ਬਾਘ ਵੱਲੋਂ ਬੱਕਰੀਆਂ ’ਤੇ ਹਮਲੇ ਮਗਰੋਂ ਝਾਂਡੀਆਂ ਕਲਾਂ ਦੇ ਲੋਕ ਸਹਿਮੇ

ਨੂਰਪੁਰ ਬੇਦੀ (ਸਮਾਜ ਵੀਕਲੀ):  ਨੂਰਪੁਰ ਬੇਦੀ ਇਲਾਕੇ ਦੇ ਜੰਗਲ ਨਾਲ ਪੈਂਦੇ ਪਿੰਡ ਝਾਂਡੀਆਂ ਕਲਾਂ ਵਿੱਚ ਬਾਘ ਨੇ ਲੰਘੀ ਰਾਤ ਵਾੜੇ ’ਤੇ ਹਮਲਾ ਕਰ ਕੇ ਇਕ ਬੱਕਰੀ ਨੂੰ ਤਾਂ ਮੌਕੇ ’ਤੇ ਮਾਰ ਮੁਕਾਇਆ ਜਦੋਂ ਕਿ ਇਕ ਬੱਕਰੀ ਨੂੰ ਜੰਗਲ ਵਿੱਚ ਘਸੀਟ ਕੇ ਲੈ ਗਿਆ। ਇਸ ਘਟਨਾ ਕਾਰਨ ਪਿੰਡ ਵਾਸੀ ਸਹਿਮੇ ਹੋਏ ਹਨ।

ਪੀੜਤ ਸਰਬਜੀਤ ਸਿੰਘ ਪੁੱਤਰ ਗਿਆਨ ਚੰਦ ਨੇ ਦੱਸਿਆ ਬੀਤੀ ਰਾਤ ਬਾਘ ਨੇ ਦੇਰ ਰਾਤ ਉਨ੍ਹਾਂ ਦੇ ਘਰ ਦੇ ਲਾਗੇ ਬੱਕਰੀਆਂ ਦੇ ਵਾੜੇ ਉੱਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਕ ਬੱਕਰੀ ਉੱਥੇ ਲੱਗੇ ਜਾਲ ਵਿੱਚ ਉਲਝ ਗਈ ਤੇ ਬਾਘ ਨੇ ਉਸ ਨੂੰ ਉੱਥੇ ਹੀ ਮਾਰ ਮੁਕਾਇਆ ਜਦਕਿ ਦੂਜੀ ਬੱਕਰੀ ਨੂੰ ਜੰਗਲ ਵੱਲ ਲੈ ਗਿਆ। ਉਨ੍ਹਾਂ ਨੇ ਕਿਹਾ ਕਿ ਹੁਣ ਤੋਂ ਤਿੰਨ ਸਾਲ ਪਹਿਲਾਂ ਵੀ ਬਾਘ ਨੇ ਉਨ੍ਹਾਂ ਦੇ ਪੁੱਤਰ ਉੱਤੇ ਹਮਲਾ ਕੀਤਾ ਸੀ ਤੇ ਸਾਰਾ ਮਾਮਲਾ ਮੀਡੀਆ ਰਾਹੀਂ ਜੰਗਲਾਤ ਵਿਭਾਗ ਦੇ ਧਿਆਨ ਵਿੱਚ ਲਿਆਂਦਾ ਸੀ, ਇਸ ਦੇ ਬਾਵਜੂਦ ਉਨ੍ਹਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਵਿਭਾਗ ਨੇ ਕੋਈ ਕਦਮ ਨਹੀਂ ਚੁੱਕਿਆ।

ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਘ ਨੂੰ ਕਾਬੂ ਕੀਤਾ ਜਾਵੇ। ਇਸ ਮੌਕੇ ਉੱਥੇ ਮੌਜੂਦ ਪਿੰਡ ਦੇ ਸਰਪੰਚ ਤੇ ਹੋਰ ਲੋਕਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ ਤੇ ਕਿਹਾ ਕਿ ਜੇਕਰ ਵਿਭਾਗ ਜਲਦ ਇਸ ਹਮਲਾਵਰ ਬਾਘ ਨੂੰ ਕਾਬੂ ਕਰਨ ਦੀ ਕਾਰਵਾਈ ਸ਼ੁਰੂ ਨਹੀਂ ਕਰੇਗਾ ਤਾਂ ਉਹ ਸਖ਼ਤ ਐਕਸ਼ਨ ਲੈਣ ਲਈ ਮਜਬੂਰ ਹੋ ਜਾਣਗੇ। ਇਸ ਮੌਕੇ ਰਾਧਾਕ੍ਰਿਸ਼ਨ ਧਨੰਜਲ ਸਮੇਤ ਕਈ ਪਿੰਡ ਵਾਸੀ ਮੌਜੂਦ ਸਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਵਿਸਾਖੀ ਮੇਲਾ ਸ਼ੁਰੂ
Next articleਪੰਜਾਬ ਪੁਲੀਸ ਦੀ ਕਾਰਜਪ੍ਰਣਾਲੀ ਦੇਸ਼ ’ਚ ਸਭ ਤੋਂ ਖਰਾਬ: ਮਹਿਲਾ ਕਮਿਸ਼ਨ