ਭਜਨ ਸਿੰਘ ਪ੍ਰਦੇਸੀ
(ਸਮਾਜ ਵੀਕਲੀ) ਤਿੰਨ ਇਤਿਹਾਸਕ ਦਿਨ :-(ੳ) ਪਹਿਲਾ ਪ੍ਰਕਾਸ਼ ਦਿਹਾੜਾ 1604ਈ. ,ਅੰਮ੍ਰਿਤਸਰ ਸਾਹਿਬ ।
(ਅ) ਸੰਪੂਰਨਤਾ ਦਿਵਸ 1706 ਈ: ਦਮਦਮਾ ਸਾਹਿਬ ।
(ੲ) ਗੁਰਗੱਦੀ ਦਿਵਸ 1708 ਈ: ਨਾਂਦੇੜ ਹਜ਼ੂਰ ਸਾਹਿਬ ।
(ੳ) ਚੌਥੀ ਜੋਤ ਗੁਰੂ ਨਾਨਕ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸਾਹਿਬ ਜੀ ਦਾ ਸਰੋਵਰ ਬਣਵਾਇਆ ।ਪੰਜਵੀਂ ਜੋਤ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਸਾਹਿਬ ਵਿਚਕਾਰ ਹਰਿਮੰਦਰ ਸਾਹਿਬ ਦੀ ਇਮਾਰਤ ਬਣਵਾਈ ।ਹਰੀ ਦੇ ਮੰਦਰ ਅੰਦਰ , ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਮੁਤਾਬਕ ਮੂਰਤੀ ਦੀ ਸਥਾਪਨਾ ਤਾਂ ਬਿਲਕੁਲ ਹੀ ਨਹੀਂ ਹੋ ਸਕਦੀ ਸੀ ।ਇਸ ਲਈ ਗੁਰੂ ਅਰਜਨ ਦੇਵ ਜੀ ਨੇ ਸੋਚਿਆ ਕਿਉਂ ਨਾ ਇਸ ਹਰੀ ਦੇ ਮੰਦਰ ਅੰਦਰ ਪੂਰੀ ਲੁਕਾਈ ਦੇ ਲੋਕਾਂ ਵਾਸਤੇ ਗਿਆਨ ਦਾ ਸਾਗਰ ਸਸ਼ੋਬੱਤ ਕੀਤਾ ਜਾਵੇ ।
ਸਰੋਵਰ ਸਾਹਿਬ ਅਤੇ ਹਰਿਮੰਦਰ ਸਾਹਿਬ ਦੀ ਸੇਵਾ ਦਾ ਕੰਮ ਬਾਬਾ ਬੁੱਢਾ ਸਾਹਿਬ ਜੀ ਦੀ ਨਿਗਰਾਨੀ ਅਧੀਨ ਹੋਇਆ ਅਤੇ ਹੋਰ ਕਈ ਕੰਮਾਂ ਦੀ ਸੇਵਾ ਵੀ ਬਾਬਾ ਜੀ ਹੀ ਦੇਖ ਰਹੇ ਸਨ ।ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਨੂੰ ਨਾਲ ਲੈ ਕੇ ਸਰੋਵਰ ਸਾਹਿਬ ਤੋਂ ਕੁੱਝ ਦੂਰੀ ਉੱਪਰ ਇਕਾਂਤ ਥਾਂ , ਰੁੱਖਾਂ ਦੀ ਠੰਡੀ ਛਾਂਵੇਂ ਤੰਬੂ ਲਗਵਾ ਲਿਆ ।ਆਦਿ ਗ੍ਰੰਥ ਲਿਖਣ ਤੋਂ ਪਹਿਲਾਂ ਗੁਰੂ ਜੀ ਨੇ ਪਹਿਲੇ ਚਾਰ ਗੁਰੂ ਸਹਿਬਾਨਾਂ ਦੀ ਬਾਣੀ,ਭਗਤਾਂ ਦੀ ਬਾਣੀ ਅਤੇ ਸੇਵਕਾਂ ਦੇ ਉਚਾਰੇ ਸ਼ਬਦਾਂ ਨੂੰ ਇਕੱਤਰ ਕੀਤਾ ।ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਨਿਯੁਕਤ ਕੀਤਾ ਗਿਆ ।ਬਾਬਾ ਬੁੱਢਾ ਸਾਹਿਬ ਨੂੰ ਪੂਰੇ ਬੰਦੋਬਸਤ ਦੀ ਜ਼ਿੰਮੇਵਾਰੀ ਦਿੱਤੀ ਗਈ , ਤੰਬੂ ਵਾਲੇ ਪਾਸੇ ਬਾਬਾ ਜੀ ਆਪ ਜਾਂ ਬਾਬੇ ਜੀ ਵੱਲੋਂ ਨਿਯੁਕਤ ਕੀਤੇ ਸੇਵਾਦਾਰ ਹੀ ਜਾ ਸਕਦੇ ਸਨ ।
ਆਦਿ ਗ੍ਰੰਥ ਦੀ ਸੰਪਾਦਨਾਂ ਦਾ ਕੰਮ ਕੋਈ ਆਸਾਨ ਕੰਮ ਨਹੀ ਸੀ। ਓਸ ਵਕਤ ਲਿਖਣ ਵਾਸਤੇ ਕਲਮਾਂ ਆਪ ਬਣਾਉਣੀਆ ਪੈਂਦੀਆਂ ਸਨ , ਸਿਆਹੀ ਵੀ ਆਪ ਤਿਆਰ ਕਰਨੀ ਪੈਂਦੀ ਸੀ ਅਤੇ ਪੇਪਰ ਵੀ ਬੜੀਆਂ ਮੁਸ਼ਕਲਾਂ ਨਾਲ ਮਿਲਦਾ ਸੀ ।ਗੁਰੂ ਅਰਜਨ ਦੇਵ ਜੀ ਨੇ 1601 ਈ:ਵਿੱਚ ਆਦਿ ਗ੍ਰੰਥ ਸਾਹਿਬ ਲਿਖਵਾਉਣਾ ਸ਼ੁਰੂ ਕੀਤਾ ਜਿਸ ਦੀ ਸੰਪੂਰਨਤਾ ਈ: 1604 ਵਿੱਚ ਹੋਈ । ਤੰਬੂ ਵਾਲੀ ਜਗ੍ਹਾ ਦਾ ਬਾਅਦ ਵਿੱਚ ਰਾਮ ਸਰ ਨਾਮ ਰੱਖਿਆ ਗਿਆ ।ਆਦਿ ਗ੍ਰੰਥ ਨੂੰ ਰਾਮ ਸਰ ਸਾਹਿਬ ਤੋਂ ਕੋਠਾ ਸਾਹਿਬ ਨਗਰ ਕੀਰਤਨ ਦੇ ਰੂਪ ਵਿਚ ਲਿਆਂਦਾ ਗਿਆ ।ਗ੍ਰੰਥ ਸਾਹਿਬ ਪਲੰਘ ਉਪਰ ਸਸ਼ੋਬਤ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਆਪ ਜ਼ਮੀਨ ਤੇ ਬਿਸਤਰ ਲਗਾਇਆ ।ਕੋਠਾ ਸਾਹਿਬ ਤੋਂ ਨਵੀਂ ਬਣੀ ਇਮਾਰਤ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਕੀਤਾ ਗਿਆ ਅਤੇ ਪਹਿਲਾ ਹੁਕਮ-ਨਾਮਾਂ ਵੀ ਬਾਬਾ ਬੁੱਢਾ ਜੀ ਨੇ ਹੀ ਲਿਆ ਸੀ ।ਇਸ ਤਰਾਂ ਬਾਬਾ ਬੁੱਢਾ ਸਾਹਿਬ ਦਰਬਾਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਥਾਪੇ ਗਏ ਸਨ ।
ਆਦਿ ਗ੍ਰੰਥ ਸਾਹਿਬ ਵਿੱਚ ਦਰਜ਼ ਬਾਣੀ ਦਾ ਵੇਰਵਾ :-
ਪੰਜ ਗੁਰੂ ਸਾਹਿਬਾਨ :1.ਗੁਰੂ ਨਾਨਕ ਜੀ ਦੀ ਬਾਣੀ ਮਹਲਾ ਪਹਿਲਾ ਦੇ ਸਿਰਲੇਖ ਹੇਠ ।2.ਗੁਰੂ ਅੰਗਦ ਜੀ ਮਹੱਲਾ ਦੂਜਾ ।3.ਗੁਰੂ ਅਮਰ ਦਾਸ ਜੀ ਮਹੱਲਾ ਤੀਜਾ । 4.ਗੁਰੂ ਰਾਮ ਦਾਸ ਜੀ ਮਹੱਲਾ ਚੌਥਾ ।5.ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਮਹੱਲਾ ਪੰਜਵਾਂ ਦੇ ਸਿਰਲੇਖ ਅਧੀਨ ਹੀ ਲਿਖੀ ਅਤੇ ਪੰਜਾਂ ਹੀ ਗੁਰੂਆਂ ਨੇ ਸ਼ਬਦਾਂ ਦੇ ਅਖੀਰਲੀਆਂ ਤੁਕਾਂ ਵਿਚ ਨਾਨਕ ਦਾ ਨਾਮ ਹੀ ਵਰਤਿਆ ਹੈ ।
ਪੰਦਰਾਂ ਭਗਤ ਸਾਹਿਬਾਨ :1.ਭਗਤ ਕਬੀਰ ਜੀ ਦੇ 534 ਸ਼ਬਦ 246 ਸਲੋਕ ,2.ਭਗਤ ਨਾਮ ਦੇਵ ਜੀ ਦੇ 61 ਸ਼ਬਦ, 3.ਭਗਤ ਰਵਿਦਾਸ ਜੀ 40 ਸ਼ਬਦ,4.ਬਾਬਾ ਸ਼ੇਖ ਫ਼ਰੀਦ ਜੀ ਦੇ ਚਾਰ ਸ਼ਬਦ 130 ਸਲੋਕ , 5.ਭਗਤ ਤ੍ਰਿਲੋਚਨ ਜੀ ਦੇ ਚਾਰ ਸ਼ਬਦ 6. ਭਗਤ ਧੰਨਾ ਜੀ ਦੇ ਚਾਰ ਸ਼ਬਦ,7.ਭਗਤ ਬੇਣੀ ਜੀ ਦੇ ਤਿੰਨ ਸ਼ਬਦ 8 ਭਗਤ ਜੈ ਦੇਵ ਜੀ ਦੇ ਦੋ ਸ਼ਬਦ 9. ਭਗਤ ਭੀਖਣ ਜੀ ਦੇ ਦੋ ਸ਼ਬਦ 10 ਤੋਂ 15 ਤੀਕ ਭਗਤ ਸੈਣ ਜੀ,ਭਗਤ ਪੀਪਾ ਜੀ ,ਭਗਤ ਸਧਨਾ ਜੀ ,ਭਗਤ ਰਾਮਾਨੰਦ ਜੀ, ਭਗਤ ਪਰਮਾ ਨੰਦ ਜੀ ਅਤੇ ਭਗਤ ਸੂਰ ਦਾਸ ਜੀ ਦਾ ਇੱਕ ਇੱਕ ਸ਼ਬਦ ਦਰਜ ਹੈ ।
ਤਿੰਨ ਗੁਰਸਿੱਖ :ਬਾਬਾ ਸੁੰਦਰ ਜੀ , ਭਾਈ ਸੱਤਾ ਜੀ ਅਤੇ ਭਾਈ ਵਲਵੰਡ ਜੀ ਦੇ ਸ਼ਬਦ ਵੀ ਦਰਜ ਹਨ ।
ਗਿਆਰਾਂ ਭੱਟਾਂ ਦੀ ਬਾਣੀ : (ੳ) ਕੱਲ੍ਹ /ਕਲਸਹਾਰ ਜੀ ,ਜਾਲਪ/ਜਲ੍ਹ ਜੀ , ਕੀਰਤ ਜੀ , ਭਿੱਖਾ ਜੀ , ਸਲ੍ਹ ਜੀ , ਭਲ੍ਹ ਜੀ , ਨਲ ਜੀ , ਗਯੰਦ ਜੀ , ਮਥੁਰਾ ਜੀ , ਬਲ੍ਹ ਜੀ ਅਤੇ ਹਰਿਬੰਸ ਜੀ ।
(ਅ) ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦਮਦਮਾ ਸਾਹਿਬ ਠਹਿਰੇ ਹੋਏ ਸਨ , ਆਦਿ ਗ੍ਰੰਥ ਦੀ ਬੀੜ ਸਾਹਿਬ ਵਿੱਚ ਨੌਵੇਂ ਨਾਨਕ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਉਚਾਰੀ ਹੋਈ ਬਾਣੀ ਜੋ ਦਸਵੇਂ ਪਾਤਸ਼ਾਹ ਪਾਸ ਮੌਜੂਦ ਸੀ , ਭਾਈ ਮਨੀ ਸਿੰਘ ਜੀ ਪਾਸੋਂ ਦਰਜ ਕਰਵਾਈ ਗਈ ਸੀ ।ਇੱਥੇ ਹੀ ਬਾਬਾ ਦੀਪ ਸਿੰਘ ਜੀ ਨੇ ਆਦਿ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕੀਤੇ ਅਤੇ ਦੂਸਰੇ ਗੁਰੂ ਸਥਾਨਾਂ ਉੱਪਰ ਭੇਜੇ ਗਏ ਸਨ ।
ਨੌਂਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 59 ਸ਼ਬਦ ਅਤੇ 57 ਸਲੋਕ ਵੀ ਮਹੱਲਾ ਨੌਂਵਾਂ ੯ ਅਤੇ ਗੁਰੂ ਨਾਨਕ ਜੀ ਦੇ ਨਾਮ ਨਾਲ ਹੀ ਸੰਬੋਧਨ ਕੀਤੇ ਹਨ ।
ਇਸ ਤਰਾਂ ਛੇ ਗੁਰੂਆਂ , ਪੰਦਰਾਂ ਭਗਤਾਂ , ਤਿੰਨ ਗੁਰਸਿੱਖਾਂ ਅਤੇ ਗਿਆਰਾਂ ਭੱਟਾਂ ਦੀ ਬਾਣੀ ਸਦਕਾ ਆਦਿ ਗ੍ਰੰਥ ਸਾਹਿਬ ਜੀ ਸੰਪੂਰਨ ਹੋਏ ।
(ੲ) ਜਦੋਂ ਗੁਰੂ ਜੀ ਦੱਖਣ ਦੇਸ਼ ਮਹਾਰਾਸ਼ਟਰ ਨਾਂਦੇੜ ਅਬਚਲ-ਨਗਰ ਪਹੁੰਚੇ ਤਾਂ ਗੋਦਾਵਰੀ ਨਦੀ ਦੇ ਪਾਸ ਡੇਰਾ ਲਾਇਆ । ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਨੇ ਆਪਣੇ ਆਖਰੀ ਸਮੇਂ 1708 ਈ:ਵਿੱਚ ਖ਼ਾਲਸਾ ਪੰਥ ਨੂੰ , ਸਭ ਨਾਨਕ ਨਾਮ ਲੇਵਾ ਸੰਗਤਾਂ ਨੂੰ ਹੁਕਮ ਕੀਤਾ, ਮੇਰੇ ਤੋਂ ਬਾਅਦ ਆਪ ਸਭਨਾਂ ਦਾ ਗੁਰੂ , ਗੁਰੂ ਗ੍ਰੰਥ ਸਾਹਿਬ ਹੀ ਹੋਵੇਗਾ ।
“ਸਭ ਸਿੱਖਨ ਕੋ ਹੁਕਮ ਹੈ ,ਗੁਰੂ ਮਾਨਿਓਂ ਗ੍ਰੰਥ” ।
ਕੀ ਪੰਦਰਾਂ ਭਗਤਾਂ ਦੀ ਬਾਣੀ ਦਰਜ਼ ਕਰਨਾ ਮਿਿਥਹਾਸਕ ਹੈ ਜਾਂ ਇਤਿਹਾਸਕ ?
(1) ਸਿੱਖ ਧਰਮ ਇਤਿਹਾਸਕ ਧਰਮ ਹੈ ,ਪ੍ਰਚਾਰਕ ਧਰਮ ਹੈ ਅਤੇ ਨਵਾਂ ਧਰਮ ਹੋਣ ਦੇ ਬਾਵਜੂਦ ਵੀ ਕਿਂਉ ਮਿਿਥਹਾਸਕ ਅਤੇ ਕਰਾਮਾਤੀ ਸਾਖੀਆਂ ਸੁਣਾਈਆਂ ਜਾਂਦੀਆਂ ਹਨ ।
(2) ਕਈ ਪ੍ਰਚਾਰਕ ਕਹਿੰਦੇ , ਕਰਾਮਾਤ ਕਹਿਰ ਦਾ ਨਾਮ ਹੈ , ਸਿੱਖਾਂ ਵਾਸਤੇ ਕੋਈ ਕਰਾਮਾਤ ਨਹੀਂ ਪ੍ਰੰਤੂ ਕਰਾਮਾਤੀ ਸਾਖੀਆਂ ਵੀ ਸਣਾਈ ਜਾਂਦੇ ਹਨ ।
(3) ਮਿਿਥਹਾਸਕ ਸਾਖੀਆਂ ਸਾਰੇ ਧਰਮਾਂ ਵਿੱਚ ਹਨ ,ਕਿਸੇ ਵਿੱਚ ਵੱਧ ਅਤੇ ਕਿਸੇ ਵਿੱਚ ਘੱਟ ।
ਮਿਿਥਹਾਸਕ ਸਾਖੀਆਂ ਭਗਤ ਬਾਣੀ ਬਾਰੇ:- ਸੰਤਾਂ ਮਹਾਂਪੁਰਸ਼ਾਂ , ਰਾਗੀਆਂ ਢਾਢੀਆਂ ਅਤੇ ਕਥਾਕਾਰਾਂ ਪਾਸੋਂ ਬਚਪਨ ਤੋਂ ਹੀ ਸੁਣਦਾ ਆ ਰਿਹਾ ਸੀ , ਆਦਿ ਗ੍ਰੰਥ ਦੀ ਸੰਪਾਦਨਾ ਵੇਲੇ ਭਗਤਾਂ ਦੀਆਂ ਰੂਹਾਂ ਨੂੰ ਬਲਾਇਆ ਗਿਆ ਜਿਵੇਂ :-
(ੳ) ਤੰਬੂ ਵਿੱਚ ਗੁਰੂ ਅਰਜਨ ਦੇਵ ਜੀ ਸਮਾਧੀ ਲੀਨ ਹੋ ਜਾਂਦੇ , ਭਗਤਾਂ ਦੀਆਂ ਰੂਹਾਂ ਵਾਰੋ ਵਾਰੀ ਗੁਰੂ ਵਿੱਚ ਆ ਜਾਂਦੀਆਂ , ਜੋ ਬਾਣੀ ਦੇ ਸ਼ਬਦ ਜਿਸ ਭਗਤ ਦੇ ਨਾਮ ਉਚਾਰੇ ਜਾਂਦੇ ਭਾਈ ਗੁਰਦਾਸ ਜੀ ਉਸੇ ਤ੍ਹਰਾਂ ਹੀ ਲਿਖੀ ਜਾਂਦੇ ।
(ਅ) ਭਗਤਾਂ ਦੀਆਂ ਰੂਹਾਂ ਨੂੰ ਸਾਖਸ਼ਾਤ ਤੰਬੂ ਵਿੱਚ ਬੁਲਾਇਆ ਗਿਆ ਜਾਂ ਰੂਹਾਂ ਨੇ ਆਪ ਹਾਜ਼ਰ ਹੋ ਕੇ ਆਪਣੀ ਆਪਣੀ ਬਾਣੀ ਲਿਖਵਾਈ ।
(ੲ) ਸਾਡੇ ਬਾਬੇ ਵੀ ਕਈ ਕਰਾਮਾਤੀ ਸਾਖੀਆਂ ਸਣਾਉਦੇ ਹਨ ਜਿਹੜੀਆਂ ਸਾਡੀਆਂ ਧਾਰਮਿਕ ਕਿਤਾਬਾਂ ਵਿੱਚ ਦਰਜ ਹਨ ਜਿਵੇਂ ਸੂਰਜ ਪ੍ਰਕਾਸ਼ ਅਤੇ ਨਿਰਮਲੇ ਸੰਸਥਾ ਦਾ ਗ੍ਰੰਥ ਆਦਿ ।ਇਸੇ ਕਰਕੇ ਸਨਾਤਨ ਮੱਤ ਵਾਲੇ ਕਹਿੰਦੇ ਹਨ , ਗੁਰੂ ਅਰਜਨ ਦੇਵ ਜੀ ਨੇ ਆਪਣੇ ਵੱਲੋਂ ਬਾਣੀ ਉਚਾਰੀ ਤੇ ਭਗਤਾਂ ਦੇ ਨਾਮ ਦਰਜ ਕਰ ਦਿੱਤੀ ।
(ਸ) ਪਿਛਲੇ ਤੀਹ ਸਾਲਾਂ ਤੋਂ ਰੂਹਾਂ ਨੂੰ ਬਲਾਉਣ ਦਾ ਦਾਸ ਖੰਡਨ ਕਰਦਾ ਸੀ ।ਬੜੀ ਹੈਰਾਨੀ ਹੋਈ ਜਦੋਂ 28 ਅਗਸਤ 2022 ਨੂੰ ਮੰਜੀ ਸਾਹਿਬ ਤੋਂ ਹੁੱਕਮਨਾਮਾ ਦਰਬਾਰ ਸਾਹਿਬ ਅਤੇ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਦਾ ਪੂਰਬ ਦੀ ਕੱਥਾ ਸੁਣੀ ਜੋ ਭਗਤਾਂ ਬਾਰੇ ਇਸ ਤਰਾਂ ਸੀ : ਜਦੋਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਨੂੰ ਕਿਹਾ , ਕੱਲ ਤੋਂ ਭਗਤਾਂ ਦੀਆਂ ਬਾਣੀਆਂ ਲਿਖਾਂਗੇ ।ਭਾਈ ਗੁਰਦਾਸ ਜੀ ਨੇ ਸਵਾਲ ਕੀਤਾ , ਮਹਾਂਰਾਜ ਜੀ , ਪੰਜ ਸੌ ਸਾਲ ਪਹਿਲਾਂ ਹੋਏ ਭਗਤਾਂ ਦੀ ਬਾਣੀ ਕਿਵੇਂ ਲਿਖਾਂਗੇ ?
ਅਗਲੇ ਦਿਨ ਜਿਸ ਤਰਾਂ ਹੀ ਤੰਬੂ ਵਿੱਚ ਦਾਖਲ ਹੋਏ ਭਾਈ ਗੁਰਦਾਸ ਜੀ ਕੀ ਵੇਖਦੇ ਹਨ ! ਪੰਦਰਾਂ ਦੇ ਪੰਦਰਾਂ ਭਗਤ ਚਿੱਟੇ ਵਸਤਰ ਪਾਈ ਹਾਜ਼ਰ ਸਨ ।ਕੱਥਾ ਦੀ ਰਿਕਾਰਡਿੰਗ ਦਾਸ ਪਾਸ ਹੈ । ਸਿੰਘ ਸਾਹਿਬ ਨੇ ਬਹੁਤ ਹੀ ਵਿਸਥਾਰ ਵਿੱਚ ਵਿਆਖਿਆ ਕੀਤੀ ਹੈ ਜੋ ਸੁਣਨ ਵਾਲੀ ਹੈ । ਕੇਵਲ ਰੂਹਾਂ ਨੂੰ ਬਲਉਣ ਦਾ ਸਵਾਲ ਹੈ ।ਕੌਣ ਇਸ ਦਾ ਹੱਲ ਕਰੇਗਾ ? ਗ਼ੈਬੀ ਸ਼ਕਤੀਆਂ ਹਨ , ਦਾਸ ਇਨਕਾਰੀ ਨਹੀਂ , ਇੱਥੇ ਤਾਂ ਭਗਤਾਂ ਦੀ ਬਾਣੀ ਬਾਰੇ ਪ੍ਰਮਾਣ ਹਨ ਜਿਵੇਂ :-
ਇਤਿਹਾਸਕ ਸਬੂਤ:-( 1 ) ਗੁਰੂ ਨਾਨਕ ਜੀ ਦੀਆਂ ਚਾਰ ਯਾਤਰਾਵਾਂ / ਉਦਾਸੀਆਂ ਚਾਰਾਂ ਦਿਸ਼ਾਵਾਂ ਵਿੱਚ ,ਦੇਸ਼ਾਂ ਵਿਦੇਸ਼ਾਂ ਵਿੱਚ ਛੱਬੀ ਸਾਲ ਦੇ ਕਰੀਬ ਭ੍ਰਮਣ ਕੀਤਾ ਅਤੇ ਇਨਸਾਨਾਂ ਨੂੰ ਸੱਚ ਦਾ ਰਸਤਾ ਦੱਸਿਆ ।ਬਾਬੇ ਨਾਨਕ ਜੀ ਤੋਂ ਢਾਈ ਤੋਂ ਤਿੰਨ ਸੌ ਸਾਲ ਪਹਿਲਾਂ ਜਨਮੇਂ ਭਗਤ ਸਨ ਜੈ ਦੇਵ ਜੀ ਬੰਗਾਲ ਤੋਂ ਸੀ ਅਤੇ ਬਾਬਾ ਫ਼ਰੀਦ ਜੀ ਪਾਕਪਟਨ ਤੋਂ ਸਨ ।ਗੁਰੂ ਨਾਨਕ ਜੀ ਨੇ ਬਾਬਾ ਫ਼ਰੀਦ ਜੀ ਦੇ ਗਯਾਰਵੇਂ ਗੱਦੀ ਨਸ਼ੀਨ ਦੇ ਡੇਰੇ ਤੋਂ ਬਾਣੀ ਹਾਸਲ ਕੀਤੀ ਤੇ ਨਾਲ ਲੈ ਕੇ ਆਏ ਸਨ ।ਸੋ ਏਸੇ ਤਰਾਂ ਯਾਤਰਾ ਦੌਰਾਨ ਸਮਕਾਲੀ ਅਤੇ ਗੱਦੀ ਤੇ ਬਿਰਾਜਮਾਨ ਭਗਤਾਂ ਦੇ ਡੇਰਿਆਂ ਤੋਂ ਬਾਣੀ ਆਪ ਜੀ ਨੇ ਲਿਆਂਦੀ । ਫਿਰ ਸਾਰੀ ਬਾਣੀ ਦੂਸਰੇ ਗੁਰੂ , ਤੀਸਰੇ ਗੁਰੂ , ਚੌਥੇ ਗੁਰੂ ਅਤੇ ਗੁਰੂਆਂ ਵੱਲੋਂ ਉਚਾਰੀ ਬਾਣੀ ਪੰਜਵੇਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚ ਗਈ ।
( 2 ) ਸਾਇੰਸ , ਹਿਸਟਰੀ ਅਤੇ ਅੱਜ ਦੀ ਨਵੀਂ ਪ੍ਹੀੜੀ ਮਿਿਥਹਾਸਕ ਅਤੇ ਕਰਾਮਾਤਾਂ ਨੂੰ ਨਹੀਂ ਮੰਨਦੀ । ਮੇਰੇ ਵੀ ਅਚਾਨਕ 1994-95 ਈ: ਵਿੱਚ ਬਾਬੇ ਨਾਨਕ ਜੀ ਦੀਆਂ ਲੰਬੀਆਂ ਲੰਬੀਆਂ ਯਾਤਰਵਾਂ ਦਾ ਨਕਸ਼ਾ , ਸਿੱਧਾਂ ,ਜੋਗੀਆਂ, ਪੀਰਾਂ -ਫ਼ਕੀਰਾਂ ਅਤੇ ਤੀਰਥਾਂ ਆਦਿ ਡੇਰਿਆਂ ਤੇ ਜਾਣ ਦੇ ਸਬੂਤ ਨੇ ਰੂਹਾਂ ਨੂੰ ਬਲਾਉਣਾਂ ਇਕ ਮਿੱਥ ਹੀ ਸਮਝਿਆ ਹੈ।
(3) ਭਾਈ ਗੁਰਦਾਸ ਜੀ ਦੀ ਵਾਰ ਪਹਿਲੀ , ਪਾਉੜੀ ੩੨ ਵੀਂ :-
ਬਾਬਾ ਫਿਿਰ ਮੱਕੇ ਗਿਆ ਨੀਲ ਬਸਤਰ ਧਾਰੇ ਬਨਵਾਰੀ ॥
ਆਸਾ ਹਥਿ ਕਿਤਾਬ ਕਛਿ ਕੂਜਾ ਬਾਂਗ ਮੁਸੱਲਾ ਧਾਰੀ ॥
ਪਾਉੜੀ ੩੩ਵੀਂ :-
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ ॥
ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ॥
ਬਾਬਾ ਨਾਨਕ ਜੀ ਜਦੋਂ ਮੱਕੇ ਦੀ ਯਾਤਰਾ ਤੇ ਗਏ ਬਾਬਾ ਜੀ ਦੇ ਪਾਸ ਕਿਤਾਬ ਸੀ,ਜਾਂ ਕਹਿ ਲਵੋ ਇੱਕ ਨੋਟ ਬੁੱਕ ਸੀ , ਜਿਸ ਵਿੱਚ ਆਪਣੀ ਬਾਣੀ ਲਿਖਦੇ ਅਤੇ ਭਗਤਾਂ ਦੀ ਬਾਣੀ ਜਿੰਨਾਂ ਦੀ ਵਿਚਾਰਧਾਰਾ ਮੇਲ ਖਾਂਦੀ ਉੱਨ੍ਹਾਂ ਦੀ ਬਾਣੀ ਗੁਰੂ ਜੀ ਆਪ ਲੈ ਕਿ ਆਏ ।
(4) ਗੁਰੂ ਗ੍ਰੰਥ ਸਾਹਿਬ ਵਿੱਚੋਂ ਸਬੂਤ :- ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫ਼ਰੀਦ ਜੀ ਦੇ ਠੇਠ ਪੰਜਾਬੀ ਬੋਲੀ ਵਿੱਚ ਚਾਰ ਸ਼ਬਦ ਅਤੇ 130 ਸਲੋਕ ਹਨ ।ਸਲੋਕਾਂ ਵਿੱਚ ਦੋ ਸਲੋਕ ਮਹਲਾ ਤੀਜਾ ਦੇ ਅਤੇ ਹੋਰ ਵੀ ਹਨ । ਮਿਸਾਲ ਦੇ ਤੌਰ ‘ਤੇ ਸਲੋਕ ਨੂੰ: 51:-
ਫਰੀਦਾ ਰਤੀ ਰੱਤ ਨ ਨਿਕਲੇ ਜੇ ਤਨਿ ਚੀਰੇ ਕੋਇ ॥
ਜੋ ਤਨ ਰਤੇ ਰੱਬ ਸਿਓ ਤਿਨ ਤਨਿ ਰਤੁ ਨ ਹੋਇ ॥
ਗੁ.ਗ.ਅੰਗ1380
ਉੱਪਰਲਾ ਸਲੋਕ ਜਦੋਂ ਤੀਸਰੇ ਗੁਰੂ ਅਮਰਦਾਸ ਜੀ ਨੇ ਪ੍ਹੜਿਆ ਤਾਂ ਵਿਚਾਰ ਆਇਆ ,ਰੱਤ ,ਖੂਨ ,ਲਹੂ ਬਿਨਾਂ ਤਾਂ ਕੋਈ ਜੀਵਨ ਨਹੀਂ ਹੈ ।ਗੁਰੂ ਜੀ ਨੇ ਬਾਬਾ ਫ਼ਰੀਦ ਜੀ ਦੇ ਸਲੋਕ ਦਾ ਅੰਤਰੀਵ ਭਾਵਨਾ ਨੂੰ ਸਮਝਿਆ ਕਿ ਪਾਪੀ ਲੋਭ ਵੱਲ ਇਸ਼ਾਰਾ ਹੈ ,ਅਗਲਾ ਸਲੋਕ ਗੁਰੂ ਜੀ ਨੇ ਆਪ ਦਰਜ ਕੀਤਾ ਤਾਂ ਕਿ ਅਗਲੀ ਪ੍ਹੀੜੀ ਕਿੰਤੂ ਨਾ ਕਰੇ ।
ਸਲੋਕ ਨੂੰ: 52 ਮਹਲਾ ੩ (ਗੁਰੂ ਅਮਰ ਦਾਸ ਜੀ ) :-
ਇਹ ਤਨੁ ਸਭੋ ਰੱਤ ਹੈ ਰਤੁ ਬਿਨ ਤਨੁ ਨ ਹੋਇ ॥
ਜੋ ਸਹਿ ਰਤੇ ਆਪਣੇ ਤਿਤ ਤਨ ਲੋਭ ਰਤੁ ਨ ਹੋਇ ॥
ਇਸ ਸਲੋਕ ਤੋਂ ਸਾਬਤ ਹੁੰਦਾ ਹੈ ਕਿ ਭਗਤਾਂ ਦੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜ਼ੂਦ ਸੀ ।
(5) ਪਾਲਕੀ ਸਾਹਿਬ :- ਅੱਜ ਵੀ ਉਹ ਪਾਲਕੀ ਗੋਇੰਦਵਾਲ ਸਾਹਿਬ ਮੌਜ਼ੂਦ ਹੈ ,ਜਿਸ ਉੱਪਰ ਗੁਰਬਾਣੀ ਦੀਆਂ ਸਾਰੀਆਂ ਪੋਥੀਆਂ ਰੱਖ ਕੇ , ਚਾਰ ਸੇਵਕਾਂ ਆਪਣੇ ਮੋਢਿਆਂ ਉੱਪਰ ਚੁੱਕ , ਪੈਦਲ ਸੰਗਤੀ ਰੂਪ ਵਿੱਚ ਚੱਲ ਕੇ ਅਮ੍ਰਿਤਸਰ ਪਹੁੰਚਾਈਆਂ ਸਨ ।
ਗੁਰੂ ਅਰਜਨ ਦੇਵ ਜੀ ਨੇ ਪਹਿਲਾਂ ਸੇਵਕਾਂ ਨੂੰ ਭੇਜਿਆ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਪਾਸੋਂ ਬਾਣੀ ਦੀਆਂ ਪੋਥੀਆਂ ਲੈਣ । ਗੁਰਬਾਣੀ ਦੀਆਂ ਪੋਥੀਆਂ ਨਾ ਮਿਲਣ ਤੇ ਗੁਰੂ ਸਾਹਿਬ ਆਪ ਆਏ ਅਤੇ ਬਾਬਾ ਮੋਹਨ ਜੀ ਦੀ ਸਿਫ਼ਤ ਵਿੱਚ ਸ਼ਬਦ ਉਚਾਰੇ , ਬਾਬਾ ਜੀ ਚੁਬਾਰੇ ਤੋਂ ਥੱਲੇ ਆਏ , ਸਤਿਕਾਰ ਸਾਹਿਤ ਗੁਰਬਾਣੀ ਦੀਆਂ ਪੋਥੀਆਂ ਦਿੱਤੀਆਂ ਗਈਆਂ ।
ਬੇਨਤੀ :- ਬਾਊਲੀ ਸਾਹਿਬ ਤੋਂ ਦੋ ਸੌ ਗਜ਼ ਦੀ ਦੂਰੀ ਉੱਪਰ ਹੈ ਰਹਾਇਸ਼ੀ ਮਕਾਨ ਗੁਰੂ ਅਮਰਦਾਸ ਜੀ , ਗੁਰੂ ਰਾਮ ਦਾਸ ਜੀ, ਜਨਮ ਸਥਾਨ ਗੁਰੂ ਅਰਜਨ ਦੇਵ ਜੀ , ਪਾਲਕੀ ਸਾਹਿਬ ਦਾ ਕਮਰਾ ਅਤੇ ਬਾਬਾ ਮੇਹਨ ਜੀ ਦਾ ਚੁਬਾਰਾ ।ਇਹ ਸਾਰੇ ਇੱਕ ਥਾਂ / ਇੱਕ ਵੇਹੜੇ ਵਿੱਚ ਮੌਜ਼ੂਦ ਹਨ ।ਵੀਹ ਪੱਚੀ % ਸੰਗਤ ਹੀ ਇਸ ਸਥਾਨ ਦੇ ਦਰਸ਼ਨ ਕਰਦੀ ਹੈ , ਬਾਕੀ ਸੰਗਤਾਂ ਬਾਊਲੀ ਸਾਹਿਬ , ਵੱਡਾ ਗੁਰਦੁਆਰਾ ਅਤੇ ਲੰਗਰ ਹਾਲ ਤੋਂ ਹੀ ਵਾਪਸ ਆ ਜਾਂਦੀਆਂ ਹਨ ।ਪਾਲਕੀ ਸਾਹਿਬ ,ਜਨਮ ਸਥਾਨ ਆਦਿ ਦੇ ਜ਼ਰੂਰ ਦਰਸ਼ਨ ਕਰੋ ਜੀ।
ਲਿਖਣ ਦਾ ਕਾਰਨ:-ਛੋਟੀ ਉਮਰ ਤੋਂ ਕੱਥਾ ਸੁਣਨੀ , ਪਾਠ ਸੁਣਨਾ ਚੰਗਾ ਲੱਗਦਾ , ਫਿਰ ਗੁਰਬਾਣੀ ਕੀਰਤਨ ਦਾ ਅਨੰਦ ਵੀ ਆਉਣ ਲੱਗਾ ।ਪਾਠ ਕਰਨਾ ਸ਼ੁਰੂ ਕੀਤਾ ।ਸੰਨ 1970-71 ਵਿੱਚ ਪਹਿਲੀ ਵਾਰ ਸਹਿਜ ਪਾਠ ਕੀਤਾ ।ਛੁੱਟੀ ਵਾਲੇ ਦਿਨ 3 ਕਿੱਲੋਮੀਟਰ ਦੂਰ ਏਅਰਫੋਰਸ ਦੇ ਗੁਰਦੁਆਰੇ ਪੈਦਲ ਜਾਂਦਾ ,ਪਾਠ ਕਰਨਾ ਚੰਗਾ ਲੱਗਦਾ ,ਪਰ ਸਿੱਖਿਆ ਕੁਝ ਵੀ ਨਾ ।ਸੰਨ 2012-13 ਵਿੱਚ ਦੂਸਰੀ ਵਾਰ ਸਹਿਜ ਪਾਠ ਕੀਤਾ ,ਭੋਗ ਪਾਇਆ 13-14 ਮਹੀਨਿਆਂ ਵਿੱਚ ,ਅਮਰੀਕਾ ‘ਚ ਸ਼ੁਰੂ ਕੀਤਾ , ਪੰਜਾਬ ‘ਚ ਤਿੰਨ ਗੁਰੂ ਘਰਾਂ ‘ਚ ,ਫਿਰ ਇੱਥੇ ਘਰੇ ਭਾਈ ਸਾਹਿਬ ਸਿੰਘ ਜੀ ਦੇ ਟੀਕੇ ਦੀ ਸੈਂਚੀ ਤੋਂ ਪਾਠ ਕੀਤਾ ,ਬਹੁਤ ਗਿਆਨ ਦੀਆਂ ਗੱਲਾਂ ਡਾਇਰੀ ਵਿੱਚ ਲਿਖੀਆਂ ਜਿਵੇਂ ਸ਼ੇਖ ਫਰੀਦ ਦੇ ਸਲੋਕਾਂ ਵਿੱਚ ਮਹਲਾ ੩ ਜਾਂ ੫ਵਾਂ ਕਿਉਂ , ਇੱਕ ਅੱਖਰ ਉੱਪਰ ਦੋ ਮਾਤਰਾਂ ਆਦਿ ਬਾਰੇ ਕਦੇ ਧਿਆਨ ਹੀ ਨਹੀਂ ਕੀਤਾ ਸੀ।
ਗੋਇੰਦਵਾਲ ਸਾਹਿਬ ਪਾਲਕੀ ਸਾਹਿਬ ਦੇ ਕਈ ਵਾਰ ਦਰਸ਼ਨ ਕੀਤੇ ਸਨ ਪ੍ਰੰਤੂ 22 ਅਕਤੂਬਰ 2022 ਦੇ ਦਰਸ਼ਨਾਂ ਨੇ ਹਾਜ਼ਰ ਨਾਜ਼ਰ ਗੁਰੂ ਜੀ ਦੀ ਸੰਪਾਦਨਾ ਬਾਰੇ ਲਿਖਣ ਦੀ ਹਿੰਮਤ ਦਿੱਤੀ ।
ਭਜਨ ਸਿੰਘ ਪ੍ਰਦੇਸੀ,ਓਹਾਇਅੋ,ਯੂ ਐਸ ਏ,1 513-290-9812 ਵਟਸ ਐਪ 1 513-238-9442 [email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly