ਮਜ਼ਬੂਤ ਵਿਸ਼ਵਾਸ,ਮਿਹਨਤ ਤੇ ਖ਼ੁਦ ਨਾਲ ਕੀਤੇ ਵਾਅਦੇ ਨਾਲ ਟੀਚੇ ਨੂੰ ਹਾਸਲ ਕਰੋ:

ਸੰਜੀਵ ਸਿੰਘ ਸੈਣੀ
 (ਸਮਾਜ ਵੀਕਲੀ)
ਹਰ ਇਨਸਾਨ ਦਾ ਜਿੰਦਗੀ ਵਿੱਚ ਕਾਮਯਾਬ ਹੋਣ ਲਈ ਇੱਕ ਖੂਬਸੂਰਤ ਟੀਚਾ ਹੁੰਦਾ ਹੈ। ਆਪਣੇ ਮਿੱਥੇ ਹੋਏ ਟੀਚੇ ਦੇ ਮੁਤਾਬਕ ਉਹ ਇਨਸਾਨ ਖ਼ੂਬ ਮਿਹਨਤ ਕਰਦਾ ਹੈ। ਜਿਸ ਤਰ੍ਹਾਂ ਦਾ ਟੀਚਾ ਹੁੰਦਾ ਹੈ ਉਸ ਇਨਸਾਨ ਨੂੰ ਉਸਦੇ ਮੁਤਾਬਕ ਮਿਹਨਤ ਕਰਨੀ ਪੈਂਦੀ ਹੈ। ਕਈਆਂ ਦਾ ਛੋਟਾ ਟੀਚਾ ਹੁੰਦਾ ਹੈ, ਉਹ ਇਨਸਾਨ ਉਸ ਦੇ ਮੁਤਾਬਕ ਮਿਹਨਤ ਕਰਦੇ ਹਨ। ਹਰ ਇਨਸਾਨ ਦੀ ਆਪਣੀ ਸੋਚ ਨਜ਼ਰੀਆ ਹੁੰਦਾ ਹੈ ਕਿ ਕਿਸ ਤਰ੍ਹਾਂ ਮਿਹਨਤ ਕਰਨੀ ਹੈ। ਕਹਿਣ ਦਾ ਭਾਵ ਹੈ ਮੁਕਾਮ  ਨੂੰ ਹਾਸਲ ਕਰਨ ਲਈ ਇਨਸਾਨ ਨੂੰ ਬਹੁਤ ਜਿਆਦਾ ਜ਼ੋਰ ਲਾਉਣਾ ਪੈਂਦਾ ਹੈ ।
   ਹਰ ਇਨਸਾਨ ਦਾ ਵੱਖ ਵੱਖ ਟੀਚਾ ਹੁੰਦਾ ਹੈ ।ਕੋਈ ਸੋਚਦਾ ਹੈ ਕਿ ਮੇਰਾ ਉਦੇਸ਼  ਖੂਬਸੂਰਤ ਘਰ  ਬਣਾਉਣਾ ਹੈ, ਜਾਂ ਵਧੀਆ ਕਾਰ ਲੈਣੀ ਹੈ, ਜਿਆਦਾ ਜ਼ਮੀਨ ਖਰੀਦਣੀ ਹੈ। ਉਸ ਦੀ ਸੋਚ ਇਸੇ ਨੂੰ ਹੀ ਆਪਣਾ ਟੀਚਾ ਮੰਨ ਲੈਂਦੀ ਹੈ। ਟੀਚੇ ਦਾ ਅਸਲੀ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੀ ਮੰਜ਼ਿਲ ਨੂੰ ਮਿਹਨਤ ਕਰਕੇ ਹਾਸਿਲ ਕਰਨਾ। ਜੋ ਮੁਕਾਮ ਤੁਸੀਂ ਬਚਪਨ ਤੋਂ ਸੋਚਿਆ ਹੁੰਦਾ ਹੈ ਉਸ ਉੱਤੇ ਪਹੁੰਚਣਾ । ਦੇਖਦੇ ਹੀ ਹਾਂ ਕਿ ਜੋ ਛੋਟੇ ਬੱਚੇ ਹੁੰਦੇ ਹਨ ਤਾਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਵੱਡੇ ਹੋ ਕੇ ਕੀ ਬਣਨਾ ਹੈ। ਕੋਈ ਕਹਿੰਦਾ ਹੈ ਕਿ ਮੈਂ ਗੀਤਕਾਰ ਬਣਨਾ ਹੈ ,ਕੋਈ ਡਾਕਟਰ, ਆਰਕੀਟੈਕਟ, ਆਰਮੀ, ਏਅਰਫੋਰਸ, ਮੈਡੀਕਲ ਖੇਤਰ, ਇੰਜੀਨੀਅਰਿੰਗ। ਵੱਖ ਵੱਖ ਤਰ੍ਹਾਂ ਦੀ ਸੋਚ ਦੇ ਮੁਤਾਬਿਕ ਉਹ ਆਪਣਾ ਟੀਚਾ ਦੱਸਦੇ ਰਹਿੰਦੇ ਹਨ। ਜਦੋਂ ਬੰਦਾ ਦਸਵੀਂ ਪਾਸ ਕਰ ਲੈਂਦਾ ਹੈ ਫ਼ਿਰ ਉਸਨੂੰ ਜਿਆਦਾ ਸਮਝ ਲੱਗ ਜਾਂਦੀ ਹੈ। ਜਿਸ ਖੇਤਰ ਵਿੱਚ ਉਸਦੀ ਦਿਲਚਸਪੀ ਹੋਵੇਗੀ ,ਉਹ ਉਸ ਤੋਂ ਬਾਅਦ ਉਸ ਖੇਤਰ ਵਿੱਚ ਖੋਜ਼ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿਵੇਂ ਕੋਈ ਆਰਮੀ ਅਫ਼ਸਰ ਬਣਨਾ ਚਾਹੁੰਦਾ ਹੈ, ਕੋਈ ਪ੍ਰਸ਼ਾਸਨਿਕ  ਅਧਿਕਾਰੀ ਬਣਨ ਦੀ ਲੋਚਦਾ ਹੈ ,ਕੋਈ ਬਿਜਨਸਮੈਨ ਬਣਨਾ ਚਾਹੁੰਦਾ ਹੈ। ਕੋਈ  ਵਿਦੇਸ਼ ਜਾਣ ਨੂੰ ਆਪਣਾ ਟੀਚਾ ਮੰਨਦਾ ਹੈ। ਇਹ ਹਰ ਇਨਸਾਨ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਉਸਨੇ ਆਪਣੇ ਟੀਚੇ ਨੂੰ ਕਿਸ ਤਰ੍ਹਾਂ ਪੂਰਾ ਕਰਨਾ ਹੈ।
ਜ਼ਿੰਦਗੀ ‘ਚ ਸਫ਼ਲ ਹੋਣ ਲਈ ਤੁਹਾਨੂੰ ਆਪਣੇ ਆਪ ਨਾਲ ਕੁਝ ਵਾਅਦੇ ਕਰਨੇ ਪੈਣੇ ਹਨ। ਆਪਣੇ ਆਪ ਤੋਂ ਕਦੇ ਵੀ ਝੂਠ ਨਾ ਬੋਲੋ ।ਆਪਣੇ ਆਪ ਤੇ ਵਿਸ਼ਵਾਸ ਰੱਖੋ। ਵਿਸ਼ਵਾਸ ਰੱਖ ਕੇ ਹੀ ਤੁਸੀਂ ਮੰਜ਼ਿਲ ਨੂੰ ਹਾਸਿਲ ਕਰ ਸਕਦੇ ਹੋ। ਸਫ਼ਲ ਇਨਸਾਨ ਬਣਨ ਲਈ ਤੁਹਾਨੂੰ ਇੱਕ ਸਮਾਂ ਨਿਰਧਾਰਿਤ ਕਰਨਾ ਪੈਣਾ ਹੈ। ਹਰ ਕੰਮ ਨੂੰ ਤਰਤੀਬ ਨਾਲ ਕਰਨਾ ਪੈਣਾ ਹੈ। ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ ਹੈ ।ਜੋ ਵੀ ਕਰਨਾ ਹੈ ਇਮਾਨਦਾਰੀ ਨਾਲ ਕਰਨਾ ਹੈ। ਹਰ ਇੱਕ ਕੰਮ ਦੀ ਸਮਾਂ ਸਾਰਨੀ ਜਰੂਰ ਬਣਾ ਲੈਣੀ ਚਾਹੀਦੀ ਹੈ। ਉਸ ਮੁਤਾਬਕ ਤੁਸੀਂ ਮਿਹਨਤ ਕਰਦੇ ਰਹੋ। ਚੰਗੇ ਲੋਕਾਂ ਦੀ ਸੰਗਤ ਕਰੋ। ਮਾੜੀ ਜਗ੍ਹਾਂ ਜਾਣ ਤੋਂ ਗੁਰੇਜ ਕਰੋ। ਜਿੱਥੇ ਤੁਹਾਨੂੰ ਸ਼ਾਂਤੀ ਮਿਲਦੀ ਹੈ, ਉਸ ਥਾਂ ਤੇ ਜਾਓ। ਚਾਹੇ ਉਹ ਕੋਈ ਧਾਰਮਿਕ ਥਾਂ ਹੋਵੇ ਜਾਂ ਪਾਰਕ ਹੋਵੇ ਜਾਂ ਘੁੰਮਣ ਫ਼ਿਰਨ ਵਾਲੀ ਜਗ੍ਹਾ । ਸਹਿਣਸ਼ੀਲ ਮਨੁੱਖੀ ਜੀਵਨ ਦਾ ਅਨਮੋਲ ਗਹਿਣਾ ਹੈ। ਆਪਣੇ ਮਨ ਤੇ ਬੋਝ ਨਾ ਰੱਖੋ। ਮਿਹਨਤ  ਤੁਸੀਂ ਆਪ ਕਰਨੀ ਹੈ। ਮਾਂ ਬਾਪ ਸਿਰਫ਼ ਪੈਸਾ ਦੇ ਸਕਦੇ ਹਨ। ਕਾਮਯਾਬ ਹੋਣ ਲਈ ਤੁਹਾਨੂੰ ਦਿਨ ਰਾਤ ਇੱਕ  ਕਰਨਾ ਪੈਣਾ ਹੈ। ਜੇ ਤੁਸੀਂ ਸਫ਼ਲ ਨਹੀਂ ਹੋ ਪਾ ਰਹੇ ਹੋ ਤਾਂ ਆਪਣੀ ਗਲਤੀਆਂ ਤੋਂ ਸਿੱਖੋ। ਘਬਰਾਉਣਾ ਨਹੀਂ ਚਾਹੀਦਾ। ਫਿਰ ਮਿਹਨਤ ਕਰਕੇ ਪੂਰੇ ਆਤਮ ਵਿਸ਼ਵਾਸ ਨਾਲ ਤੁਸੀਂ ਟੀਚੇ ਨੂੰ ਹਾਸਿਲ ਕਰੋ।
   ਉਦਾਹਰਣ ਦੇ ਤੌਰ ਤੇ ਜੋ ਪ੍ਰਸ਼ਾਸਨਿਕ ਸਿਵਲ ਸੇਵਾਵਾਂ ਦੀ ਤਿਆਰੀ ਕਰਦੇ ਹਨ, ਉਹਨਾਂ ਨੂੰ ਪਹਿਲੀ ਵਾਰ ਸਫ਼ਲਤਾ ਮਿਲਣ ਦੇ ਚਾਂਸ ਬਹੁਤ ਘੱਟ ਹੁੰਦੇ ਹਨ ।ਕਿਉਂਕਿ ਪ੍ਰਸ਼ਾਸਨਿਕ ਪ੍ਰੀਖਿਆਵਾਂ ਤਿੰਨ ਪੜਾਵਾਂ ਵਿੱਚ ਹੁੰਦੀਆਂ ਹਨ। ਇਹ ਪ੍ਰੀਖਿਆ ਦੇਸ਼ ਦੀ ਸਭ ਤੋਂ ਕਠਿਨ ਤੇ ਅਹਿਮ ਅਹੁਦੇ ਦੀ ਪ੍ਰੀਖਿਆ ਹੁੰਦੀ ਹੈ। ਜੋ ਲੋਕ ਟੀਚੇ ਨੂੰ ਹਾਸਲ ਕਰ ਲੈਂਦੇ ਹਨ ਫਿਰ ਉਹਨਾਂ ਦੀ ਵੱਖ ਵੱਖ ਚੈਨਲਾਂ ਵੱਲੋਂ ਇੰਟਰਵਿਊ ਕੀਤੀ ਜਾਂਦੀ ਹੈ। ਉਹ ਆਪਣਾ ਤਜ਼ਰਬਾ ਲੋਕਾਂ ਨਾਲ ਸਾਂਝਾ ਕਰਦੇ ਹਨ ਕਿ ਮੈਂ ਇੰਨੀ ਵਾਰ ਪ੍ਰੀਖਿਆ ਵਿੱਚ ਬੈਠਾ ,ਇੰਨੀ ਵਾਰ ਮੈਨੂੰ ਮੁਕਾਮ ਹਾਸਿਲ ਨਹੀਂ ਹੋ ਪਾਇਆ, ਫਿਰ ਵੀ ਉਹ ਉਸ ਮੁਕਾਮ ਨੂੰ ਛੱਡਦੇ ਨਹੀਂ ਹਨ। ਕਈ ਇਨਸਾਨ ਅਜਿਹੇ ਹੁੰਦੇ ਹਨ ,ਜਿਨਾਂ ਕੋਲ ਸੀਮਿਤ ਸਾਧਨ ਹੁੰਦੇ ਹਨ। ਸੀਮਿਤ ਸਾਧਨਾ ਵਿੱਚ ਹੀ ਉਹ ਟੀਚੇ ਤੱਕ ਪੁੱਜ ਜਾਂਦੇ ਹਨ ।
  ਇਹ ਦੁਨੀਆ ਹੈ। ਇਸ ਦੁਨੀਆ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਣਗੇ। ਕਹਿਣਗੇ ਕਿ ਤੂੰ ਛੱਡ ਦੇ ਇਸ ਟੀਚੇ ਨੂੰ। ਤੇਰੇ ਤੋਂ ਤਾਂ ਸਿਵਲ ਪ੍ਰੀਖਿਆ ਪਾਸ ਨਹੀਂ ਹੋਣੀ। ਜਾਂ ਕੋਈ ਹੋਰ ਪ੍ਰੀਖਿਆ। ਨਕਾਰਾਤਮਕ ਵਿਚਾਰ ਤੁਹਾਡੇ ਦਿਮਾਗ ਵਿੱਚ ਕਈ ਵਾਰ ਘਰ ਕਰ ਜਾਂਦੇ ਹਨ। ਨਤਰਾਤਮਕ ਵਿਚਾਰਾਂ ਵਾਲੇ ਲੋਕਾਂ ਤੋਂ ਹਮੇਸ਼ਾ ਦੂਰ ਰਹੋ। ਸਕਰਾਤਮਕ ਸੋਚ, ਚੰਗੇ ਵਿਚਾਰ, ਚੰਗੇ ਲੋਕਾਂ ਦੀ ਜੀਵਨੀ ਤੁਹਾਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਰਹੇਗੀ। ਮਜ਼ਬੂਤ ਇਰਾਦਾ ,ਦ੍ਰਿੜ ਵਿਸ਼ਵਾਸ , ਪਹਾੜਾਂ ਜਿੰਨਾਂ ਜਿਗਰਾਂ ਰੱਖ ਕੇ ਹੀ ਤੁਸੀਂ ਆਪਣੀ ਮੰਜ਼ਿਲ ਨੂੰ ਸਰ ਕਰ ਸਕਦੇ ਹੋ।
ਸੰਜੀਵ ਸਿੰਘ ਸੈਣੀ,
ਮੋਹਾਲੀ 7888966168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article“ਨਸ਼ਾ”
Next article          ‘ਨਸ਼ਾ’