(ਸਮਾਜ ਵੀਕਲੀ)-ਲੋਕਤੰਤਰ ਦੇ ਨਿਰਮਾਣ ਵਿੱਚ ਚੋਣਾਂ ਨੂੰ ਤਿਓਹਾਰ ਵੱਜੋਂ ਹੀ ਨਹੀਂ ਮਨਾਇਆਂ ਜਾਂਦਾ ਬਲਕਿ ਭਾਰਤ ਚੋਣ ਕਮਿਸ਼ਨ ਵੱਲੋਂ ਤਾਂ ਕਈ ਬੂਥਾਂ ਨੂੰ ਨਵ ਵਿਆਹੀ ਲਾੜੀ ਵਾਂਗੂੰ ਸ਼ਿੰਗਾਰਨ ,ਪਿੰਕ ਬੂਥ ਬਨਾਉਣ ਦੇ ਆਦੇਸ਼ ਵੀ ਕੀਤੇ ਜਾਂਦੇ ਹਨ।ਚੋਣਾਂ ਦੀ ਰੱਤ ਆਉਂਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਲੈ ਕੇ ਹਰੇਕ ਪੱਧਰ ਦਾ ਮੁਲਾਜਮ ਇਸਦੇ ਕਾਰਜ ਸੰਚਾਲਨ ਵਿੱਚ ਜੁਟ ਜਾਂਦਾ ਹੈ ਤਾਂ ਜੋ ਸਾਫ ਸੁਥਰੇ,ਨਿਰਪੱਖ ਅਤੇ ਚੰਗੇ ਢੰਗਾਂ ਰਾਹੀਂ ਇਸ ਅਹਿਮ ਕਾਰਜ ਨੂੰ ਨੇਪਰੇ ਚੜ੍ਹਾਇਆ ਜਾ ਸਕੇ।
ਹਰ ਇੱਕ ਮੁਲਾਜਮ ਚੋਣ ਡਿਊਟੀ ਨਾਲ ਜੁੜਦਿਆਂ ਹੀ ਚੌਕੰਨਾ ਹੋ ਜਾਂਦਾ ਹੈ।ਚੋਣ ਰਿਹਰਸਲਾਂ “ਮੁਲਾਜਮ ਮੇਲੇ” ਹੋ ਨਿਬੜਦੀਆਂ ਹਨ।ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨਾਲ ਜਾਣ ਪਛਾਣ,ਵਿਭਾਗਾਂ ਦੇ ਕੰਮਾਂ ਕਾਰਾਂ,ਨੀਤੀਆਂ ਤੋਂ ਇਲਾਵਾ ਮਨੋਵਿਗਿਆਨਿਕ ਮਨੁੱਖੀ ਵਿਭਿੰਨਤਾਵਾਂ ਦੇ ਦਰਸ਼ਨ ਚੋਣ ਡਿਊਟੀਆ ਰਾਹੀਂ ਹੀ ਸੰਭਵ ਹੁੰਦੇ ਹਨ।ਪਹਿਲੇ ਤੋਂ ਚੌਥੇ ਦਰਜੇੇ ਦੇ ਮੁਲਾਜਮਾਂ ਦੀ ਕਾਰਜ ਸ਼ੈਲੀ ਦਾ ਗਿਆਨ ਚੋਣ ਪੋਲਿੰਗ ਬੂਥ ਦੀ ਡਿਊਟੀ ਰਾਹੀਂ ਹੀ ਹੁੰਦਾ ਹੈ।ਪੋਲਿੰਗ ਬੂਥਾ ਤੇ ਗੁਜਾਰੀ ਜਾਣ ਵਾਲੀ ਰਾਤ ਵਿਦਿਆਰਥੀ ਜੀਵਨ ਦੇ ਕੌਮੀ ਏਕਤਾ ਕੈਂਪਾਂ ਦੀ ਯਾਦ ਤਾਜਾ ਕਰ ਦਿੰਦੀ ਹੈ।ਵੱਖ ਵੱਖ ਮਹਿਕਮਿਆਂ ਦੇ ੳੱਪਰਲੇ ਤੋਂ ਹੇਠਲੇ ਦਰਜੇ ਦੇ ਮੁਲਾਜਮਾਂ,ਪੁਲਿਸ ਕਰਮੀ,ਸਿਹਤ ਕਾਮੇ,ਵੱਖ ਵੱਖ ਰਾਜਾਂ ਦੇ ਪੈਰਾ ਮਿਲਟਰੀ ਜਵਾਨ ਆਦਿ ਨਾਲ ਗੱਲਬਾਤ ,ਰਹਿਣ ਸਹਿਣ,ਭਸ਼ਾਈ ਭਿੰਨਤਾਵਾਂ ਆਦਿ ਅਨੇਕਾਂ ਰੰਗਾਂ ਦਾ ਸੰਗਮ ਹੁੰਦੀਆਂ ਹਨ ਇਹ ਚੋਣ ਡਿਊਟੀਆਂ।
ਇਕਸਾਰਤਾ ਦੇ ਸਿੱਧਾਂਤ ਤੇ ਚੱਲਦਿਆਂ ਇਸਤਰੀ ਮਰਦ ਜਾਂ ਲਿੰਗ-ਪੁਲਿੰਗ ਦਾ ਵਖਰੇਵਾਂ ਇਸ ਕਾਰਜ ਵਿੱਚ ਨਹੀਂ ਕੀਤਾ ਜਾਂਦਾ।ਚੋਣ ਡਿਊਟੀ ਦੀ ਅਹਿਮੀਅਤ ਅੱਗੇ ਮੁਲਾਜਮ ਭਾਵੇਂ ਮਰਦ ਹੋਵੇ ਜਾਂ ਔਰਤ ਹਨੇਰ ਜਾਂ ਸਵੇਰ ,ਨਿੱਜੀ ਦੁੱਖ- ਤਕਲੀਫਾਂ ,ਪਰਿਵਾਰਕ ਜੁੰਮੇਵਾਰੀਆਂ ਆਦਿ ਨੂੰ ਸਰਹੱਦਾਂ ਤੇ ਰਾਖੀ ਕਰਦੇ ਫੌਜੀ ਵੀਰਾਂ ਵਾਂਗ ਦੋ ਦਿਨਾਂ ਵਾਸਤੇ ਤਾਂ ਅੱਖੌਂ ਪਰੋਖੇ ਕਰਨਾ ਹੀ ਪੈਂਦਾ ਹੈ।ਕਮਿਸ਼ਨਦਾ ਮਨੋਰਥ ਰਿਹਰਸਲਾਂ ਦੌਰਾਨ ਗਠਿਤ ਕੀਤੀਆਂ ਪਾਰਟੀਆ ਨੂੰ ਟਰੇਨਿੰਗ ਦੇਣਾ ਹੀ ਨਹੀਂ ਹੁੰਦਾ ਬਲਕਿ ਮੁਲਾਜਮਾਂ ਦੀ ਆਪਸੀ ਜਾਣ- ਪਹਿਚਾਣ ਤੇ ਸਹਿਯੌਗ ਅਤੇ ਟੀਮ ਭਾਵਨਾ ਨੂੰ ਪੈਦਾ ਕਰਨਾ ਵੀ ਹੁੰਦਾ ਹੈ ਤਾਂ ਕਿ ਵੋਟਿੰਗ ਦਾ ਕੰਮ ਨਿਰਵਿਘਨਤਾ ਨਾਲ ਸੰਪੂਰਨ ਹੋਵੇ।
ਮੈਂ ਬਤੌਰ ਪ੍ਰੀਜਾਈਡਿੰਗ ਅਫਸਰ ਰਿਹਰਸਲ ਤੇ ਹਾਜਰ ਹੋਇਆ ਤਾਂ ਮੇਰੀ ਟੀਮ ਦੇ ਤਿੰਨ ਮੁਲਾਜਮਾਂ ਨੇ ਮੇਰੇ ਤੱਕ ਪਹੁੰਚ ਕੀਤੀ ਪਰ ਚੌਥੇ ਮੁਲਾਜਮ ਦੇ ਹਾਜਰੀ ਹਸਤਾਖਰਾਂ ਤੋਂ ਹੀ ਵਾਕਫ ਹੋਇਆ।ਦੂਜੀ ਰਿਹਰਸਲ ਤੇ ਉਸਨੂੰ ਫੋਨ ਰਾਹੀਂ ਪੂਰੀ ਟੀਮ ਨਾਲ ਰਿਹਰਸਲ ਅਟੈਂਡ ਕਰਨ ਦੀ ਅਪੀਲ ਕੀਤੀ ਪਰ ਉਹ ਮਹਿਜ ਪੰਜ ਕੁ ਮਿੰਟ ਦੀ ਮੁਲਾਕਾਤ ਉਪਰੰਤ ਕੋਈ ਕਾਰਣ ਦੱਸੇ ਬਿਨਾਂ ਵਾਪਸ ਚਲੀ ਗਈ।ਮੈਂ ਉਸ ਮੁਲਾਜਮ ਦੇ ਰਵੱਈਏ ਬਾਰੇ ਸੋਚੀਂ ਪੈ ਗਿਆ।ਪਰ ਬਾਕੀ ਸਾਥੀਆਂ ਨੂੰ ਡਿਉਟੀ ਦੌਰਾਨ ਪੂਰਨ ਸਹਿਯੋਗ ਅਦਾਨ-ਪ੍ਰਦਾਨ ਬਾਰੇ ਤਾਕੀਦ ਕਰਦਾ ਰਿਹਾ।
ਚੋਣਾਂ ਵਾਲੇ ਦਿਨ ਸਮਾਨ ਸਮੇਤ ਸਾਡੀ ਟੀਮ ਪੋਲਿੰਗ ਬੂਥ ਤੇ ਪੁੱਜੀ ।ਅਜੇ ਬੂਥ ਦਾ ਮੁਆਇਨਾ ਵੀ ਨਹੀਂ ਕੀਤਾ ਸੀ ਕਿ ਉਸੇ ਮੁਲਾਜਮ ਲੜਕੀ ਨੇ ਹੁਕਮੀ ਲਹਿਜੇ ਵਿੱਚ ਘਰ ਜਾਣ ਦੀ ਆਗਿਆ ਮੰਗੀ।ਬਾਕੀ ਪਾਰਟੀ ਮੈਂਬਰ ਵੀ ਹੱਕੇ ਬੱਕੇ ਰਹਿ ਗਏ।ਪਰ ਮੈਂ ਉਸਨੂੰ ਚਾਹ ਪੀ ਕੇ ਘੰਟਾ ਕੁ ਖਾਲੀ ਫਾਰਮਾਂ,ਲਿਫਾਫਿਆਂ ਅਤੇ ਸ਼ਟੇਸ਼ਨਰੀ ਆਦਿ ਤੇ ਐੱਡਰੈਸ ਅਤੇ ਮੋਹਰਾਂ ਲਗਾਉਣਤੋਂ ਇਲਾਵਾ ਵੋਟਾਂ ਉਪਰੰਤ ਦੂਜੇ ਦਿਨ ਕੁਲੈਕਸ਼ਨ ਸੈਂਟਰ ਤੇ ਸਮਾਨ ਜਮ੍ਹਾਂ ਕਰਵਾ ਕੇ ਹੀ ਜਾਣ ਦੀ ਗੁਜਾਰਿਸ਼ ਕੀਤੀ ਤਾਂ ਉਹ ਅਣਮੰਨੇ ਮਨ ਨਾਲ ਪੰਦਰਾਂ ਕੁ ਮਿੰਟਾਂ ਕੰਮ ਕਰਨ ਉਪਰੰਤ ਸਵੇਰੇ ਸਮੇਂ ਸਿਰ ਪੁੱਜਣ ਦੇ ਵਾਅਦੇ ਨਾਲ ਘਰ ਚਲੀ ਗਈ।
ਉਸ ਮੁਲਜਮ ਦੀ ਕਾਰਜ ਸ਼ੈਲੀ ਦਾ ਟੀਮ ਵਰਕ ਤੇ ਪੈਣ ਵਾਲਾ ਪ੍ਰਭਾਵ ਮੈਨੰਂੂੰ ਸ਼ਪੱਸ਼ਟ ਵਿਖਾਈ ਦੇਣ ਲੱਗਾ।ਪਰ ਮੈਨੂੰ ਆਪਣੇ ਕੰਮ ਤੇ ਪੂਰਾ ਭਰੋਸਾ ਅਤੇ ਬਾਕੀ ਦੋਨਾਂ ਮੈਬਰਾਂ ਤੇ ਯਕੀਨ ਬੱਝ ਚੁੱਕਾ ਸੀ।ਸਥਾਨਕ ਸ਼ਹਿਰ ਵਿੱਚ ਰਹਿਣ ਵਾਲੀ ਏ.ਪੀ.ਆਰ.ਓ ਮੈਡਮ ਤੋਂ ਪਤਾ ਲੱਗਾ ਕਿ ਜਾਣ ਵਾਲੀ ਮੁਲਾਜਮ ਲੜਕੀ ਨੂੰ ਉਸਨੇ ਬਾਰ ਬਾਰ ਆਪਣੇ ਘਰ ਰਹਿਣ ਦੀ ਅਪੀਲ ਕੀਤੀ ਸੀ ਪਰ ਉਹ ਨਹੀਂ ਮੰਨੀ।ਸ਼ਾਇਦ ਉਸ ਕੁੜੀ ਦੀ ਪਹਿਲੀ ਬਾਰੀ ਚੋਣ ਡਿਉਟੀ ਲੱਗੀ ਹੋਵੇ ਮੈਂ ਇਹ ਸੋਚ ਕੇ ਉਸਦੀਆ ਗੱਲਾਂ ਨੂੰ ਅਣਗੌਲਿਆ ਕਰਦਾ ਰਿਹਾ।
ਵੋਟਾਂ ਵਾਲੇ ਦਿਨ ਉਹੀ ਮੁਲਾਜਮ ਲੜਕੀ ਏ ਪੀ ਆਰ ਓ ਮੈਡਮ ਤੋਂ ਅੱਧਾ ਘੰਟਾ ਦੇਰੀ ਨਾਲ ਡਿਊਟੀ ਤੇ ਅੱਪੜੀ ।ਵੋਟਰਾਂ ਦੀ ਭਾਰੀ ਗਿਣਤੀ ਹੋਣ ਕਾਰਕੇ ਮੈਂ ਡਿਊਟੀਆਂ ਦੀ ਵੰਡ ਬਰਾਬਰਤਾ ਅਧਾਰਿਤ ਕਰਨੀ ਚਾਹੀ ਤਾਂ ਉਸ ਲੜਕੀ ਨੇ ਪੋਲਿੰਗ ਅਫਸਰ ਦੀ ਡਿਊਟੀ ਵਾਲਾ ਕਾਗਜ ਮੇਰੇ ਟੇਬਲ ਉੱਤੇ ਰੱਖ ਦਿੱਤਾ।ਮੈਂ ਉਸਨੂੰ ਚੋਣ ਡਿਉਟੀ ਦੇ ਸੰਚਾਲਨ ਵਿੱਚ ਟੀਮ ਵਰਕ ਦੀ ਅਹਿਮੀਅਤ ਅਤੇ ਕਾਰਜ ਵੰਡ ਦੇ ਘਾਟੇ ਵਾਧੇ ਬਾਰੇ ਲੈਕਚਰ ਦੇਣ ਤੋਂ ਗੁਰੇਜ ਕਰਦਿਆਂ ਚੁੱਪ ਵੱਟ ਲਈ।
ਵੋਟਾਂ ਦਾ ਸਮਾਂ ਅਮਨ ਅਮਾਨ ਨਾਲ ਸਮਾਪਤਾ ਹੋ ਗਿਆ ।ਸਾਡੀ ਪੋਲਿੰਗ ਪਾਰਟੀ ਦਾ ਅੱਸੀ ਪ੍ਰਤੀਸ਼ਤ ਕੰਮ ਹੋ ਚੁੱਕਾ ਸੀ ਪਰ ਡਾਕ ਦੀ ਅੰਤਿਮ ਤਿਆਰੀ,ਸਟੈਚੁਅਰੀ ਅਤੇ ਨਾਨ ਸਟੈਚੁਅਰੀ ਲਿਫਾਫਿਆ ਦੀ ਵੰਡ,ਸੀਲਾਂ ਆਦਿ ਸਾਰੇ ਕੰਮ ਵਿੱਚ ਮੈਨੂੰ ਸਭਨਾਂ ਤੋਂ ਸਹਿਯੋਗ ਚਾਹੀਦਾ ਸੀ।ਏ. ਪੀ. ਆਰ. ਓ ਮੈਡਮ ਫਾਰਮਾਂ ਦੀਆਂ ਅਥਾਹ ਕਾਪੀਆਂ ਦੀਆਂ ਨਕਲਾਂ ਤਿਆਰ ਕਰਨ ਵਿੱਚ ਮੇਰੀ ਮੱਦਦ ਕਰ ਰਹੀ ਸੀ ਦੂਜਾ ਇਕੱਲਾ ਪੀ.ਓ ਲਿਫਾਫਿਆਂ ਦੀ ਵੰਡ ਅਤੇ ਸੀਲਿੰਗ ਤੋਂ ਅਸਮਰਥ ਜਾਪ ਰਿਹਾ ਸੀ ।ਇਸ ਉਪਰੰਤ ਵੋਟਿੰਗ ਬੂਥ ਬੈਗ,ਕੰਟਰੋਲ ਯੂਨਿਟ,ਬੈਲਟਿੰਗ ਯੂਨਿਟ,ਵੀ ਵੀ ਪੈਟ ਅਤੇ ਸਾਡੇ ਨਿੱਜੀ ਬੈਗ ਆਦਿ ਕਾਫੀ ਸਮਾਨ ਨੂੰ ਕੁਲੈਕਸ਼ਨ ਸੈਂਟਰ ਤੇ ਲਿਜਾਣ ਅਤੇ ਕਿਸੇ ਤਰੱਟੀ ਦੀ ਹਾਲਤ ਵਿੱਚ ਦੁਬਾਰਾ ਡਾਕ ਦੀ ਤਿਆਰੀ, ਭੱਜ ਨੱਠ ਅਤੇ ਸਮਾਨ ਦੀ ਦੇਖ ਰੇਖ ਆਦਿ ਕੰਮਾਂ ਵਾਸਤੇ ਮੈਨੂੰ ਸਾਰੇ ਟੀਮ ਮੈਂਬਰਾਂ ਦੀ ਸਖਤ ਲੋੜ ਸੀ।
ਵੋਟਾਂ ਪੈਂਦਿਆਂ ਹੀ ਉਸੇ ਲੜਕੀ ਨੇ ਘਰ ਜਾਣ ਦੀ ਰਟ ਲਗਾਈ।ਮੈਂ ਉਸ ਲੜਕੀ ਨੂੰ ਡਿਊਟੀ ਤੋਂ ਫਾਰਗ ਕਰਨ ਨੂੰ ਜੁਆਬ ਦਿੱਤਾ ਤਾਂ ਉਸਦੇ ਚਿਹਰੇ ਤੇ ਸ਼ਿਕਨ ਵਿਖਾਈ ਦੇਣ ਲੱਗਾ ਅਤੇ ਉਹ ਮੇਰੇ ਰੋਕਣ ਦੇ ਬਾਵਜੂਦ ਪੋਲਿੰਗ ਬੂਥ ਤੋਂ ਘਰ ਵਾਸਤੇ ਰਵਾਨਾ ਹੋਣ ਲਈ ਤੁਰ ਪਈ।ਸਾਥੀ ਮੁਲਾਜਮਾਂ ਦੇ ਮੂੰਹ ਵਿੱਚ ਉਂਗਲ ਸੀ ਪਰ ਮੈਂ ਸ਼ਾਂਤ ਰਿਹਾ।ਦੋ ਕੁ ਮਿੰਟਾਂ ਮਗਰੋਂ ਥਾਣੇਦਾਰ ਨੇ ਬੂਥ ਤੇ ਆਕੇ ਉਸ ਲੜਕੀ ਦੀ ਰਵਾਨਗੀ ਹਿੱਤ ਮੇਨ ਗੇਟ ਖੋਲਣ ਜਾਂ ਨਾਂ ਖੋਲਣ ਬਾਰੇ ਸਵਾਲ ਕੀਤਾ ਤਾਂ ਮੈਂ ਉਸ ਮੁਲਾਜਮ ਕੁੜੀ ਦੁਆਰਾ ਡਿਊਟੀ ਪ੍ਰਤੀ ਅਣਗਹਿਲੀ ਅਤੇ ਮੌਕੇ ਦੇ ਅਫਸਰ ਦੀ ਹੁਕਮ ਅਦੂਲੀ ਬਾਰੇ ਜਾਣਕਾਰੀ ਦਿੱਤੀ।ਹੁਣ ਉਹ ਲੜਕੀ ਬੂਥ ਤੋਂ ਬਾਹਰ ਜਾਣ ਤੋਂ ਅਸਮਰਥ ਸੀ।ਅਸੀਂ ਤਿੰਨੋਂ ਮੁਲਾਜਮ ਡਾਕ ਦੀ ਤਿਆਰੀ ਵਿੱਚ ਮਸ਼ਰੂਫ ਸੀ ਪਰ ਉਸ ਕੁੜੀ ਦੀਆਂ ਗੈਰ ਜਰੂਰੀ ਮਿੰਨਤਾਂ ਤਰਲੇ ਮੇਰੇ ਕੰਮ ਵਿੱਚ ਵਿਘਨ ਪਾਉਣ ਲੱਗੇ।
ਉਹ ਆਪਣੀ ਪੋਲਿੰਗ ਅਫਸਰ ਦੀ ਡਿਊਟੀ ਤੋਂ ਇਲਾਵਾ ਬਾਕੀ ਕੰਮਾਂ ਨੂੰ ਮੇਰੀ ਡਿਊਟੀ ਸਮਝਦਿਆਂ ਟੀਮ ਵਰਕ ਦੀ ਭਾਵਨਾ ਤੋਂ ਪੂਰੀੌ ਕੋਰੀ ਸੀ ਸ਼ਾਇਦ ਉਸਨੂੰ ਇਹ ਗੱਲ ਸਮਝਾਉਣੀ ਅੱਖੀ ਸੀ ਕਿ ਜਿੰਨੀ ਛੇਤੀ ਸਾਰਾ ਕੰਮ ਨਿਬੜੇਗਾ ਉੰਨੀ ਛੇਤੀ ਪੂਰੀ ਟੀਮ ਘਰੋ- ਘਰ ਪੁੱਜ ਜਾਵੇਗੀ।ਟੀਮ ਭਾਵਨਾਂ ਵਿੱਚ ਨਿੱਜ ਤਿਆਗਣ ਦੇ ਫਲਸਫੇ ਤੋਂ ਕੋਹਾਂ ਦੂਰ ਖੜੀ ਉਸ ਮੁਲਾਜਮ ਲੜਕੀ ਨੇ ਮਨੋਵਿਗਿਆਨਿਕ ਤੌਰ ਤੇ ਮੇਰੀ ਅੰਤਿਮ ਪਲਾਂ ਦੀ ਤੇਜ ਕਾਰਜ ਸ਼ੈਲ਼ੀ ਨੂੰ ਮੱਠਾ ਕਰ ਦਿੱਤਾ। ਜਦੋਂ ਮੈਂ ਉਸਦੀਆਂ ਬੇਨਤੀਆਂ ਤੇ ਕੋਈ ਗੌਰ ਨਾ ਕੀਤੀ ਤਾਂ ਉਸਨੇ ਮੇਰੇ ਸੈਕਟਰ ਅਫਸਰ ਕੋਲ ਸ਼ਿਕਾਇਤਿਆ ਲਹਿਜੇ ਵਿੱਚ ਗੁਹਾਰ ਲਾਈ ਪਰ ਸੈਕਟਰ ਅਫਸਰ ਨੇ ਮੇਰੀ ਆਗਿਆ ਨੂੰ ਹੀ ਪਹਿਲ ਅਤੇ ਅਹਿਮੀਅਤ ਦਿੱਤੀ।ਉਸ ਕੁੜੀ ਨੇ ਕਿਸੇ ਵੀ ਕੰਮ ਵਿੱਚ ਸਾਡਾ ਹੱਥ ਨਾ ਵਟਾਇਆ।ਜਦਕਿ ਮੇਰੀ ਸੋਚਣੀ ਇਹ ਸੀ ਕਿ ਉਹ ਮੁਲਾਜਮ ਜਲਦੀ ਫਾਰਗ ਹੋਣ ਵਾਸਤੇ ਛੇਤੀ ਛੇਤੀ ਕੰਮ ਨਿਪਟਾਉਣ ਵਿੱਚ ਹੱਥ ਵਟਾਉਣਾ ਸ਼ੁਰੂ ਕਰੇਗੀ ਪਰ ਉਸਨੇ ਇੱਕ ਘੰਟੇ ਦੇ ਕੀਮਤੀ ਸਮੇਂ ਨੂੰ ਕੰਮ ਚ ਲਗਾਉਣ ਦੀ ਬਜਾਇ ਮਿੰਨਤਾਂ- ਤਰਲਿਆਂ ਉਪਰ ਵਿਅਰਥ ਕਰਦਿਆਂ ਪੋਲਿੰਗ ਬੂਥ ਦੇ ਸਾਜਗਾਰ ਮਾਹੌਲ ਨੂੰ ਗਮਗੀਨ ਬਣਾਈ ਰੱਖਿਆ।
ਏ. ਪੀ .ਆਰ. ਓ ਮੈਡਮ ਨੇ ਉਸਦੀ ਸ਼ਿਫਾਰਸ ਕੀਤੀ ਤਾਂ ਮੈਂ ਮਨ ਵਿੱਚ ਫੈਸਲਾ ਕੀਤਾ ਕਿ ਡਾਕ ਦਾ ਕੰਮ ਮੁਕੰਮਲ ਹੋਣ ਉਪਰੰਤ ਉਸ ਲੜਕੀ ਨੂੰ ਫਾਰਗ ਕਰ ਦੇਵਾਂਗਾ।ਜੇਕਰ ਉਹ ਲੜਕੀੌ ਟੀਮ ਵਰਕ ਦੀ ਭਾਵਨਾ ਨਾਲ ਸਹਿਯੋਗ ਕਰਦੀ ਤਾਂ ਸਾਨੂੰ ਸੀਲਡ ,ਅਣਸੀਲਡ ਅਤੇ ਖੁੱਲੇ ਲਿਫਾਫਿਆਂ ਦੀ ਵੰਡ ਸਬੰਧੀ ਦੂਜੇ ਬੂਥ ਦੇ ਸਟਾਫ ਮੈਂਬਰਾਂ ਤੋਂ ਸਹਾਇਅਤਾ ਨਾ ਲੈਣੀ ਪੈਂਦੀ।
ਅੰਤ ਸਾਰੀਆ ਪਾਰਟੀਆਂ ਬੱਸ ਵਿੱਚ ਸਵਾਰ ਹੋਣ ਲਈ ਤਿਆਰ ਹੋਈਆਂ ਤਾਂ ਮੈਂ ਉਸ ਲੜਕੀ ਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ।ਦੂਜੇ ਪੋਲਿੰਗ ਅਫਸਰ ਅਤੇ ਸੇਵਾ ਮੁਕਤੀ ਦੇ ਬਿਲਕੁਲ ਨੇੜੇ ਸਿਆਣੀ ਉਮਰ ਦੀ ਏ. ਪੀ .ਆਰ. ਓ ਮੈਡਮ ਨੇ ਆਪਣੇ ਪਤੀ ਸਮੇਤ ਉਸ ਜੁਆਨ ਜਹਾਨ ਮੁਲਾਜਮ ਲੜਕੀ ਦੇ ਹਿੱਸੇ ਦੀ ਡਿਊਟੀ ਟੀਮ ਵਰਕ ਦੀ ਭਾਵਨਾ ਨੂੰ ਸਮਝਦਿਆਂ ਕੁਲੈਕਸ਼ਨ ਸੈਂਟਰ ਤੇ ਸਮਾਨ ਜਮ੍ਹਾਂ ਕਰਵਾਉਣ ਤੱਕ ਕਰਵਾਈ ।
ਸਾਡੀ ਸਮੁੱਚੀ ਟੀਮ ਵਿੱਚੋਂ ਇੱਕ ਮੈਂਬਰ ਦੀ ਜਲਦੀ ਫਾਰਗ ਹੋਣ ਦੀ ਜਿੱਦ ਕਾਰਣ ਬਾਕੀ ਮੈਂਬਰ ਆਪੋ ਆਪਣੇ ਘਰ ਸਵੇਰ ਦੇ ਤਿੰਨ ਵਜੇ ਅੱਪੜੇ।
ਮਿਤੀ:22/02/22 ਮਾਸਟਰ ਹਰਭਿੰਦਰ “ਮੁੱਲਾਂਪੁਰ”
ਸੰਪਰਕ:95308-20106
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly