*ਸਾਲ ਤੋਂ ਬੀਤ ਜਾਣ ਬਾਅਦ ਕੌਂਸਲ ਦਫ਼ਤਰ ਦੀ ਨਹੀਂ ਹੋਈ ਉਸਾਰੀ
*ਪੁਰਾਣੀ ਬਿਲਡਿੰਗ ਵੀ ਬਣਨ ਲੱਗੀ ਖੰਡਰ
ਡੇਰਾਬੱਸੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ, ਮੋਹਾਲੀ : ਡੇਰਾਬੱਸੀ ਬਰਵਾਲਾ ਚੌਂਕ ’ਤੇ ਸਥਿਤ ਸੈਣੀ ਭਵਨ ਵਿਖੇ ਨਗਰ ਕੌਂਸਲ ਦਾ ਦਫ਼ਤਰ ਤਬਦੀਲ ਕੀਤੇ ਜਾਣ ਕਾਰਨ ਇੱਥੇ ਬੀਤੇ ਇੱਕ ਸਾਲ ਤੋਂ ਵਿਆਹ ਸ਼ਾਦੀ, ਭੋਗ ਆਦਿ ਸਮਾਰੋਹ ਨਾ ਹੋ ਸਕਣ ਕਾਰਨ ਸਥਾਨਕ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਬੱਸ ਸਟੈਂਡ ’ਤੇ ਨਗਰ ਕੌਂਸਲ ਦੀ ਨਵੀਂ ਇਮਾਰਤ ਬਣਾਉਣ ਦਾ ਯੋਜਨਾ ਲਈ ਸੈਣੀ ਭਵਨ ਵਿਖੇ ਨਗਰ ਕੌਂਸਲ ਦਫ਼ਤਰ ਤਬਦੀਲ ਕੀਤਾ ਗਿਆ ਸੀ ਪਰੰਤੂ ਨਾਂ ਤਾ ਪੁਰਾਣੀ ਇਮਾਰਤ ਨੂੰ ਤੋੜਿਆ ਗਿਆ ਹੈ ਅਤੇ ਨਾ ਹੀ ਕੌਂਸਲ ਦਫ਼ਤਰ ਲਈ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਸਕਿਆ। ਸਥਾਨਕ ਲੋਕਾਂ ਨੇ ਜਲਦ ਤੋਂ ਜਲਦ ਸੈਣੀ ਭਵਨ ਦੀ ਇਮਾਰਤ ਨੂੰ ਖ਼ਾਲੀ ਕਰਵਾ ਕੇ ਇੱਥੇ ਲੋਕਾਂ ਲਈ ਸਮਾਰੋਹ ਕੀਤੇ ਜਾਣ ਦੀ ਸੁਵਿਧਾ ਨੂੰ ਬਹਾਲ ਕਰਨ ਦੀ ਮੰਗ ਕੀਤੀ ।
ਜਾਣਕਾਰੀ ਦਿੰਦਿਆ ਤਰਸੇਮ ਕੁਮਾਰ ਵਾਸੀ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਰਸਾਤੀ ਮੌਸਮ ਵਿਚ ਰਿਟਾਇਰਮੈਟ ਪਾਰਟੀ ਲਈ ਸੈਣੀ ਭਵਨ ਨਾ ਮਿਲਣ ਕਾਰਨ ਕਮਿਊਨਿਟੀ ਸੈਂਟਰ ਵਿਖੇ ਆਪਣਾ ਕਾਰਜ ਕਰਨਾ ਪਿਆ ਪਰੰਤੂ ਤਹਿਸੀਲ ਰੋਡ ’ਤੇ ਭਾਰੀ ਜਾਮ ਅਤੇ ਵਾਹਨਾਂ ਦਾ ਜਮਾਵੜਾ ਹੋਣ ਕਾਰਨ ਉਨ੍ਹਾਂ ਦੇ ਆਏ ਰਿਸ਼ਤੇਦਾਰਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨ ਪਿਆ। ਉਨ੍ਹਾਂ ਆਖਿਆ ਕਿ ਗਰੀਬ ਲੋਕਾਂ ਲਈ ਦਿੱਤੀ ਸੁਵਿਧਾ ਸਰਕਾਰ ਵੱਲੋਂ ਖੋਹ ਲਈ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਬਿਲਡਿੰਗ ਨੂੰ ਜਲਦ ਤੋਂ ਜਲਦ ਖ਼ਾਲੀ ਕੀਤਾ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਆਪਣੇ ਵਿਆਹ ਕਾਰਜਾਂ ਦੀ ਸੁਵਿਧਾ ਦਿੱਤੀ ਜਾਵੇ।
ਕੌਂਸਲ ਦਫ਼ਤਰ ਤਬਦੀਲ ਕਰਨ ’ਤੇ ਸੈਣੀ ਬਰਾਦਰੀ ਅਤੇ ਅਕਾਲੀ ਦਲ ਨੇ ਕੀਤਾ ਸੀ ਵਿਰੋਧ ਸੈਣੀ ਭਵਨ ’ਚ ਨਗਰ ਕੌਂਸਲ ਦਫ਼ਤਰ ਤਬਦੀਲ ਕਰਨ ਤੋਂ ਪਹਿਲਾ ਸੈਣੀ ਯੂਥ ਫ਼ੈਡਰੇਰਸ਼ਨ ਅਤੇ ਸੈਣੀ ਸਭਾ ਸਮੇਤ ਸ਼ਹਿਰਵਾਸੀਆਂ ਨੇ ਇੱਥੇ ਦਫ਼ਤਰ ਤਬਦੀਲ ਕਰਨ ਤੋਂ ਕਾਫ਼ੀ ਵਿਰੋਧ ਕੀਤਾ ਸੀ । ਉਨ੍ਹਾਂ ਦਾ ਕਹਿਣਾ ਸੀ ਕਿ ਗਰੀਬ ਲੋਕਾਂ ਲਈ ਦਿੱਤੀ ਸੁਵਿਧਾ ਨੂੰ ਖੋਹਿਆ ਜਾ ਰਿਹਾ ਹੈ ਅਤੇ ਸੈਣੀ ਭਵਨ ’ਤੇ ਕੌਂਸਲ ਦਾ ਪੱਕਾ ਕਬਜ਼ਾ ਹੋਣ ਦਾ ਖ਼ਦਸਾ ਜਾਹਿਰ ਕੀਤਾ ਸੀ। ਹਲਕਾ ਵਿਚੋਂ ਇੱਕੋ ਇੱਕ ਸੈਣੀ ਭਵਨ ਦੀ ਸਮਾਜ ਵੱਲੋਂ ਇਸ ਦੀ ਖ਼ਸਤਾ ਹਾਲ ਦਰੁਸਤ ਕਰਨ ਦੀ ਮੰਗ ਕੀਤੀ ਗਈ ਸੀ ਪਰੰਤੂ ਇਸ ਤੋਂ ਉਲਟ ਕੌਂਸਲ ਵੱਲੋਂ ਸੈਣੀ ਭਵਨ ਨੂੰ ਕੋਂਸਲ ਦਫ਼ਤਰ ਵਿਚ ਤਬਦੀਲ ਕਰਨ ਦਾ ਫ਼ੈਸਲਾ ਕਰ ਲਿਆ। ਜਿਸ ਦਾ ਸੈਣੀ ਭਾਈਚਾਰੇ ਨੇ ਪੁਰਜ਼ੋਰ ਨਿੰਦਾ ਕੀਤੀ।
ਨਗਰ ਕੌਂਸਲ ਦਫ਼ਤਰ ਦਾ ਕੰਮ ਜੂਨ ’ਚ ਹੋਵੇਗਾ ਸ਼ੁਰੂ ਨਗਰ ਕੌਂਸਲ ਪ੍ਰਧਾਨ ਆਸ਼ੂ ਉਪਨੇਜਾ ਨੇ ਦੱਸਿਆ ਕਿ ਨਗਰ ਕੌਂਸਲ ਦਫ਼ਤਰ ਦਾ ਪ੍ਰਸਤਾਵ ਵਿਚ ਤਬਦੀਲ ਲਿਆਂਦੀ ਗਈ ਜਿਸ ਕਾਰਨ ਇਸ ਕਾਰਜ ਵਿਚ ਦੇਰੀ ਹੋ ਗਈ। ਜੂਨ ਮਹੀਨੇ ਵਿਚ ਨਗਰ ਕੌਂਸਲ ਦਫ਼ਤਰ ਦਾ ਕੰਮ ਸ਼ੁਰੂ ਹੋ ਜਾਵੇਗਾ। ਬੱਸ ਸਟੈਂਡ ਦੀ ਇਮਾਰਤ ਹੁਣ ਫ਼ਾਇਰ ਬ੍ਰਿਗੇਡ ਵਾਲੀ ਜਗ੍ਹਾ ਤੇ ਬਣਾਉਣ ਦੀ ਯੋਜਨਾ ਮਨਜ਼ੂਰ ਹੋ ਗਈ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly