ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਭਰ ਵਿੱਚ 32 ਕਿਸਾਨ ਧਿਰਾਂ ਦੀ ਅਗਵਾਈ ਵਿੱਚ ਸੈਂਕੜੇ ਥਾਵਾਂ ’ਤੇ ਚੱਲ ਰਹੇ ਕਿਸਾਨ ਧਰਨਿਆਂ ’ਚ ਔਰਤਾਂ ਦੀ ਗਿਣਤੀ ਭਰਵੇਂ ਰੂਪ ਵਿਚ ਸਾਹਮਣੇ ਆਉਣ ਲੱਗੀ ਹੈ। ਕਣਕ ਦੀ ਬਿਜਾਈ ਮੁੱਕਣ ਮਗਰੋਂ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਇਕੱਠ ਵੀ ਵਧਣ ਲੱਗੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਕਾਨੂੰਨਾਂ ਦੀ ਵਾਪਸੀ ਅਤੇ ਕੈਬਨਿਟ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਪੰਜਾਬ ਦੇ ਕਿਸਾਨ ਪ੍ਰਦਰਸ਼ਨਾਂ ਵਿੱਚ ਉਤਸ਼ਾਹ ਕਾਫ਼ੀ ਵਧਿਆ ਹੈ।
ਅੱਜ ਸੈਂਕੜੇ ਥਾਵਾਂ ’ਤੇ ਧਰਨਿਆਂ ਵਿੱਚ ਕਿਸਾਨ ਆਗੂਆਂ ਨੇ ਆਪੋ-ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ ਹੱਲ ਬਾਰੇ ਵੀ ਫ਼ੌਰੀ ਐਲਾਨ ਕਰੇ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪਿੰਡਾਂ ਵਿੱਚੋਂ ਲੋਕ ਹੁਣ ਮੁੜ ਪੰਜਾਬ ਵਿਚਲੇ ਧਰਨਿਆਂ ਵਿੱਚ ਜੇਤੂ ਅੰਦਾਜ਼ ਨਾਲ ਪੁੱਜਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਨੇ ਟਰੈਕਟਰ ਮਾਰਚ ਤਾਂ ਮੁਲਤਵੀ ਕਰ ਦਿੱਤਾ ਹੈ ਪਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਪੂਰਨ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਹੀ ਅਗਲਾ ਫ਼ੈਸਲਾ ਲਿਆ ਜਾਣਾ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਸੰਸਾਰ ਵਪਾਰ ਸੰਸਥਾ ਦੀ ਜਨੇਵਾ ਵਿੱਚ 30 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਦੇ ਮੁਲਤਵੀ ਹੋਣ ਕਰਕੇ ਉਸ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਵੀ ਮੁੜ ਮਿਤੀ ਤੈਅ ਹੋਣ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚਲੇ ਪ੍ਰਦਰਸ਼ਨਾਂ ਵਿੱਚ ਜੋਸ਼ ਵਧ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਟੌਲ ਪਲਾਜ਼ਿਆਂ ’ਤੇ ਵੀ ਪ੍ਰਦਰਸ਼ਨ ਜਾਰੀ ਹਨ। ਸ਼ਾਮ ਢਲਦੇ ਹੀ ਪੰਜਾਬ ਦੇ ਸ਼ਹਿਰਾਂ ਵਿੱਚ ਵੀ ਲੋਕ ਕਿਸਾਨੀ ਝੰਡੇ ਲੈ ਕੇ ਪ੍ਰਦਰਸ਼ਨ ਜਾਰੀ ਰੱਖ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly