਹੋਰ ਦੇਸ਼ਾਂ ਲਈ ਸਿੱਧੀ ਅੰਤਰਰਾਸ਼ਟਰੀ ਉਡਾਣਾਂ ਦੀ ਸਾਡੀ ਮੰਗ ਦੇ ਉਚਿਤਤਾ ਨੂੰ ਮਜ਼ਬੂਤ ਕਰਦੀ ਹੈ। ਅਸੀੰ ਏਅਰ ਇੰਡੀਆ ਨੂੰ ਅਪੀਲ ਕਰਦੇ ਹਾਂ ਕਿ ਸਰਦੀਆਂ ਦੇ ਮੌਸਮ ਦੌਰਾਨ ਅਕਤੂਬਰ 2021 ਤੋਂ ਬਾਅਦ ਇਹਨਾਂ ਉਡਾਣਾਂ ਨੂੰ ਜਾਰੀ ਰੱਖਣ ਅਤੇ ਇਹਨਾਂ ਦੀ ਗਿਣਤੀ ਵੀ ਹਫਤੇ ਵਿਚ ਘੱਟੋ-ਘੱਟ ਤਿੰਨ ਦਿਨ ਦੀ ਕੀਤੀ ਜਾਵੇ।“
ਉਹਨਾਂ ਅੱਗੇ ਕਿਹਾ ਕਿ ਇੱਥੋਂ ਕਾਰਗੋ ਵਪਾਰ ਨੂੰ ਵਧਾਉਣ ਦੀ ਲੋੜ ਹੈ ਅਤੇ ਇਹ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਕਿਉਂਕਿ ਇਹ ਸਾਡੇ ਕਿਸਾਨਾਂ ਨੂੰ ਪੰਜਾਬ ਤੋਂ ਸਿੱਧੀ ਬਰਾਮਦ ਰਾਹੀਂ ਆਪਣੀ ਆਮਦਨ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਯੂਕੇ, ਇਟਲੀ ਅਤੇ ਹੋਰ ਦੇਸ਼ਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਵੱਡੀ ਗਿਣਤੀ ਲਈ ਪੰਜਾਬ ਤੋਂ ਫਲਾਂ, ਸਬਜ਼ੀਆਂ ਆਦਿ ਦੀ ਬਰਾਮਦ ਨਾਲ ਸਾਡੇ ਸਥਾਨਕ ਕਿਸਾਨਾਂ ਨੂੰ ਲਾਭ ਹੋਵੇਗਾ। ਏਅਰ ਇੰਡੀਆ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਖ਼ਾਸ ਕਰਕੇ ਮਾਝਾ ਖੇਤਰ ਤੋਂ ਸਬਜ਼ੀਆਂ ਅਤੇ ਪ੍ਰੋਸੈਸਡ ਫੂਡਜ਼ ਦੀ ਬਰਾਮਦ, ਛਾਂਟੀ ਅਤੇ ਪੈਕਿੰਗ ਦੀ ਸਹੂਲਤ ਲਈ ਇੱਕ ਪ੍ਰਕਿਰਿਆ ਸਥਾਪਤ ਕਰਨੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly