‘ਅਫ਼ਗਾਨਿਸਤਾਨ ਦੀ ਧਰਤੀ ਅਤਿਵਾਦ ਲਈ ਨਾ ਵਰਤੀ ਜਾਵੇ’

ਨਵੀਂ ਦਿੱਲੀ (ਸਮਾਜ ਵੀਕਲੀ): ਅਫ਼ਗਾਨਿਸਤਾਨ ਦੇ ਸੰਕਟ ਬਾਰੇ ਭਾਰਤ, ਰੂਸ, ਇਰਾਨ ਅਤੇ ਪੰਜ ਮੱਧ ਏਸ਼ਿਆਈ ਮੁਲਕਾਂ ਦੇ ਸਿਖਰਲੇ ਸੁਰੱਖਿਆ ਅਧਿਕਾਰੀਆਂ ਦੀ ਅੱਜ ਇਥੇ ਹੋਈ ਵਾਰਤਾ ਦੌਰਾਨ ਅਹਿਦ ਲਿਆ ਗਿਆ ਕਿ ਅਫ਼ਗਾਨਿਸਤਾਨ ਨੂੰ ਆਲਮੀ ਅਤਿਵਾਦ ਲਈ ਸੁਰੱਖਿਅਤ ਪਨਾਹਗਾਹ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਾਬੁਲ ’ਚ ਖੁੱਲ੍ਹੀ ਅਤੇ ਸਾਰਿਆਂ ਦੀ ਸਹਿਮਤੀ ਨਾਲ ਸਰਕਾਰ ਦੇ ਗਠਨ ਦਾ ਸੱਦਾ ਵੀ ਦਿੱਤਾ ਜਿਸ ’ਚ ਸਮਾਜ ਦੇ ਸਾਰੇ ਵਰਗਾਂ ਦੀ ਨੁਮਾਇੰਦਗੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਭਾਰਤ ਵੱਲੋਂ ਅਫ਼ਗਾਨਿਸਤਾਨ ਬਾਰੇ ਸੁਰੱਖਿਆ ਵਾਰਤਾ ਦੇ ਅਖੀਰ ’ਚ ਸੁਰੱਖਿਆ ਅਧਿਕਾਰੀਆਂ ਨੇ ਐਲਾਨਨਾਮਾ ਵੀ ਜਾਰੀ ਕੀਤਾ ਜਿਸ ’ਚ ਕਿਹਾ ਗਿਆ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਅਤਿਵਾਦੀ ਸਰਗਰਮੀਆਂ, ਪਨਾਹ ਦੇਣ, ਸਿਖਲਾਈ, ਯੋਜਨਾ ਜਾਂ ਮਾਲੀ ਸਹਾਇਤਾ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਮੁਲਕਾਂ ਨੇ ਹਰ ਤਰ੍ਹਾਂ ਦੇ ਅਤਿਵਾਦ ਦੇ ਟਾਕਰੇ ਲਈ ਵੀ ਅਹਿਦ ਦੁਹਰਾਇਆ। ਭਾਰਤ ਨੇ ਇਸ ਵਾਰਤਾ ਲਈ ਚੀਨ ਅਤੇ ਪਾਕਿਸਤਾਨ ਨੂੰ ਵੀ ਸੱਦਾ ਭੇਜਿਆ ਸੀ ਪਰ ਦੋਵੇਂ ਮੁਲਕਾਂ ਨੇ ਗ਼ੈਰਹਾਜ਼ਰ ਰਹਿਣ ਦਾ ਫ਼ੈਸਲਾ ਲਿਆ।

ਅਫ਼ਗਾਨਿਸਤਾਨ ਬਾਰੇ ਦਿੱਲੀ ਖੇਤਰੀ ਸੁਰੱਖਿਆ ਵਾਰਤਾ ’ਚ ਮੁਲਕ ਅੰਦਰ ਵਿਗੜ ਰਹੇ ਸਮਾਜਿਕ-ਆਰਥਿਕ ਅਤੇ ਮਾਨਵੀ ਹਾਲਾਤ ’ਤੇ ਚਿੰਤਾ ਪ੍ਰਗਟਾਈ ਗਈ ਅਤੇ ਅਫ਼ਗਾਨ ਲੋਕਾਂ ਨੂੰ ਫੌਰੀ ਮਾਨਵੀ ਸਹਾਇਤਾ ਦੇਣ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਵਿਤਕਰੇ ਦੇ ਅਫ਼ਗਾਨਿਸਤਾਨ ਦੇ ਸਾਰੇ ਲੋਕਾਂ ਨੂੰ ਇਕਸਾਰ ਸਹਾਇਤਾ ਵੰਡੀ ਜਾਣੀ ਚਾਹੀਦੀ ਹੈ। ਵਾਰਤਾ ’ਚ ਹਿੱਸਾ ਲੈਣ ਵਾਲੇ ਮੱਧ ਏਸ਼ਿਆਈ ਮੁਲਕਾਂ ’ਚ ਕਜ਼ਾਖਸਤਾਨ, ਕਿਰਗਿਜ਼ਸਤਾਨ, ਤਾਜਿਕਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ।

ਆਪਣੇ ਉਦਘਾਟਨੀ ਭਾਸ਼ਨ ’ਚ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਹੁਣੇ ਜਿਹੇ ਵਾਪਰੇ ਘਟਨਾਕ੍ਰਮ ਦੇ ਨਾ ਸਿਰਫ਼ ਉਥੋਂ ਦੇ ਲੋਕਾਂ ਸਗੋਂ ਖ਼ਿੱਤੇ ਲਈ ਵੀ ਅਹਿਮ ਸਿੱਟੇ ਨਿਕਲਣਗੇ। ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਧਿਕਾਰੀਆਂ ਨੇ ਸ਼ਾਂਤਮਈ, ਸੁਰੱਖਿਅਤ ਅਤੇ ਸਥਿਰ ਅਫ਼ਗਾਨਿਸਤਾਨ ਲਈ ਹਮਾਇਤ ਦੁਹਰਾਈ ਜਦਕਿ ਖੁਦਮੁਖਤਿਆਰੀ, ਏਕਤਾ, ਅਖੰਡਤਾ ਬਣਾਈ ਰੱਖਣ ਅਤੇ ਦਖ਼ਲਅੰਦਾਜ਼ੀ ਨਾ ਕਰਨ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕੁੰਦੂਜ਼, ਕੰਧਾਰ ਅਤੇ ਕਾਬੁਲ ’ਚ ਦਹਿਸ਼ਤੀ ਹਮਲਿਆਂ ਦੀ ਨਿਖੇਧੀ ਕਰਦਿਆਂ ਲੋਕਾਂ ਦੀਆਂ ਵਧ ਰਹੀਆਂ ਮੁਸੀਬਤਾਂ ’ਤੇ ਡੂੰਘੀ ਚਿੰਤਾ ਜਤਾਈ। ਐਲਾਨਨਾਮੇ ’ਚ ਅਤਿਵਾਦ ਦੀ ਰੀੜ੍ਹ ਤੋੜਨ ਦਾ ਹਵਾਲਾ ਦਿੰਦਿਆਂ ਕਿਹਾ ਗਿਆ ਕਿ ਕੱਟੜਵਾਦ ਦਾ ਵੀ ਡੱਟ ਕੇ ਸਾਹਮਣਾ ਕੀਤਾ ਜਾਵੇਗਾ ਤਾਂ ਜੋ ਅਫ਼ਗਾਨਿਸਤਾਨ ਆਲਮੀ ਅਤਿਵਾਦ ਲਈ ਸੁਰੱਖਿਅਤ ਪਨਾਹਗਾਹ ਨਾ ਬਣ ਸਕੇ। ਅਫ਼ਗਾਨਿਸਤਾਨ ਬਾਰੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੀ ਪ੍ਰਸੰਗਿਕਤਾ ਦਾ ਜ਼ਿਕਰ ਕਰਦਿਆਂ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਉਥੇ ਮੁੱਖ ਭੂਮਿਕਾ ਨਿਭਾਉਣੀ ਚਾਹੀਦੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਵਿੱਚ ਝੋਨੇ ਦੇ ਸਾਰੇ ਖ਼ਰੀਦ ਕੇਂਦਰ ਅੱਜ ਤੋਂ ਬੰਦ
Next articleਨੇਪਾਲੀ ਫ਼ੌਜ ਮੁਖੀ ਨੂੰ ‘ਜਨਰਲ ਆਫ਼ ਦਿ ਇੰਡੀਅਨ ਆਰਮੀ’ ਦਾ ਆਨਰੇਰੀ ਖਿਤਾਬ