ਬਸਪਾ ਦੇ ਆਦਮਪੁਰ ਸੰਮੇਲਨ ’ਚ ਵਰਕਰਾਂ ਦਾ ਵੱਡਾ ਇਕੱਠ
ਸਾਰੇ ਵਰਗਾਂ ਨੂੰ ਨਾਲ ਲੈ ਕੇ ਸੂਬੇ ’ਚ ਸਰਕਾਰ ਬਣਾਏਗੀ ਬਸਪਾ : ਪ੍ਰਤਾਪ ਸਿੰਘ-ਡਾ. ਅਵਤਾਰ ਸਿੰਘ ਕਰੀਮਪੁਰੀ
ਆਦਮਪੁਰ (ਸਮਾਜ ਵੀਕਲੀ) ਪੰਜਾਬ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸੂਬੇ ਭਰ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਪਾਰਟੀ ਵੱਲੋਂ ਅੱਜ ਸ਼ਨੀਵਾਰ ਨੂੰ ਵਿਧਾਨਸਭਾ ਹਲਕਾ ਆਦਮਪੁਰ ਵਿੱਚ ਵਰਕਰ ਸੰਮੇਲਨ ਕੀਤਾ ਗਿਆ, ਜਿਸ ਦੌਰਾਨ ਬਸਪਾ ਵਰਕਰਾਂ ਦਾ ਭਾਰੀ ਇਕੱਠ ਹੋਇਆ। ਹਲਕਾ ਆਦਮਪੁਰ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਦੀ ਅਗਵਾਈ ਵਿੱਚ ਹੋਏ ਇਸ ਸੰਮੇਲਨ ਵਿੱਚ ਪਾਰਟੀ ਦੇ ਸੈਂਟਰਲ
ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ, ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਆਦਮਪੁਰ ਦੇ ਬਸਪਾ ਵਰਕਰਾਂ ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਉਹ ਇਸ ਵਿਧਾਨਸਭਾ ਸੀਟ ਤੋਂ ਬਸਪਾ ਨੂੰ ਜਿਤਾ ਕੇ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਵਿਧਾਨਸਭਾ ਵਿੱਚ ਭੇਜਣ ਤੇ ਸੂਬੇ ਵਿੱਚ ਬਸਪਾ ਸਰਕਾਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਵਰਕਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਬਸਪਾ ਦੇ ਸੈਂਟਰਲ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪਿਛਲੇ 78 ਸਾਲਾਂ ਤੋਂ ਪੰਜਾਬ ਵਿੱਚ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਨੇ ਸੂਬੇ ਨੂੰ ਖੁਸ਼ਹਾਲ ਬਣਾਉਣ ਦੀ ਜਗ੍ਹਾ ਬਦਹਾਲੀ ਵੱਲ ਧੱਕਿਆ ਹੈ। ਸਿਹਤ, ਸਿੱਖਿਆ, ਰੁਜ਼ਗਾਰ ਦੇ ਮਾਮਲੇ ’ਚ ਸੂਬਾ ਲਗਾਤਾਰ ਪਿੱਛੇ ਜਾ ਰਿਹਾ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਵੀ ਖਰਾਬ ਹੈ, ਜਿਸ ਕਰਕੇ ਔਰਤਾਂ, ਵਪਾਰੀਆਂ ਸਮੇਤ ਆਮ ਲੋਕ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਦੇ
ਲੋਕ ਜੇਕਰ ਸੂਬੇ ਨੂੰ ਖੁਸ਼ਹਾਲੀ ਤੇ ਤਰੱਕੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ ਤਾਂ ਉਹ ਇਸ ਵਾਰ ਬਸਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਦੇਣ। ਉਨ੍ਹਾਂ ਕਿਹਾ ਬਲਵਿੰਦਰ ਕੁਮਾਰ ਐਡਵੋਕੇਟ ਨੂੰ ਬਸਪਾ ਵੱਲੋਂ ਵਿਧਾਨਸਭਾ ਹਲਕਾ ਆਦਮਪੁਰ ਦਾ ਇੰਚਾਰਜ ਲਗਾਇਆ ਗਿਆ ਹੈ। ਆਦਮਪੁਰ ਦੇ ਬਸਪਾ ਵਰਕਰ ਉਨ੍ਹਾਂ ਨੂੰ ਇਸ ਸੀਟ ਤੋਂ ਜਿਤਾ ਕੇ ਪੰਜਾਬ ਵਿਧਾਨਸਭਾ ਵਿੱਚ ਭੇਜਣ। ਵਰਕਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਸਟੇਟ ਇੰਚਾਰਜ ਪ੍ਰਤਾਪ ਸਿੰਘ ਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮੌਜ਼ੂਦਾ ਆਪ ਸਰਕਾਰ ਵੀ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਵਾਂਗ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹਨ। ਇਨ੍ਹਾਂ ਦੇ ਰਾਜ ਵਿੱਚ ਫੈਲੇ ਨਸ਼ੇ ਕਰਕੇ ਹੁਣ ਤੱਕ 2 ਲੱਖ
ਲੋਕ ਮਾਰੇ ਜਾ ਚੁੱਕੇ ਹਨ। ਸਰਕਾਰੀ ਸਿੱਖਿਆ ਦਾ ਪੱਧਰ ਹੇਠਾਂ ਜਾ ਚੁੱਕਾ ਹੈ। ਸਰਕਾਰੀ ਹਸਪਤਾਲਾਂ ਵਿੱਚ ਇਲਾਜ ਨਹੀਂ ਮਿਲ ਰਿਹਾ ਹੈ। ਨੌਜਵਾਨ ਪੜ੍ਹ ਲਿਖ ਕੇ ਵੀ ਨੌਕਰੀਆਂ ਲਈ ਭਟਕ ਰਹੇ ਹਨ। ਖੇਤੀਬਾੜੀ ਤੇ ਵਪਾਰ ਸੈਕਟਰ ਮੁਸ਼ਕਿਲਾਂ ਵਿੱਚ ਘਿਰ ਚੁੱਕਾ ਹੈ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਸੱਦਾ ਦਿੰਦੇ ਹੋਏ ਕਿਹਾ ਕਿ ਸੂਬੇ ਦੇ ਲੋਕ ਇਸ ਵਾਰ ਬਸਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਜ਼ਰੂਰ ਦੇਣ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਬਸਪਾ ਸਰਕਾਰ ਬਣਨ ’ਤੇ ਲੋਕਾਂ ਨੂੰ ਉੱਚ ਪੱਧਰੀ ਸਰਕਾਰੀ ਸਿਹਤ-ਸਿੱਖਿਆ ਸੁਵਿਧਾਵਾਂ ਦਿੱਤੀਆਂ ਜਾਣਗੀਆਂ। ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਪੈਰਾਂ ’ਤੇ ਖੜਾ ਕੀਤਾ ਜਾਵੇਗਾ। ਇਸਦੇ ਨਾਲ ਹੀ ਨਸ਼ੇ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਮਾਂਵਾਂ ਦੇ ਪੁੱਤ ਬਚਾਉਣ ਦਾ ਕੰਮ ਕੀਤਾ ਜਾਵੇਗਾ। ਡਾ. ਕਰੀਮਪੁਰੀ ਨੇ ਕਿਹਾ ਕਿ ਬਸਪਾ ਦਾ ਏਜੰਡਾ ਸਾਰੇ ਵਰਗਾਂ ਦੇ ਭਲੇ ਵਾਲਾ ਹੈ। ਬਸਪਾ ਲਈ ਨਾ ਕੋਈ ਵੈਰੀ ਹੈ ਤੇ ਨਾ ਹੀ ਕੋਈ ਬੇਗਾਨਾ ਹੈ। ਬਸਪਾ ਸਾਰੇ ਵਰਗਾਂ ਨੂੰ ਨਾਲ ਲੈ ਕੇ 2027 ਵਿੱਚ ਸੂਬੇ ਵਿੱਚ ਸਰਕਾਰ ਬਣਾਏਗੀ। ਇਸ ਮੌਕੇ ਸੰਬੋਧਿਤ ਕਰਦੇ ਹੋਏ ਵਿਧਾਨਸਭਾ ਹਲਕਾ ਆਦਮਪੁਰ ਦੇ ਇੰਚਾਰਜ ਬਲਵਿੰਦਰ ਕੁਮਾਰ ਐਡਵੋਕੇਟ ਨੇ ਕਿਹਾ ਪਾਰਟੀ ਹਾਈਕਮਾਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਹਲਕੇ ਦੇ ਸਮੂਹ ਵਰਕਰਾਂ ਤੇ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਬਸਪਾ ਦੇ ਜ਼ਲੰਧਰ ਜ਼ੋਨ ਇੰਚਾਰਜ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਸਲਾਣਾ, ਸੂਬਾ ਦਫਤਰ ਸਕੱਤਰ ਇੰਜ. ਜਸਵੰਤ ਰਾਏ, ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਬਸਪਾ ਆਗੂ ਬਲਦੇਵ ਸਿੰਘ ਖੋਜਕੀਪੁਰ, ਮਦਨ ਮੱਦੀ ਕੌਂਸਲਰ, ਹਲਕਾ ਪ੍ਰਧਾਨ ਹਰਜਿੰਦਰ ਬਿੱਲਾ, ਬੂਟਾ ਸਿੰਘ ਪਤਾਰਾ, ਸੂਰਤੀ ਲਾਲ, ਸੁਖਵਿੰਦਰ ਚੁਖਿਆਰਾ, ਜਸਵੀਰ ਸਿੰਘ ਪੰਡੋਰੀ, ਮਨਜੀਤ ਚੁਖਿਆਰਾ, ਮਾਸਟਰ ਰਾਮ ਲੁਭਾਇਆ, ਜਸਵੀਰ ਕੌਰ ਸੇਮੀ, ਮਨਜਿੰਦਰ ਕੌਰ ਨਿੱਝਰ ਬਲਾਕ ਸੰਮਤੀ ਮੈਂਬਰ, ਗੁਰਮੀਤ ਚੁੰਬਰ, ਜੀਵਨ ਸਰਪੰਚ, ਸੁਖਦੇਵ ਬਿਆਸ ਪਿੰਡ, ਸੋਹਣ ਲਾਲ ਜੱਸੀ ਆਦਿ ਆਗੂ ਵੀ ਮੌਜ਼ੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



