ਆਖਿਰ ਉਹ ਲੋਕ ਕਿਹੜੇ ਨੇ

ਪਰਮਜੀਤ ਕੌਰ

(ਸਮਾਜ ਵੀਕਲੀ)

ਜੀਤਾ ਪਿੰਡ ਦੇ ਵੱਡੇ ਸਰਦਾਰਾ ਦਾ ਸ਼ੀਰੀ ਸੀ । ਜਦੋਂ ਤੋ ਕਿਰਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਵੱਡਾ ਸਰਦਾਰ ਦਿੱਲੀ ਧਰਨੇ ਤੇ ਰਹਿੰਦਾ ਸੀ ਤੇ ਜਦੋਂ ਉਹ ਕਦੇ ਪਿੰਡ ਵਾਪਸੀ ਕਰਦਾ ਤਾਂ ਸਾਰਿਆਂ ਨੂੰ ਦਿੱਲੀ ਧਰਨੇ ਦੀਆਂ ਗੱਲਾਂ ਸੁਣਾਉਂਦਾ .. ਜੀਤੇ ਦਾ ਵੀ ਬਹੁਤ ਦਿਲ ਕਰਦਾ ਦਿੱਲੀ ਜਾਣ ਲਈ ਪਰ ਜ਼ਿੰਮੇਵਾਰੀ ਕਰਕੇ ਕਦੇ ਜਾ ਨਹੀਂ ਸਕਿਆ । ਜੀਤੇ ਦੀ 16 ਵਰ੍ਹਿਆਂ ਦੀ ਧੀ ਸੀ ਜਿਹੜੀ ਕਿ ਅਕਸਰ ਹੀ ਜੀਤੇ ਨੂੰ ਧਰਨੇ ਤੇ ਜਾਣ ਲਈ ਆਖਦੀ ਕਿਉਂਕਿ ਉਸ ਦਾ ਵੀ ਬੜਾ ਮਨ ਕਰਦਾ ਸੀ ਕਿ ਉਹ ਧਰਨੇ ਤੇ ਜਾਵੇ ।

ਇੱਕ ਦਿਨ ਜਦੋ ਵੱਡਾ ਸਰਦਾਰ ਧਰਨੇ ਦੀਆਂ ਗੱਲਾਂ ਸਰਦਾਰਨੀ ਨੂੰ ਦੱਸ ਰਿਹਾ ਸੀ ਤਾਂ ਜੀਤਾ ਸਾਹੋ – ਸਾਹ ਹੋਇਆ ਵੱਡੇ ਸਰਦਾਰ ਕੋਲ ਆਇਆ ਤੇ ਕਹਿਣ ਲੱਗਾ , ਸਰਦਾਰਾ ! ਮੈਨੂੰ ਵੀ ਦੱਸੋ ਕੋਈ ਧਰਨੇ ਦੀ ਹੱਡ – ਬੀਤੀ ..ਜਿਸ ਦਿਨ ਦਾ ਧਰਨਾ ਸ਼ੁਰੂ ਹੋਇਆ , ਮੇਰੀ ਤਾਂ ਰੂਹ ਉੱਥੇ ਤੇ ਸਰੀਰ ਇੱਥੇ ..ਮੇਰੀ ਧੀ ਵੀ ਬੜੀ ਉਤਾਵਲੀ ਜਾਣ ਲਈ .. ਪਰ ਸਾਡੇ ਮਜ਼ਦੂਰ ਲੋਕਾਂ ਨੂੰ ਤਾਂ ਚੁੱਲਾ ਹੀ ਇਜ਼ਾਜ਼ਤ ਨਹੀਂ ਦਿੰਦਾ ਤੇ ਏਡੇ ਵੱਡੇ ਸ਼ਹਿਰ ਵਿੱਚ ਚਾਰ ਰੁਪਿਆ ਤੋਂ ਬਿਨਾਂ ਕੀ ਬਣਦਾ ਭਲਾ ! ” ਵੱਡੇ ਸਰਦਾਰ ਨੇ ਜੀਤੇ ਨੂੰ ਬੁੱਕਲ ਵਿੱਚ ਲਿਆ ਤੇ ਕਿਹਾ , ” ਉਏ ਭੋਲਿਆਂ ਪੰਛੀਆਂ ! ਦੱਸ ਦੇਣਾ ਸੀ ਮੈਨੂੰ ..ਇਹ ਅੰਦੋਲਨ ਕਿਸਾਨ – ਮਜ਼ਦੂਰ ਏਕਤਾ ਦਾ ਪ੍ਰਤੀਕ ਹੈ ..ਮੇਰੀ ਤਾਂ ਰੂਹ ਖੁਸ਼ ਹੋ ਗਈ ਸੁਣ ਕੇ .. ਨਾਲੇ ਧਰਨੇ ਤੇ ਜਾਣ ਲਈ ਚਾਰ ਰੁਪਿਆਂ ਦੀ ਲੋੜ ਨਹੀਂ..ਆਪਣੇ ਪਿੰਡ ਤੋਂ ਮੁਫ਼ਤ ਸਾਧਨ ਜਾਂਦੇ ,ਇਸ ਹਫਤੇ ਮੈ ਘਰ ਰਹਿ ਕੇ ਤੇਰੇ ਕੰਮ ਕਰੂ ਤੇ ਤੂੰ ਮੇਰੀ ਥਾਂ ਆਪਣੇ ਪਰਿਵਾਰ ਨਾਲ ਦਿੱਲੀ ਚਲਾ ਜਾਂਵੀ ।” ਇਹ ਸੁਣ ਕੇ ਜੀਤੇ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਤੇ ਉਹ ਘਰ ਜਾ ਕੇ ਖੁਸ਼ੀ – ਖੁਸੀ ਧਰਨੇ ਤੇ ਜਾਣ ਦੀ ਤਿਆਰੀ ਕਰਨ ਲੱਗਿਆ।

ਮਿੱਥੇ ਦਿਨ ਜੀਤਾ ਤੇ ਉਸਦਾ ਪਰਿਵਾਰ ਪਿੰਡ ਦੇ ਜੱਥੇ ਨਾਲ ਧਰਨੇ ਲਈ ਰਵਾਨਾ ਹੋ ਗਏ.. ਹਰਿਆਣਾ ਵਿੱਚ ਦਾਖਿਲ ਹੋਣ ਸਾਰ ਹੀ ਹਰਿਆਣਵੀ ਲੋਕਾਂ ਨੇ ਲੰਗਰ ਲਗਾਏ ਹੋਏ ਸੀ ਤੇ ਪਿਆਰ ਨਾਲ ਸਵਾਗਤ ਕੀਤਾ । ਸਫ਼ਰ ਤੋ ਬਾਅਦ ਜਦੋਂ ਦਿੱਲੀ ਧਰਨੇ ਵਾਲੀ ਜਗ੍ਹਾ ਤੇ ਦਾਖਿਲ ਹੋਣਾ ਸ਼ੁਰੂ ਕੀਤਾ ਤਾਂ ਧਰਨੇ ਤੇ ਬੈਠੇ ਸਾਰੇ ਲੋਕ ਹੱਥ ਹਿਲਾ – ਹਿਲਾ ਕੇ ਸਵਾਗਤ ਕਰ ਰਹੇ ਸੀ । ਜਦੋਂ ਮਿਥੀ ਰਹਾਇਸ਼ੀ ਜਗ੍ਹਾ ਤੇ ਪਹੁੰਚੇ ਤਾਂ ਉੱਥੇ ਨਵਾਬਾਂ ਦੀ ਤਰ੍ਹਾ ਵਰਤਾਉ ਹੋਇਆਂ.. ਪਤਾ ਨਹੀਂ ਕੌਣ ਬਿਸਤਰ ਲਗਾਈ ਜਾਂਦਾ ਸੀ ? ਕੌਣ ਕੰਬਲ ਵੰਡੀ ਜਾਂਦਾ ਸੀ ? ਹਰ ਜਰੂਰਤ ਦਾ ਸਮਾਨ ਮਿਲ ਰਿਹਾ ਸੀ। ਜਦੋਂ ਸ਼ਾਮ ਨੂੰ ਲੰਗਰ ਛਕਣ ਗਏ ਤਾਂ ਦੇਖਿਆ ਕਿ ਮੁਸਲਮਾਨ ਵੀਰਾਂ ਨੇ ਲੰਗਰ ਲਗਾਇਆ ਸੀ ਤੇ ਸਾਰੇ ਉੱਥੇ ਬੈਠ ਕੇ ਪਿਆਰ ਨਾਲ ਲੰਗਰ ਛੱਕ ਰਹੇ ਸੀ । ਥੋੜ੍ਹਾ ਜਿਹਾ ਅੱਗੇ ਜਾ ਕੇ ਦੇਖਿਆ ਤਾਂ ਇੱਕ ਲੰਗਰ ਵਿੱਚ ਪੰਜਾਬੀ ਤੇ ਹਰਿਆਣਵੀ ਇੱਕਠੇ ਹੀ ਸੇਵਾ ਕਰ ਰਹੇ ਸੀ ਤੇ ਹਿੰਦੂ , ਮੁਸਲਮਾਨ,ਸਿੱਖ ਸਾਰੇ ਇੱਕੱਠੇ ਹੀ ਲੰਗਰ ਛੱਕ ਰਹੇ ਸੀ ।

ਜੀਤੇ ਦੀ ਧੀ ਕਹਿਣ ਲੱਗੀ , ” ਬਾਪੂ ! ਅੱਜ ਤੋ ਪਹਿਲਾ ਕਦੇ ਮੈਂ ਇਹੋ ਜਿਹਾ ਨਜ਼ਾਰਾ ਨਹੀਂ ਦੇਖਿਆ ਸੀ .. ਕਿੰਨਾਂ ਆਨੰਦ ਆ ਰਿਹਾ ਸਾਰਿਆ ਵਿੱਚ ਆਪਸੀ ਪਿਆਰ ਦੇਖ ਕੇ.. ਕਾਸ਼ ! ਹਮੇਸ਼ਾ ਹੀ ਸਾਡਾ ਸਮਾਜ਼ ਏਦਾ ਹੀ ਰਹੇ.. ਸਾਡੇ ਦਿਲਾਂ ਵਿੱਚ ਕੁਝ ਨਹੀਂ ਬਸ ਸਰਕਾਰਾਂ ਨੇ ਹੀ ਸਾਡੇ ਵਿੱਚ ਫਿੱਕ ਪਾਈ ਹੋਈ । ” ਏਨੇ ਨੂੰ ਹੋਕਾ ਦਿੰਦਿਆਂ ਟਰਾਲੀਆਂ ਤੇ ਟੈਂਪੂ ਦਾਖਿਲ ਹੋਏ .. ਉਹ ਸਾਰੇ ਲੰਗਰਾਂ ਵਿੱਚ ਦੁੱਧ ਤੇ ਲੱਸੀ ਦੇ ਰਹੇ ਸੀ ..ਇਹ ਹਰਿਆਣਾ ਦੇ ਕਿਸਾਨ ਸੀ ਜਿਹੜੇ ਹਰ ਰੋਜ਼ ਇਹ ਸੇਵਾ ਕਰਦੇ ਸੀ ।

ਇਸਨੂੰ ਦੇਖ ਕੇ ਜੀਤੇ ਦੀ ਧੀ ਫਿਰ ਬੋਲੀ , ” ਬਾਪੂ ਜੇਕਰ ਇੱਥੇ ਮੁਸਲਮਾਨ,ਹਿੰਦੂ ਤੇ ਸਿੱਖ ਸਾਰੇ ਇੱਕੱਠੇ ਹੋ ਕੇ ਪਿਆਰ ਨਾਲ ਰਹਿ ਰਹੇ ਨੇ ਤਾਂ 1984 ਤੇ 1947 ਵੇਲੇ ਕਤਲੇਆਮ ਕਿਉੰ ਹੋਇਆਂ ਤੇ ਕਿਸਨੇ ਕੀਤਾ ? ਤੇ ਜੇਕਰ ਅੱਜ ਹਰਿਆਣਾ ਦੇ ਲੋਕ ਦੁੱਧ ਤੇ ਲੱਸੀ ਦੀਆਂ ਨਦੀਆਂ ਵਹਾ ਰਹੇ ਨੇ ਤਾਂ ਇਹ ਪਾਣੀ ਵਾਲੇ ਮੁੱਦੇ ਤੇ ਇਹਨਾਂ ਨੂੰ ਕੌਣ ਲੜਾਉਂਦਾ ਤੇ ਜਿਹੜੇ ਲੜਦੇ ਨੇ ਆਖਿਰ ਉਹ ਲੋਕ ਕਿਹੜੇ ਨੇ ?

ਜੀਤਾ ਵਿਚਾਰਾ ਅਨਪੜ੍ਹ ਸੀ ਤੇ ਧੀ ਦੀਆਂ ਗੱਲਾਂ ਦਾ ਜਵਾਬ ਦਿੰਦਾ ਹੋਇਆਂ ਕਹਿੰਦਾ , ” ਹਾਂ ! ਹਾਂ ! ਧੀਏ .. ਸਹੀ ਕਿਹਾ ਤੂੰ.. ਆਪਣੇ ਵੱਡੇ ਸਰਦਾਰ ਜਿੰਨੀਆਂ ਜਮਾਤਾਂ ਕੋਈ ਨੀ ਪੜ੍ਹਿਆ ਪਿੰਡ ਵਿੱਚ .. ਚੱਲ ! ਪਿੰਡ ਜਾ ਕੇ ਪੁੱਛਦੇ ਵੱਡੇ ਸਰਦਾਰ ਨੂੰ ਵੀ ਆਖਿਰ ਉਹ ਲੋਕ ਕਿਹੜੇ ਨੇ ? ”

ਪਰਮਜੀਤ ਕੌਰ ਸ਼ੇਖੂਪੁਰ ਕਲਾ
ਮਲੇਰਕੋਟਲਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾਮਵਾਰ ਕਵੀ ਚਰਨ ਸੀਚੇਵਾਲਵੀ ਦੀ ਯਾਦ ਵਿਚ ਕਰਵਾਇਆ ਕਵੀ ਦਰਬਾਰ
Next articleਸਾਹਿਤ ਮਹਾਂਰਥੀ ਚੱਕਰਵਿਊ ਵਿੱਚ ਫਸੇ