ਕਾਬੁਲ (ਸਮਾਜ ਵੀਕਲੀ) : ਅਫ਼ਗਾਨਿਸਤਾਨ ਵਿਚ ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਨੇੜੇ ਹੋਏ ਫਿਦਾਈਨ ਤੇ ਹੋਰਨਾਂ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 100 ਤੋਂ ਵੱਧ ਗਈ ਹੈ। ਧਮਾਕਿਆਂ ਦੇ ਮੱਦੇਨਜ਼ਰ ਹੁਣ ਕਾਬੁਲ ਹਵਾਈ ਅੱਡੇ ਰਾਹੀਂ ਲੋਕਾਂ ਨੂੰ ਅਫ਼ਗਾਨਿਸਤਾਨ ਵਿਚੋਂ ਕੱਢੇ ਜਾਣ ਦੀ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ। ਲੋਕਾਂ ਨੂੰ ਤਾਲਿਬਾਨ ਦੇ ਕਬਜ਼ੇ ਵਾਲੇ ਦੇਸ਼ ਵਿਚੋਂ ਕੱਢੇ ਜਾਣ ਲਈ ਮਿੱਥੀ ਗਈ ਆਖ਼ਰੀ ਤਰੀਕ (31 ਅਗਸਤ) ਤੱਕ ਹੋਰ ਧਮਾਕੇ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਗਿਆ ਹੈ। ਅਮਰੀਕਾ ਨੇ ਇਸ ਬਾਰੇ ਚਿਤਾਵਨੀ ਜਾਰੀ ਕੀਤੀ ਹੈ।
ਕਾਬੁਲ ਹਵਾਈ ਅੱਡੇ ਤੋਂ ਇਕ ਤੋਂ ਬਾਅਦ ਇਕ ਜਹਾਜ਼ ਉਡਾਣ ਭਰ ਰਿਹਾ ਹੈ ਤੇ ਹਵਾਈ ਅੱਡੇ ਦੇ ਬਾਹਰ ਲੋਕਾਂ ਦੀ ਗਿਣਤੀ ਪਹਿਲਾਂ ਨਾਲੋਂ ਬਹੁਤ ਵੱਧ ਗਈ ਹੈ। ਤਾਲਿਬਾਨ ਦੇ ਮੈਂਬਰ ਭਾਰੇ ਮਾਰੂ ਹਥਿਆਰਾਂ ਨਾਲ ਹਵਾਈ ਅੱਡੇ ਤੋਂ 500 ਮੀਟਰ ਦੂਰ ਇਕ ਇਲਾਕੇ ਵਿਚ ਗਸ਼ਤ ਕਰ ਰਹੇ ਹਨ ਤਾਂ ਕਿ ਕੋਈ ਵੀ ਇਸ ਖੇਤਰ ਤੋਂ ਅੱਗੇ ਨਾ ਜਾ ਸਕੇ। ਵੀਰਵਾਰ ਕਾਬੁਲ ਨੇੜੇ ਹੋਏ ਧਮਾਕਿਆਂ ਵਿਚ ਕਰੀਬ 95 ਅਫ਼ਗਾਨ ਤੇ 13 ਅਮਰੀਕੀ ਸੈਨਿਕ ਮਾਰੇ ਗਏ ਹਨ। ਅਗਸਤ 2011 ਤੋਂ ਬਾਅਦ ਅਮਰੀਕੀ ਬਲਾਂ ਲਈ ਇਹ ਅਫ਼ਗਾਨਿਸਤਾਨ ਵਿਚ ਸਭ ਤੋਂ ਮਾੜਾ ਦਿਨ ਸਾਬਿਤ ਹੋਇਆ ਹੈ। ਅਫ਼ਗਾਨ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ। ਇਕ ਹੋਰ ਸੂਚਨਾ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 115 ਹੈ।
ਕਾਬੁਲ ਦੇ ਵਜ਼ੀਰ ਅਕਬਰ ਖਾਨ ਹਸਪਤਾਲ ਦੇ ਬਾਹਰ ਕਰੀਬ 10 ਲਾਸ਼ਾਂ ਪਈਆਂ ਹਨ ਕਿਉਂਕਿ ਹਸਪਤਾਲ ਦੇ ਮੁਰਦਾਘਰ ਵਿਚ ਥਾਂ ਨਹੀਂ ਹੈ। ਅਮਰੀਕਾ ਨੇ ਅੱਜ ਕਿਹਾ ਕਿ ਇਕ ਲੱਖ ਤੋਂ ਵੱਧ ਲੋਕਾਂ ਨੂੰ ਕਾਬੁਲ ਤੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਪਰ ਕਰੀਬ 1000 ਅਮਰੀਕੀ ਅਜੇ ਵੀ ਉਥਲ-ਪੁਥਲ ਤੇ ਹਿੰਸਾ ਦੇ ਸ਼ਿਕਾਰ ਮੁਲਕ ਵਿਚ ਮੌਜੂਦ ਹਨ। ਅਮਰੀਕਾ ਦੀ ਸੈਂਟਰਲ ਕਮਾਂਡ ਦੇ ਮੁਖੀ ਜਨਰਲ ਫਰੈਂਕ ਮੈਕੈਂਜ਼ੀ ਨੇ ਕਿਹਾ ਕਿ ਕਰੀਬ ਪੰਜ ਹਜ਼ਾਰ ਜਣਿਆਂ ਨੂੰ ਵੀਰਵਾਰ ਏਅਰਲਿਫਟ ਕੀਤਾ ਗਿਆ ਹੈ। ਇਸੇ ਦੌਰਾਨ ਪੈਂਟਾਗਨ ਨੇ ਕਿਹਾ ਹੈ ਕਿ ਕਾਬੁਲ ਅਤਿਵਾਦੀ ਹਮਲਾ ਹਵਾਈ ਅੱਡੇ ਦੇ ਗੇਟ ਉਤੇ ਇਕੋ ਫਿਦਾਈਨ ਵੱਲੋਂ ਕੀਤਾ ਗਿਆ ਹੈ। ਨੇੜਲੇ ਹੋਟਲ ਵਿਚ ਕੋਈ ਧਮਾਕਾ ਨਹੀਂ ਹੋਇਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly