(ਸਮਾਜ ਵੀਕਲੀ)- ਹਸਬੈਂਡ ਨੂੰ ਆਫ਼ਿਸ ਤੋਂ ਛੁੱਟੀ ਹੋਣ ਕਰਕੇ ਮੈਂ ਉਹਨਾਂ ਨੂੰ ਕਿਹਾ ਕਿ ਮੇਰੀ ਕਲਾਈ ਦਾ ਐਕਸਰੇ ਕਰਵਾਉਣਾ ਹੈ ਤਾਂ ਜੋ ਮੈਨੂੰ ਪਤਾ ਲੱਗ ਸਕੇ ਕਿ ਟੁੱਟੀ ਹੋਈ ਹੱਡੀ ਕਿੰਨੀ ਕੁ ਠੀਕ ਹੋ ਗਈ ਹੈ। ਉਹ ਨਾ ਚਾਹੁੰਦੇ ਹੋਏ ਵੀ ਮੈਨੂੰ ਲੈ ਕੇ ਨਿਕਲ਼ ਪਏ ਸੀ ਕਿਉਂਕਿ ਮੈਂ ਬਹੁਤ ਦਿਨਾਂ ਤੋਂ ਇਸ ਗੱਲ ਨੂੰ ਲੈ ਕੇ ਉਹਨਾਂ ਪਿੱਛੇ ਪਈ ਹੋਈ ਸੀ।ਸਾਨੂੰ ਹੋਰ ਹਸਪਤਾਲਾਂ ਜਾਂ ਲੈਬੋਰਟਰੀਆਂ ਦਾ ਤਾਂ ਪਤਾ ਸੀ ਪਰ ਇਕੱਲਾ ਐਕਸਰੇ ਕਰਨ ਵਾਲੀ ਜਗ੍ਹਾ ਬਾਰੇ ਕੁਝ ਪਤਾ ਨਹੀਂ ਸੀ। ਇੱਕ ਦੋ ਹੋਰ ਕੰਮ ਕਰਕੇ ਅਸੀਂ ਐਕਸਰੇ ਕਰਨ ਵਾਲੀ ਲੈਬ ਦੀ ਭਾਲ਼ ਕਰਨ ਲੱਗੇ। ਉਂਝ ਵੱਡੇ ਵੱਡੇ ਹਸਪਤਾਲ ਤਾਂ ਸਾਡੇ ਏਰੀਏ ਵਿੱਚ ਬਹੁਤ ਹਨ ਪਰ ਪਤਾ ਨਹੀਂ ਕਿ ਉਹ ਇਕੱਲਾ ਐਕਸਰੇ ਕਰਦੇ ਵੀ ਹਨ ਜਾਂ ਨਹੀਂ ਕਿਉਂਕਿ ਬਹੁਤੀ ਵਾਰ ਹਸਪਤਾਲਾਂ ਵਿੱਚ ਬਿਨਾਂ ਕਿਸੇ ਗੱਲੋਂ ਮੋਟੀ ਫੀਸ ਵਸੂਲ ਕੇ ਹੀ ਅਗਾਂਹ ਗੱਲ ਕੀਤੀ ਜਾਂਦੀ ਹੈ। ਇੱਕ ਜਗ੍ਹਾ ਮੈਂ ਅੰਗ੍ਰੇਜ਼ੀ ਵਿੱਚ ਬੋਰਡ ਲੱਗਿਆ ਦੇਖਿਆ ‘ਡਿਜੀਟਲ ਐਕਸਰੇ ‘ ਤਾਂ ਅਸੀਂ ਉਸੇ ਹਸਪਤਾਲ ਦੀ ਕੰਧ ਨਾਲ ਗੱਡੀ ਪਾਰਕ ਕੀਤੀ ਤੇ ਅੰਦਰ ਚਲੇ ਗਏ। ਉੱਥੇ ਰੀਸੈਪਸ਼ਨ ਤੇ ਤਿੰਨ ਸੁਸਤ ਜਿਹੀਆਂ ਕੁੜੀਆਂ ਬੈਠੀਆਂ ਸਨ। ਇੱਕ ਤੋਂ ਮੈਂ ਐਕਸਰੇ ਕਰਵਾਉਣ ਬਾਰੇ ਪੁੱਛਿਆ ਤੇ ਨਾਲ ਹੀ ‘ਕਦੋਂ ਤੱਕ ਮਿਲੇਗਾ’ ਵੀ ਪੁੱਛ ਲਿਆ। ਉਹ ਆਖਣ ਲੱਗੀਆਂ,” ਸਾਡੇ ਦੂਜੇ ਹਸਪਤਾਲ ਤੋਂ ਮੁੰਡਾ ਆਵੇਗਾ….. ਜੇ ਵਿਹਲਾ ਹੋਇਆ ਤਾਂ ਹੁਣੇ ਆ ਜਾਵੇਗਾ….. ਹੋ ਸਕਦਾ ਘੰਟੇ ਤੱਕ ਆਵੇ…..।” ਫਿਰ ਉਹਨਾਂ ਨੇ ਆਪਸ ਵਿੱਚ ਗੱਲਬਾਤ ਜਿਹੀ ਕਰਕੇ ਆਖਿਆ,” ਤੁਸੀਂ ਸਾਡੇ ਉਸੇ ਹਸਪਤਾਲ ਚਲੇ ਜਾਓ…… ਇੱਥੇ ਤੁਹਾਡੇ ਪੰਜ ਸੌ ਰੁਪਏ ਲੱਗਣੇ ਹਨ….ਤੇ ਉੱਥੇ ਛੇ ਸੌ…..!”
ਮੈਂ ਪੁੱਛਿਆ,”ਆਏਂ ਕਿਉਂ….?”
ਉਹ ਆਖਣ ਲੱਗੀਆਂ,” ਇਹ ਸਾਡਾ ਚੈਰੀਟੇਬਲ ਹਸਪਤਾਲ ਹੈ…. ਤੇ ਉਹ ਨਾਰਮਲ ਹਸਪਤਾਲ ਹੈ….।”
ਅਸੀਂ “ਓਕੇ ” ਆਖ ਕੇ ਬਾਹਰ ਨਿਕਲ ਆਏ। ਐਨੀ ਗੱਲਬਾਤ ਵਿੱਚ ਹੀ ਉਹਨਾਂ ਨੇ ਸਾਡੇ ਪੰਦਰਾਂ ਮਿੰਟ ਖ਼ਰਾਬ ਕਰ ਦਿੱਤੇ। ਅਸੀਂ ਗੱਡੀ ਵਿੱਚ ਬੈਠ ਕੇ ਗੱਡੀ ਸਟਾਰਟ ਹੀ ਕੀਤੀ ਸੀ ਕਿ ਇੱਕ ਚਿੱਟੀਆਂ ਬੂਟੀਆਂ ਵਾਲ਼ੇ ਕਾਲ਼ੇ ਸੂਟ ਵਾਲੀ ਜਨਾਨੀ ਨੇ ਕਾਰ ਦਾ ਸ਼ੀਸ਼ਾ ਖੜਕਾਇਆ। ਉਸ ਦੇ ਮੂੰਹ ਤੇ ਮਾਸਕ ਪਾਇਆ ਹੋਇਆ ਸੀ। ਸਾਡੇ ਸ਼ਹਿਰ ਵਿੱਚ ਇਹ ਆਮ ਜਿਹੀ ਗੱਲ ਹੈ ਕਿ ਮੰਗਤੇ ਮੰਗਤੀਆਂ ਗੱਡੀਆਂ ਦੇ ਸ਼ੀਸ਼ੇ ਖੜਕਾਉਂਦੇ ਹੀ ਰਹਿੰਦੇ ਹਨ। ਮੈਂ ਦੇਖ ਕੇ ਮੂੰਹ ਦੂਜੇ ਪਾਸੇ ਨੂੰ ਘੁਮਾ ਲਿਆ ਤੇ ਹਸਬੈਂਡ ਨੂੰ ਕਿਹਾ ਚੱਲੋ। ਪਰ ਉਹਨਾਂ ਨੇ ਕਾਰ ਦੀ ਬਾਰੀ ਦਾ ਸ਼ੀਸ਼ਾ ਡਾਊਨ ਕਰ ਲਿਆ।ਉਹ ਲਗਾਤਾਰ ਬੋਲੀ ਜਾ ਰਹੀ ਸੀ,” ਮੈਂ ਮੰਗਤੀ ਨਹੀਂ ਹਾਂ…… ਮੈਂ ਗੁਰਸਿੱਖ ਪਰਿਵਾਰ ਦੀ ਪੜ੍ਹੀ ਲਿਖੀ ਕੁੜੀ ਆਂ …. ਮੈਨੂੰ ਪਤਾ ਮੰਗਣ ਗਿਆ ਸੋ ਮਰ ਗਿਆ….. ਆਈ ਐਮ ਐਜੂਕੇਟਡ…..ਆਈ ਹੈਡ ਇੰਡੇਵਰ ਕਾਰ (ਮੇਰੇ ਕੋਲ਼ ਇੰਡੇਵਰ ਕਾਰ ਵੀ ਸੀ)…… ਮੇਰੀ ਮਜ਼ਬੂਰੀ ਬਹੁਤ ਵੱਡੀ ਹੈ….. ਮੈਂ ਤੁਹਾਨੂੰ ਸਰਦਾਰ ਦੇਖ਼ ਕੇ ਈ ਆਪਣੀ ਮਜ਼ਬੂਰੀ ਦੱਸਣ ਆਈ ਆਂ….. ਬਿਲੀਵ ਮੀ ਆਈ ਐਮ ਨੌਟ ਬੈਗਰ…..(ਮੇਰੇ ਤੇ ਵਿਸ਼ਵਾਸ ਕਰੋ ਮੈਂ ਮੰਗਤੀ ਨਹੀਂ ਹਾਂ……) !”
ਮੇਰੇ ਹਸਬੈਂਡ ਨੇ ਬਟੂਆ ਕੱਢਿਆ ਤੇ ਇੱਕ ਸੌ ਦਾ ਨੋਟ ਉਸ ਵੱਲ ਵਧਾਉਂਦਿਆਂ ਉਸ ਦੇ ਬੋਲਣ ਤੇ ਵਿਰਾਮ ਲਾ ਦਿੱਤਾ। ਸ਼ਾਇਦ ਉਸ ਨੇ ‘ਥੈਂਕਸ’ ਦੇ ਨਾਲ ਨਾਲ ਅਸੀਸ ਵੀ ਦਿੱਤੀ। ਮੈਂ ਹਸਬੈਂਡ ਨੂੰ ਬੋਲਣ ਲੱਗੀ ਕਿ ਮੰਗਤੇ ਵੀ ਅੱਡ ਅੱਡ ਰੂਪ ਬਣਾ ਕੇ ਮੰਗਦੇ ਨੇ…. ਇਹ ਕੋਈ ਨਵੀਂ ਗੱਲ ਨਹੀਂ। ਉਹ ਆਖਣ ਲੱਗੇ,” ਮੈਨੂੰ ਉਹ ਸੱਚੀਂ ਮੰਗਤੀ ਨਹੀਂ ਲੱਗੀ….. ਹੋ ਸਕਦਾ ਉਸ ਦੀ ਕੋਈ ਮਜ਼ਬੂਰੀ ਹੋਵੇ…. ਮੰਗਣ ਨੂੰ ਕੀਹਦਾ ਦਿਲ ਕਰਦਾ ਹੈ….?” ਮੈਂ ਬਹਿਸਣ ਨਾਲੋਂ ਚੁੱਪ ਰਹਿਣਾ ਈ ਬਿਹਤਰ ਸਮਝਿਆ।
ਕੁਛ ਸਕਿੰਟਾਂ ਦੀ ਖਾਮੋਸ਼ੀ ਤੋਂ ਬਾਅਦ ਮੇਰੇ ਹਸਬੈਂਡ ਪੁੱਛਣ ਲੱਗੇ,” ਦੱਸ ਫੇਰ ਹੁਣ ….ਗੱਡੀ ਉਸ ਹਸਪਤਾਲ ਵੱਲ ਨੂੰ ਮੋੜਾਂ….?”
ਮੇਰੇ ਮੂੰਹੋਂ ਨਾਂਹ ਨਿਕਲ਼ ਗਿਆ ਕਿਉਂ ਕਿ ਉਹ ਹਸਪਤਾਲ ਮੇਰੇ ਸਕੂਲ ਦੇ ਕੋਲ਼ ਈ ਸੀ। ਪੜ੍ਹਾਉਣ ਗਈ ਦੀ ਮੇਰੀ ਗੱਡੀ ਸਕੂਲ ਦੇ ਬਾਹਰ ਪਾਰਕ ਕੀਤੀ ਹੁੰਦੀ ਸੀ। ਕਰੋਨਾ ਕਾਲ ਵਿੱਚ ਉਥੋਂ ਕਰੋਨਾ ਦੇ ਮਰੀਜ਼ ਜਾਂ ਉਹਨਾਂ ਦੇ ਰਿਸ਼ਤੇਦਾਰ ਮੇਰੀ ਗੱਡੀ ਦੇ ਆਲੇ ਦੁਆਲੇ ਹੀ ਮਾਸਕ , ਗਲਵਜ਼ ਸੁੱਟ ਦਿੰਦੇ ਸਨ। ਮੈਂ ਆਪਣੀ ਸਹੇਲੀ ਨੂੰ ਨਾਲ਼ ਲਿਜਾ ਕੇ ਉਹਨਾਂ ਨੂੰ ਇਸ ਗੱਲ ਦੀ ਕੰਪਲੇਂਟ ਕਰਨ ਗਈ ਸੀ। ਉਹਨਾਂ ਨੇ ਧਿਆਨ ਨਾਲ ਸਾਡੀ ਗੱਲ ਤਾਂ ਸੁਣੀ ਸੀ ਪਰ ਅਗਲੇ ਦਿਨ ਤੋਂ ਹੀ ਮੈਨੂੰ ਤੇ ਮੇਰੀ ਸਹੇਲੀ ਨੂੰ ਕਰੋਨਾ ਹੋ ਗਿਆ ਸੀ ਕਿਉਂਕਿ ਅਸੀਂ ਅੰਦਰ ਜਾਕੇ ਖ਼ੁਦ ਕਰੋਨਾ ਸਹੇੜ ਕੇ ਲਿਆਈਆਂ ਸੀ। ਉਦੋਂ ਸਾਰਾ ਹਸਪਤਾਲ ਕਰੋਨਾ ਦੇ ਮਰੀਜ਼ਾਂ ਨਾਲ ਭਰਿਆ ਪਿਆ ਸੀ।ਇਸ ਕਰਕੇ ਉਹ ਹਸਪਤਾਲ ਮੈਨੂੰ ਚੰਗਾ ਨਹੀਂ ਲੱਗਦਾ।ਇਹ ਗੱਲ ਹਸਬੈਂਡ ਨਾਲ਼ ਵੀ ਸਾਂਝੀ ਕੀਤੀ। ਉਹਨਾਂ ਨੇ ਕਿਹਾ,” ਹੁਣ ਕਿਹੜਾ ਕਰੋਨਾ ਉੱਥੇ ਬੈਠਾ…?”
“…..ਪਰ ਮੈਂ ਨੀ ਜਾਣਾ ਉੱਥੇ….. ਮੈਨੂੰ ਚੰਗਾ ਨੀ ਲੱਗਦਾ….!” ਮੈਂ ਕਿਹਾ।
ਅਸੀਂ ਘਰ ਵੱਲ ਨੂੰ ਮੋੜੇ ਪਾ ਲਏ ਤਾਂ ਸਾਡੇ ਰਸਤੇ ਵਿੱਚ ਇੱਕ ਬਹੁਤ ਪੁਰਾਣੀ ਲੈਬ ਹੈ, ਮੈਂ ਉੱਥੇ ਉੱਤਰ ਕੇ ਉਨ੍ਹਾਂ ਤੋਂ ਐਕਸਰੇ ਕਰਵਾਉਣ ਬਾਰੇ ਪੁੱਛਿਆ ਤਾਂ ਉਹ ਆਖਣ ਲੱਗੇ,” ਮੈਡਮ….ਆਹ ਸਾਹਮਣੇ ਈ ਸੜਕ ਕਰਾਸ ਕਰਕੇ ਐਕਸਰੇ ਲੈਬ ਹੈ।”
ਮੈਂ ਥੈਂਕਸ ਕੀਤਾ ਤੇ ਅਸੀਂ ਉੱਥੇ ਐਕਸਰੇ ਕਰਵਾਉਣ ਲਈ ਚਲੇ ਗਏ। ਉਹਨਾਂ ਤੋਂ ਸਲਿਪ ਕਟਵਾਈ ਤੇ ਪੈਸੇ ਪੁੱਛੇ ਤਾਂ ਲੜਕੇ ਨੇ ਕਿਹਾ,” ਮੈਡਮ…. ਚਾਰ ਸੌ ਰੁਪਏ ਦੇ ਦਿਓ….।”
ਉਸ ਨੇ ਐਕਸਰੇ ਕਰਨ ਨੂੰ ਮਸਾਂ ਦੋ ਤਿੰਨ ਮਿੰਟ ਲਾਏ ਤੇ ਸਾਨੂੰ ਐਕਸਰੇ ਦੇ ਕੇ ਪੰਜਾਂ ਮਿੰਟਾਂ ਵਿੱਚ ਤੋਰ ਦਿੱਤਾ।
ਮੈਂ ਐਕਸਰੇ ਦੇਖਣ ਦੇ ਨਾਲ ਨਾਲ ਮਨ ਵਿੱਚ ਪੈਸਿਆਂ ਦਾ ਹਿਸਾਬ ਕਿਤਾਬ ਲਾਉਂਦੀ ਹੋਈ ਸੋਚਦੀ ਆ ਰਹੀ ਸੀ ਕਿ ਕਿੱਥੇ ਤਾਂ ਛੇ ਸੌ ਰੁਪਏ ਖਰਚਣੇ ਪੈਣੇ ਸਨ ਤੇ ਕਿੱਥੇ ਮੰਗਣ ਵਾਲੀ ਕੁੜੀ ਸੀ ਜਾਂ ਔਰਤ ਸੀ ,ਪਤਾ ਨਹੀਂ, ਉਸ ਨੂੰ ਸੌ ਰੁਪਏ ਦੇ ਕੇ ਵੀ ਪੰਜ ਸੌ ਰੁਪਏ ਖ਼ਰਚ ਹੋਏ ਸਨ। ਮੈਂ ਆਪਣੇ ਵੱਡਿਆਂ ਤੋਂ ਦਾਨ ਪੁੰਨ ਬਾਰੇ ਸੁਣੀਆਂ ਗੱਲਾਂ ਬਾਰੇ ਵੀ ਸੋਚ ਰਹੀ ਸੀ ਕਿ ਰੱਬ ਕਈ ਵਾਰ ਐਨੀ ਛੇਤੀ ਵੀ ਲੇਖਾ ਜੋਖਾ ਕਰਕੇ ਕੀਤੇ ਦਾ ਫ਼ਲ਼ ਮੋੜ ਦਿੰਦਾ ਹੈ…!
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly