ਪਿਸ਼ਾਵਰ (ਸਮਾਜ ਵੀਕਲੀ): ਤਾਲਿਬਾਨ ਨੇ ਅਫ਼ਗਾਨਿਸਤਾਨ ਵਿਚ ਨਵੀਂ ਸਰਕਾਰ ਬਣਾਉਣ ਦੇ ਅਮਲ ਨੂੰ ਮੁੜ ਅਗਲੇ ਹਫ਼ਤੇ ਲਈ ਅੱਗੇ ਪਾ ਦਿੱਤਾ ਹੈ। ਇਹ ਜਾਣਕਾਰੀ ਅੱਜ ਤਾਲਿਬਾਨ ਦੇ ਤਰਜਮਾਨ ਜ਼ਬੀਉੱਲ੍ਹਾ ਮੁਜਾਹਿਦ ਨੇ ਦਿੱਤੀ। ਉਨ੍ਹਾਂ ਕਿਹਾ ਕਿ ਤਾਲਿਬਾਨ ਆਪਣੇ ਪ੍ਰਸ਼ਾਸਨ ਨੂੰ ਵਿਆਪਕ ਪੱਧਰ ’ਤੇ ਅਜਿਹੀ ਸ਼ਕਲ ਦੇਣ ਲਈ ਜੱਦੋ-ਜਹਿਦ ਕਰ ਰਿਹਾ ਹੈ ਜੋ ਕਿ ਕੌਮਾਂਤਰੀ ਭਾਈਚਾਰੇ ਨੂੰ ਮਨਜ਼ੂਰ ਹੋਵੇ। ਤਾਲਿਬਾਨ ਵੱਲੋਂ ਸ਼ਨਿਚਰਵਾਰ ਨੂੰ ਕਾਬੁਲ ਵਿਚ ਨਵੀਂ ਸਰਕਾਰ ਦਾ ਐਲਾਨ ਕੀਤੇ ਜਾਣ ਦੀ ਆਸ ਸੀ ਜਿਸ ਦੀ ਅਗਵਾਈ ਜਥੇਬੰਦੀ ਦੇ ਸਹਿ-ਸੰਸਥਾਪਕ ਮੁੱਲਾ ਅਬਦੁਲ ਗਨੀ ਬਰਾਦਰ ਵੱਲੋਂ ਕੀਤੀ ਜਾ ਸਕਦੀ ਹੈ।
15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕੀਤੇ ਜਾਣ ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਤਾਲਿਬਾਨ ਨੇ ਨਵੀਂ ਸਰਕਾਰ ਬਣਾਉਣ ਦਾ ਫ਼ੈਸਲਾ ਅੱਗੇ ਪਾਇਆ ਹੈ। ਮੁਜਾਹਿਦ ਨੇ ਅੱਗੇ ਬਿਨਾ ਕੋਈ ਜਾਣਕਾਰੀ ਦਿੱਤੇ ਕਿਹਾ, ‘‘ਨਵੀਂ ਸਰਕਾਰ ਅਤੇ ਕੈਬਨਿਟ ਦੇ ਮੈਂਬਰਾਂ ਬਾਰੇ ਐਲਾਨ ਹੁਣ ਅਗਲੇ ਹਫ਼ਤੇ ਕੀਤਾ ਜਾਵੇਗਾ।’’ ਸਰਕਾਰ ਬਣਾਉਣ ਸਬੰਧੀ ਵੱਖ-ਵੱਖ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਤਾਲਿਬਾਨ ਵੱਲੋਂ ਕਾਇਮ ਕੀਤੀ ਗਈ ਕਮੇਟੀ ਦੇ ਇਕ ਮੈਂਬਰ ਖਲੀਲ ਹੱਕਾਨੀ ਨੇ ਕਿਹਾ ਕਿ ਤਾਲਿਬਾਨ ਵੱਲੋਂ ਕਾਬੁਲ ਵਿਚ ਵਿਆਪਕ ਪੱਧਰ ਦੀ ਵਿਸ਼ਵ ਭਰ ਨੂੰ ਸਵੀਕਾਰ ਹੋਣ ਵਾਲੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਕਰ ਕੇ ਇਸ ਸਬੰਧੀ ਐਲਾਨ ’ਚ ਦੇਰੀ ਹੋ ਰਹੀ ਹੈ।
ਉਸ ਨੇ ਕਿਹਾ, ‘‘ਤਾਲਿਬਾਨ ਖ਼ੁਦ ਦੀ ਸਰਕਾਰ ਬਣਾ ਸਕਦਾ ਹੈ ਪਰ ਉਹ ਇਕ ਅਜਿਹਾ ਪ੍ਰਸ਼ਾਸਨ ਚਾਹੁੰਦਾ ਹੈ ਜਿਸ ਵਿਚ ਸਾਰੀਆਂ ਪਾਰਟੀਆਂ, ਜਥੇਬੰਦੀਆਂ ਤੇ ਸਮਾਜ ਦੇ ਹਰ ਵਰਗ ਨੂੰ ਢੁੱਕਵੀਂ ਨੁਮਾਇੰਦਗੀ ਮਿਲੇ।’’ ਅਫ਼ਗਾਨ ਦੇ ਸਾਬਕਾ ਪ੍ਰੀਮੀਅਰ ਅਤੇ ਜਮੀਅਤ-ਏ-ਇਸਲਾਮ ਅਫ਼ਗਾਨਿਸਤਾਨ ਦੇ ਮੁਖੀ ਗੁਲਬੂਦੀਨ ਹਿਕਮਤਯਾਰ ਅਤੇ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਦੇ ਭਰਾ ਨੇ ਤਾਲਿਬਾਨ ਨੂੰ ਸਹਿਯੋਗ ਦੇਣ ਦਾ ਐਲਾਨ ਕਰ ਦਿੱਤਾ ਹੈ, ਇਸ ਵਾਸਤੇ ਉਨ੍ਹਾਂ ਨੂੰ ਵੀ ਤਾਲਿਬਾਨੀ ਸਰਕਾਰ ਵਿਚ ਨੁਮਾਇੰਦਗੀ ਦਿੱਤੀ ਜਾਵੇਗੀ। ਹੱਕਾਨੀ ਨੇ ਕਿਹਾ ਕਿ ਤਾਲਿਬਾਨ ਸਰਕਾਰ ਬਣਾਉਣ ਵਾਸਤੇ ਹੋਰ ਭਾਈਵਾਲਾਂ ਦਾ ਸਹਿਯੋਗ ਲੈਣ ਲਈ ਗੱਲਬਾਤ ਦੀ ਪ੍ਰਕਿਰਿਆ ਵਿਚ ਹੈ। -ਪੀਟੀਆਈ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly