ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿਚ ਨਵੇਂ ਅਕਾਦਮਿਕ ਵਰ੍ਹੇ ਤੇ ਸਕੂਲ ਆਫ਼ ਐਮੀਨੈਂਸ ਵਿਚ ਦਾਖ਼ਲੇ ਨੂੰ ਮੁੱਖ ਰੱਖਦਿਆਂ ਅੱਜ ਬਲਾਕ ਨੋਡਲ ਅਫ਼ਸਰ ਕਪੂਰਥਲਾ-1 ਪ੍ਰਿਸੀਪਲ ਰਵਿੰਦਰ ਕੌਰ ਦੀ ਅਗਵਾਈ ਵਿਚ ਓਲੰਪੀਅਨ ਕ੍ਰਿਸ਼ਨ ਬੀ ਪਾਠਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਰ.ਸੀ.ਐਫ. ਵਿਚ ਮੀਟਿੰਗ ਹੋਈ ਜਿਸ ਵਿਚ ਬਲਾਕ ਵਿਚ ਪੈਂਦੇ ਸਾਰੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ, ਮੁੱਖ ਅਧਿਆਪਕਾਂ ਤੇ ਇੰਚਾਰਜਾਂ ਨੇ ਭਾਗ ਲਿਆ | ਮੀਟਿੰਗ ਵਿਚ ਉਚੇਚੇ ਤੌਰ ‘ਤੇ ਸ਼ਾਮਿਲ ਹੋਈ ਦਲਜੀਤ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਪਣੇ ਆਲੇ ਦੁਆਲੇ ਦੇ ਪਿੰਡਾ ਵਿਚ ਵਿਸ਼ੇਸ਼ ਕਰਕੇ ਉਨ੍ਹਾਂ ਮਾਪਿਆਂ ਦੇ ਬੱਚਿਆਂ ਨਾਲ ਸੰਪਰਕ ਕਰਨ ਜਿਹੜੇ ਬੱਚੇ ਨਿੱਜੀ ਸਕੂਲਾਂ ਵਿਚ ਪੜ੍ਹਦੇ ਹਨ | ਉਹਨਾਂ ਬੱਚਿਆਂ ਦੇ ਮਾਪਿਆਂ ਨਾਲ ਰਾਬਤਾ ਕਰਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣੂ ਕਰਵਾਕੇ ਉਨ੍ਹਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰਨ |
ਉਨ੍ਹਾਂ 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਸਕੂਲ ਆਫ਼ ਐਮੀਨੈਂਸ ਵਿਚ ਦਾਖ਼ਲੇ ਲਈ ਕਰਵਾਈ ਜਾਣ ਵਾਲੀ ਪ੍ਰਵੇਸ਼ ਪ੍ਰੀਖਿਆ ਲਈ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਵਾਉਣ ‘ਤੇ ਜ਼ੋਰ ਦਿੱਤਾ | ਮੀਟਿੰਗ ਨੂੰ ਸੰਬੋਧਨ ਕਰਦਿਆਂ ਨੋਡਲ ਅਫ਼ਸਰ ਪਿ੍ੰਸੀਪਲ ਰਵਿੰਦਰ ਕੌਰ ਨੇ ਅੱਪਰ ਪ੍ਰਾਇਮਰੀ ਸਕੂਲਾਂ ਦੇ ਨਾਲ ਪ੍ਰਾਇਮਰੀ ਸਕੂਲਾਂ ਵਿਚ ਵੀ ਬੱਚਿਆਂ ਦੇ ਦਾਖ਼ਲੇ ਲਈ ਸਕੂਲ ਮੁੱਖੀਆਂ ਤੋਂ ਸਹਿਯੋਗ ਦੀ ਮੰਗ ਕੀਤੀ | ਮੀਟਿੰਗ ਨੂੰ ਪਿ੍ੰਸੀਪਲ ਗੁਰਚਰਨ ਸਿੰਘ ਚਾਹਲ, ਪਿ੍ੰਸੀਪਲ ਅਮਰੀਕ ਸਿੰਘ ਨੰਢਾ ਨੇ ਵੀ ਸੰਬੋਧਨ ਕੀਤਾ ਤੇ ਦਾਖਲਾ ਮੁਹਿੰਮ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਦਾ ਭਰੋਸਾ ਦਿਵਾਇਆ | ਇਸ ਮੌਕੇ ਪਿ੍ੰਸੀਪਲ ਬਲਵਿੰਦਰ ਸਿੰਘ ਬੱਟੂ, ਪਿ੍ੰਸੀਪਲ ਸ੍ਰੀਮਤੀ ਅਨੁਰਾਗ ਭੱਲਾ, ਸੁਖਦਿਆਲ ਸਿੰਘ ਝੰਡ ਪ੍ਰਧਾਨ ਅਧਿਆਪਕ ਦਲ ਪੰਜਾਬ, ਹਰਦੇਵ ਸਿੰਘ ਖਾਨੋਵਾਲ, ਹੀਰਾ ਸਿੰਘ, ਰਵਿੰਦਰ ਕੌਰ, ਬਲਜੀਤ ਕੌਰ, ਗੁਰਵਿੰਦਰ ਕੌਰ (ਸਾਰੇ ਹੈੱਡਮਾਸਟਰ), ਸੰਦੀਪ ਕੁਮਾਰ ਦੁਰਗਾਪੁਰ, ਸੁਖਜਿੰਦਰ ਸਿੰਘ ਢੋਲਣ, ਅਮਰਜੀਤ ਸੰਧੂ ਚੱਠਾ ਅਤੇ ਹੋਰ ਸਕੂਲ ਇੰਚਾਰਜ ਹਾਜ਼ਰ ਸਨ |