ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਅੰਦਰ ਗੈਂਗਸਟਰਵਾਦ ਵਿਚ ਹੋ ਰਹੇ ਵਾਧੇ ਨਾਲ ਆਮ ਲੋਕਾਂ ਦੀਆਂ ਚਿੰਤਾਵਾਂ ਵਧ ਰਹੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਪੰਜਾਬ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਹਨਾਂ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਲਈ ਅਮਨ ਕਾਨੂੰਨ ਦਾ ਹੋਣਾ ਬਹੁਤ ਜਰੂਰੀ ਹੈ।ਸਾਥੀ ਰਾਣਾ ਨੇ ਕਿਹਾ ਕਿ ਗੈਂਗਸਟਰਵਾਦ, ਆਰਥਿਕ, ਸਮਾਜਿਕ, ਰਾਜਨੀਤਿਕ ਅਤੇ ਅਮਨ ਕਾਨੂੰਨ ਦਾ ਮੁੱਦਾ ਹੈ, ਇਸ ਨੂੰ ਹੱਲ ਕਰਨ ਲਈ ਚੌਤਰਫਾ ਯਤਨਾਂ ਦੀ ਲੋੜ ਹੈ ਤੇ ਕੇਵਲ ਪੁਲਿਸ ਨੂੰ ਖੁੱਲੀ ਛੁੱਟੀ ਦੇ ਕੇ ਗੈਂਗਸਟਰਵਾਦ ਨਹੀਂ ਰੁਕੇਗਾ। ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਪੁਲਿਸ ਨੂੰ ਕੁਝ ਅਧਿਕਾਰ ਦੇਣੇ ਜਰੂਰੀ ਹਨ ਪਰ ਨਾਲ-ਨਾਲ ਮਨੁੱਖੀ ਅਧਿਕਾਰਾਂ ਦੀ ਕੋਈ ਉਲੰਘਣਾ ਨਾ ਹੋਵੇ ਇਸ ਗੱਲ ਦੀ ਗਰੰਟੀ ਵੀ ਜਰੂਰੀ ਹੈ।ਪੰਜਾਬ ਸਰਕਾਰ ਅਤੇ ਪੁਲਿਸ ਵੱਲੋਂ ਗੈਂਗਸਟਰਵਾਦ ਦੀ ਪਨੀਰੀ ਨੂੰ ਖਤਮ ਕਰਨ ਦਾ ਅਪਰੇਸ਼ਨ ਬਿਨਾਂ ਲੋਕਾਂ ਦੇ ਸਹਿਯੋਗ ਤੋਂ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਕੀਤਾ ਜਾ ਸਕਦਾ। ਮਿਲੇ ਸੰਕੇਤਾਂ ਮੁਤਾਬਿਕ 3 ਹਜਾਰ ਦੇ ਕਰੀਬ ਨੌਜਵਾਨਾਂ ਨੂੰ ਪਿਛਲੇ ਦੋ ਦਿਨਾਂ ਵਿੱਚ ਪੁਲਿਸ ਨੇ ਜੇਲਾਂ ਅੰਦਰ ਡੱਕਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਇਸ ਕੰਮ ਲਈ ਨਗਦ ਇਨਾਮ ਦਾ ਵੀ ਲਾਲਚ ਦਿੱਤਾ ਗਿਆ ਹੈ।1984 ਤੋਂ ਬਾਅਦ ਇਸੇ ਤਰ੍ਹਾਂ ਦਾ ਉਪਰਾਲਾ ਉਸ ਸਮੇਂ ਦੇ ਡੀਜੀਪੀ ਰਿਬੇਰੋ ਵੱਲੋਂ ਕੀਤਾ ਗਿਆ ਸੀ ਜਿਹੜਾ ਕਿ ਹੁਣ ਆਪਣੀ ਇਸ ਕੀਤੀ ਗਲਤੀ ਲਈ ਪਛਤਾ ਰਿਹਾ ਹੈ, ਅਜਿਹਾ ਉਸ ਵੱਲੋਂ ਲਿਖੀ ਗਈ ਪੁਸਤਕ ਵਿੱਚ ਦਰਜ ਹੈ। ਇਸ ਲਈ ਪੰਜਾਬ ਸਰਕਾਰ ਨੂੰ ਗੈਂਗਸਟਰਾਂ ਨੂੰ ਹਰ ਹਾਲਤ ਵਿੱਚ ਰੋਕਣਾ ਹੋਵੇਗਾ ਪਰ ਸੰਵਿਧਾਨ, ਕਾਨੂੰਨ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਹੋਏ ਕੰਮ ਕਰਨਾ ਪਵੇਗਾ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਤੇ ਪੁਲਿਸ ਲੋਕਾਂ ਦਾ ਸਹਿਯੋਗ ਲਵੇ, ਸਖਤੀ ਕਰੇ ਅਤੇ ਸਾਰਾ ਕੁੱਝ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕਰੇ। ਸਾਥੀ ਰਾਣਾ ਨੇ ਕਿਹਾ ਕਿ ਲੋਕ ਕਿਸਾਨ ਅਤੇ ਮਜ਼ਦੂਰ ਗੁਰਬਤ ਦੀ ਜਿੰਦਗੀ ਜੀ ਰਹੇ ਹਨ। ਲੋਕਾਂ ਦਾ ਬਹੁਤਾ ਹਿੱਸਾ ਕਾਰਜ ਜਾਲ ਦੇ ਮੱਕੜ ਜਾਲ ਵਿੱਚ ਫਸ ਚੁੱਕਾ ਹੈ ਅਜਿਹੇ ਹਾਲਾਤ ਵਿੱਚ ਜਦੋਂ ਪੂੰਜੀਪਤੀਆਂ, ਸਰਮਾਏਦਾਰਾਂ ਅਤੇ ਅਫਸਰਸ਼ਾਹੀ ਦੇ ਬੱਚੇ ਤਾਂ ਪੰਜ ਤਾਰਾ ਵਰਗੀ ਜਿੰਦਗੀ ਜੀ ਰਹੇ ਹੋਣ ਅਤੇ ਬਾਕੀ ਲੋਕਾਂ ਨੂੰ ਰੋਟੀ, ਰੋਜ਼ਗਾਰ, ਇਲਾਜ, ਵਿਦਿਆ ਅਤੇ ਮਾਨ ਸਨਮਾਨ ਦੀ ਜ਼ਿੰਦਗੀ ਜਿਉਣੀ ਦੁੱਬਰ ਹੋ ਰਹੀ ਹੋਵੇ ਤਾਂ ਹਾਲਾਤ ਮਾੜੇ ਪਾਸੇ ਨੂੰ ਜਾਂਦੇ ਹਨ। ਇਸ ਕਰਕੇ ਸਰਕਾਰਾਂ ਦੀਆਂ ਨੀਤੀਆਂ ਐਸੀਆਂ ਹੋਣ ਕਿ ਗੁਰਬਤ ਘਟਾਈ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਹੋ ਸਕੇ ਤਾਂ ਗੈਂਗਸਟਾਰ ਆਪਣੀ ਮੌਤ ਆਪ ਮਰ ਜਾਵੇਗਾ ਅਤੇ ਪੰਜਾਬ ਖੁਸ਼ਹਾਲੀ ਵੱਲ ਨੂੰ ਵਧੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



