ਇੱਕ ਏਕੜ ਝੋਨਾ ਵਾਹਿਆ ਗਿਆ
19 ਜੂਨ ਤੋਂ ਪਹਿਲਾਂ ਨਾ ਲਗਾਉਣ ਝੋਨਾ ਕਿਸਾਨ – ਐੱਸ ਡੀ ਐੱਮ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮਾਛੀ ਜ਼ੋਆ ਵਿੱਚ ਇਕ ਕਿਸਾਨ ਵੱਲੋਂ ਸਮੇਂ ਤੋਂ ਪਹਿਲਾਂ ਝੋਨਾ ਲਗਾਇਆ ਗਿਆ ਜਿਸ ਦਾ ਖੇਤੀਬਾੜੀ ਵਿਭਾਗ ਪਤਾ ਲੱਗਣ ਤੇ ਮੌਕੇ ਤੇ ਜਾ ਕੇ ਤਕਰੀਬਨ ਇਕ ਏਕੜ ਵਿਚ ਲੱਗਿਆ ਝੋਨਾ ਵਹਾਇਆ ਗਿਆ। ਕਿਸਾਨ ਨੇ ਝੋਨਾ ਮੀਂਹ ਦਾ ਲਾਹਾ ਲੈਂਦਿਆਂ ਲਾਇਆ ਅਤੇ ਇੱਕ ਏਕੜ ਖੇਤ ਵਿਚ ਝੋਨਾ ਲਾਉਣ ਤੋਂ ਬਾਅਦ ਹੋਰ ਖੇਤ ਵਿਚ ਪਨੀਰੀ ਨੂੰ ਲਾਉਣ ਵਾਸਤੇ ਕੱਦੂ ਕੀਤਾ ਗਿਆ।
ਖੇਤੀਬਾੜੀ ਮਹਿਕਮੇ ਦੀ ਟੀਮ, ਜਿਸ ਵਿਚ ਡਾਕਟਰ ਬਲਬੀਰ ਚੰਦ ਮੁੱਖ ਖੇਤੀਬਾੜੀ ਅਫ਼ਸਰ ਕਪੂਰਥਲਾ ਦੇ ਨਿਰਦੇਸ਼ਾਂ ਤੇ ਡਾਕਟਰ ਅਸ਼ਵਨੀ ਕੁਮਾਰ ਅਤੇ ਪਰਮਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਸੁਲਤਾਨਪੁਰ ਲੋਧੀ ਨੇ ਖੇਤ ਵਿਚ ਪੁੱਜਕੇ ਕਿਸਾਨ ਸੁਰਿੰਦਰ ਸਿੰਘ ਸਪੁੱਤਰ ਬਲਵੰਤ ਸਿੰਘ ਪਿੰਡ ਮਾਛੀ ਜ਼ੋਆ ਨੂੰ ਸਮੇਂ ਤੋਂ ਪਹਿਲਾਂ ਝੋਨਾ ਲਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਆਪਣੀ ਗ਼ਲਤੀ ਜਾਹਿਰ ਕਰਦਿਆਂ ਮੰਨਿਆ ਕਿ ਮੈਨੂੰ ਪਤਾ ਨਹੀਂ ਸੀ ਕਿ ਝੋਨਾਂ ਕਦੋਂ ਲਗਾਉਣਾਂ ਉਹਨਾਂ ਨੇ ਖੁਦ ਆਪਣੇ ਟਰੈਕਟਰ ਨਾਲ ਉਸੇ ਟਾਈਮ ਮੌਕੇ ਤੇ ਹੀ ਆਪ ਝੋਨਾਂ ਵਾਇਆ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ ਨੇ ਉਸ ਨੂੰ ਪੰਜਾਬ ਸਰਕਾਰ ਦੀਆਂ 19 ਜੂਨ ਤੋਂ ਝੋਨਾ ਲਾਉਣ ਦੀਆਂ ਹਦਾਇਤਾਂ ਸਬੰਧੀ ਜਦੋਂ ਸਮਝਾਇਆ ਅਤੇ ਇਸ ਲੱਗੇ ਹੋਏ ਝੋਨੇ ਨੂੰ ਗੈਰ ਕਾਨੂੰਨੀ ਦੱਸਿਆ ਤਾਂ ਉਹ ਕਿਸਾਨ ਆਪਣੇ ਲਾਏ ਹੋਏ ਝੋਨੇ ਨੂੰ ਵਾਹੁਣ ਲਈ ਖੁਦ ਰਾਜ਼ੀ ਹੋ ਗਿਆ ਹੈ। ਇਸ ਵਾਹੇ ਹੋਏ ਝੋਨੇ ਦੀ ਰਿਪੋਰਟ ਖੇਤੀ ਅਧਿਕਾਰੀਆਂ ਵੱਲੋਂ ਕਪੂਰਥਲਾ ਦੇ ਮੁੱਖ ਦਫਤਰ ਨੂੰ ਭੇਜ ਦਿੱਤੀ ਹੈ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਗਈ ਹੈ ਅਤੇ ਉਨ੍ਹਾਂ ਵੱਲੋਂ ਅਜਿਹੇ ਝੋਨੇ ਨੂੰ ਰੋਕਣ ਲਈ ਲਗਾਤਾਰ ਪਿੰਡਾਂ ਵਿਚ ਪਹਿਰੇਦਾਰੀ ਕਰਨ ਦੇ ਸਖਤ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਪਰਮਿੰਦਰ ਕੁਮਾਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਪਿਛਲੇ ਸਾਲਾਂ ਦੇ ਸਰਵੇਖਣ ਤੇ ਸਾਹਮਣੇ ਆਇਆ ਹੈ ਕਿ ਅਗੇਤੇ ਲੱਗੇ ਝੋਨੇ ਦਾ ਝਾੜ ਵੀ ਘੱਟ ਨਿਕਲਦਾ ਹੈ ਅਤੇ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਵੀ ਹਮਲਾ ਵਧੇਰੇ ਹੁੰਦਾ ਹੈ ਅਤੇ ਧਰਤੀ ਹੇਠਲਾ ਪਾਣੀ ਵੀ ਜ਼ਿਆਦਾ ਨਸ਼ਟ ਹੁੰਦਾ ਹੈ।
ਇਸ ਮੌਕੇ ਐਸ ਡੀ ਐਮ ਸੁਲਤਾਨਪੁਰ ਲੋਧੀ ਚੰਦਰਜੋਯਤੀ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਵੀਰ ਸਰਕਾਰ ਵੱਲੋਂ ਨਿਰਧਾਰਤ ਕੀਤੀ ਤਰੀਕ 19 ਜੂਨ ਤੋਂ ਪਹਿਲਾਂ ਨਾ ਲਗਾਉਣ ਅਤੇ ਆਉਣ ਵਾਲੇ ਸੀਜ਼ਨ ਵਿੱਚ ਪਰਾਲ਼ੀ ਦੀ ਸਾਂਭ ਸੰਭਾਲ ਲਈ ਖੇਤੀ ਮਸ਼ੀਨਾ ਸਬਸਿਡੀ ਤੇ ਲੈਣ ਲਈ ਖੇਤੀਬਾੜੀ ਵਿਭਾਗ ਦੇ ਆਨਲਾਈਨ ਪੋਰਟਲ ਤੇ 16 ਜੁਲਾਈ ਤੋਂ ਪਹਿਲਾਂ ਪਹਿਲਾਂ ਅਪਲਾਈ ਕਰਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly