ਨਵੀਂ ਦਿੱਲੀ (ਸਮਾਜ ਵੀਕਲੀ) : ਪੱਛਮੀ ਦਿੱਲੀ ਦੇ ਉੱਤਮ ਨਗਰ ਨੇੜੇ ਮੋਹਨ ਗਾਰਡਨ ’ਚ ਸਕੂਲ ਜਾ ਰਹੀ 17 ਸਾਲ ਦੀ ਵਿਦਿਆਰਥਣ ਦੇ ਚਿਹਰੇ ’ਤੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ਾਂ ਨੇ ਤੇਜ਼ਾਬ ਸੁੱਟ ਦਿੱਤਾ। ਲੜਕੀ ਨੂੰ ਤੁਰੰਤ ਸਫ਼ਦਰਜੰਗ ਹਸਪਤਾਲ ’ਚ ਗੰਭੀਰ ਰੂਪ ’ਚ ਦਾਖ਼ਲ ਕਰਵਾਇਆ ਗਿਆ ਹੈ। ਦਵਾਰਕਾ ਦੇ ਡੀਸੀਪੀ ਐੱਮ ਹਰਸ਼ ਵਰਧਨ ਨੇ ਦੱਸਿਆ ਕਿ ਹਮਲੇ ਵੇਲੇ ਨਾਬਾਲਗ ਨਾਲ ਛੋਟੀ ਭੈਣ ਵੀ ਸੀ ਅਤੇ ਉਨ੍ਹਾਂ ਦੋ ਵਿਅਕਤੀਆਂ ਨੂੰ ਹਮਲੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਪੁਲੀਸ ਨੇ ਤਿੰਨੋਂ ਵਿਅਕਤੀਆਂ ਨੂੰ ਫੜ ਲਿਆ। ਸਫ਼ਦਰਜੰਗ ਹਸਪਤਾਲ ਦੇ ਇਕ ਡਾਕਟਰ ਨੇ ਦੱਸਿਆ ਕਿ ਲੜਕੀ ਦਾ ਚਿਹਰਾ ਸੱਤ ਤੋਂ ਅੱਠ ਫ਼ੀਸਦ ਸੜ ਗਿਆ ਹੈ ਅਤੇ ਉਸ ਦੀਆਂ ਅੱਖਾਂ ’ਤੇ ਵੀ ਅਸਰ ਪਿਆ ਹੈ। ਵਾਰਦਾਤ ਮਗਰੋਂ ‘ਆਪ’ ਦੇ ਕੌਮੀ ਬੁਲਾਰੇ ਸੌਰਭ ਭਾਰਦਵਾਜ ਨੇ ਕੌਮੀ ਰਾਜਧਾਨੀ ’ਚ ਅਪਰਾਧਕ ਵਾਰਦਾਤਾਂ ਦੇ ਵਾਧੇ ’ਤੇ ਚਿੰਤਾ ਪ੍ਰਗਟਾਈ ਅਤੇ ਉਨ੍ਹਾਂ ਉਪ ਰਾਜਪਾਲ ਨੂੰ ਨਿਸ਼ਾਨੇ ’ਤੇ ਲਿਆ।
ਮਾਲੀਵਾਲ ਨੇ ਤੇਜ਼ਾਬ ਦੀ ਖੁੱਲ੍ਹੇੇਆਮ ਵਿਕਰੀ ’ਤੇ ਸਵਾਲ ਉਠਾਏ
ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਕੌਮੀ ਰਾਜਧਾਨੀ ’ਚ ਤੇਜ਼ਾਬ ’ਤੇ ਪਾਬੰਦੀ ਹੋਣ ਦੇ ਬਾਵਜੂਦ ਇਹ ਸਬਜ਼ੀਆਂ ਵਾਂਗ ਖੁੱਲ੍ਹੇਆਮ ਵਿਕ ਰਿਹਾ ਹੈ। ਟਵਿੱਟਰ ’ਤੇ ਅਪਲੋਡ ਵੀਡੀਓ ’ਚ ਮਾਲੀਵਾਲ ਨੇ ਕਿਹਾ ਕਿ ਕਮਿਸ਼ਨ ਤੇਜ਼ਾਬ ਦੀ ਖੁੱਲ੍ਹੇਆਮ ਵਿਕਰੀ ’ਤੇ ਸਖ਼ਤੀ ਨਾਲ ਪਾਬੰਦੀ ਲਗਾਉਣ ਲਈ ਅਦਾਲਤ ਦਾ ਰੁਖ਼ ਕਰ ਸਕਦਾ ਹੈ।
ਉਪ ਰਾਜਪਾਲ ਨੇ ਪੁਲੀਸ ਮੁਖੀ ਤੋਂ ਰਿਪੋਰਟ ਮੰਗੀ
ਨਵੀਂ ਦਿੱਲੀ (ਸਮਾਜ ਵੀਕਲੀ):ਦਿੱਲੀ ਦੇ ਉਪ ਰਾਜਪਾਲ ਵੀ ਕੇ ਸਕਸੈਨਾ ਨੇ ਲੜਕੀ ’ਤੇ ਹੋਏ ਤੇਜ਼ਾਬ ਹਮਲੇ ਦੀ ਵਿਸਥਾਰਤ ਰਿਪੋਰਟ ਦਿੱਲੀ ਦੇ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਤੋਂ ਮੰਗ ਲਈ ਹੈ। ਉਨ੍ਹਾਂ ਇਹ ਵੀ ਜਾਣਕਾਰੀ ਮੰਗੀ ਹੈ ਕਿ ਤੇਜ਼ਾਬ ਦੀ ਵਿਕਰੀ ’ਤੇ ਪਾਬੰਦੀ ਦੇ ਬਾਵਜੂਦ ਇਸ ਨੂੰ ਕਿਵੇਂ ਹਾਸਲ ਕੀਤਾ ਗਿਆ। ਰਾਜ ਨਿਵਾਸ ਨੇ ਲੜੀਵਾਰ ਟਵੀਟ ਕਰਕੇ ਦੱਸਿਆ ਕਿ ਉਪ ਰਾਜਪਾਲ ਨੇ ਇਸ ਘਟਨਾ ਬਾਰੇ ਪੁਲੀਸ ਕਮਿਸ਼ਨਰ ਨਾਲ ਗੱਲਬਾਤ ਕੀਤੀ ਹੈ। ਉਪ ਰਾਜਪਾਲ ਨੇ ਇਸ ਹਮਲੇ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਦੱਸਿਆ ਕਿ ਉਪ ਰਾਜਪਾਲ ਹਸਪਤਾਲ ਦੇ ਡਾਕਟਰਾਂ ਦੇ ਸੰਪਰਕ ’ਚ ਵੀ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly