(ਸਮਾਜ ਵੀਕਲੀ)
ਮੈਂ ਤਾਂ ਲੋਕੋ! ਅੱਕ ਪਹਾੜੀ,
ਪੱਤ ਜ਼ਹਿਰੀਲੇ, ਕੌੜੇ।
ਸਮੇਂ ਦੀ ਸੂਈ ਦੇਹੀ ਉੱਤੇ,
ਵੱਜੇ ਵਾਂਗ ਹਥੌੜੇ।
ਛੋਟਾ ਜਿਹਾ ਹਲੀਰਾ ਲੈ ਕੇ,
ਰੋਜ਼ ਬਣਾਵਾਂ ਖੱਡੇ।
ਖੱਡਿਆਂ ਵਿੱਚ ਦਲੀਲਾਂ ਬੀਜਾਂ,
ਬੂਟੇ ਹੋਣ ਨਾ ਵੱਡੇ।
ਮੈਨੂੰ ਡਰ ਭੀੜਾਂ ਤੋਂ ਲੱਗਦਾ,
ਚਾਹਵਾਂ ‘ਕੱਲਾ ਹੋਵਾਂ।
ਬੇਆਬਾਦ ਧਰਤੀਆਂ ਉੱਤੇ,
ਐਵੇਂ ਹੀ ਉੱਗ ਖਲੋਵਾਂ।
ਮੈਂ ਨਾ ਕੰਮ ਕਿਸੇ ਦੇ ਆਵਾਂ,
ਮੇਰੀ ਘੌਲ਼ ਲਮੇਰੀ।
ਨੀਲਕੰਠ ਦੇ ਪੈਰਾਂ ਥੱਲੇ,
ਜਗ੍ਹਾ ਰਹੀ ਏ ਮੇਰੀ।
ਮੇਰੇ ਘਰ ਦੀ ਰੌਣਕ ਬਣਦੇ,
ਕੱਖ-ਕਾਣ ਤੇ ਤੀਲੇ।
ਮੇਰੇ ਲਾਗੇ ਪੁੱਟ ਵਰਮੀਆਂ,
ਨਾਗ ਬਣਾਉਣ ਕਬੀਲੇ।
ਰਾਹੀਂ ਪਏ ਉਜਾੜਾਂ ਉੱਤੇ,
ਉਮਰ ਅਸਾਡੀ ਬੀਤੀ।
ਇਸ਼ਕ ਦੇ ਧੱਕੇ ਚੜ੍ਹਿਆਂ,
ਮੇਰੀ ਸਰਦਲ਼ ਉੱਚੀ ਕੀਤੀ।
ਮੈਂ ਹਾਂ ਜਨਮ-ਜਨਮ ਦਾ ਜੋਗੀ,
ਇਹ ਮੇਰੀ ਕਮਜ਼ੋਰੀ।
ਆ ਕੇ ਮੇਰੀ ਸੰਗਤ ਕਰਦੇ,
ਸਾਧੂ, ਸੰਤ, ਅਘੋਰੀ।
ਭਰਿਆ ਰਵ੍ਹੇ ਪੀੜ ਦਾ ਕਾਸਾ,
ਮਨ ਵੈਰਾਗ ਆਨੰਦਾ।
ਮੇਰੇ ਅੰਦਰ ਦੀ ਸੁੱਧ ਵੇਖੇ,
ਜਤ-ਸਤ ਵਾਲ਼ਾ ਬੰਦਾ।
ਨਾਲ਼ ਇਸ਼ਕ ਦੇ ਨਰੜ ਵਿਚਾਰੇ,
ਗ਼ਮ ਦੀਆਂ ਗਾਹੁਣ ਚਰਾਂਦਾਂ।
ਦੱਸੋ! ਜਿਹੜੇ ਧੁਰੋਂ ਵਿਜੋਗੀ,
ਕੀ ਦੱਸਣ ਸੁੱਖ-ਸਾਂਦਾਂ।
ਅੱਕਾਂ ਦੇ ਨਾ ਆਸ਼ਕ ਹੁੰਦੇ,
ਥੋਹਰਾਂ ਦੇ ਨਾ ਹਾਣੀ।
ਸ਼ਾਲਾ! ਉਮਰਾਂ ਤੀਕ ਨਾ ਸੁੱਕੇ,
ਸਾਡੀ ਅੱਖ ਦੇ ਪਾਣੀ।
~ ਰਿਤੂ ਵਾਸੂਦੇਵ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly