ਮੇਰੇ ਵਿਚਾਰ ਅਨੁਸਾਰ ਜਨਮ ਦਿਨ ਇਸ ਤਰਾਂ ਮਨਾਇਆ ਜਾਣਾ ਚਾਹੀਦਾ ਹੈ :-

ਰਮਿੰਦਰ ਰੰਮੀ ।

(ਸਮਾਜ ਵੀਕਲੀ)

23 ਮਾਰਚ ਨੂੰ ਭਗਤ ਸਿੰਘ ਜੀ ਦਾ ਸ਼ਹੀਦੀ ਦਿਵਸ ਹੋਣ ਕਰਕੇ ਜਿਹੜੇ ਮੇਰੇ ਜਿ਼ਆਦਾ ਨਜ਼ਦੀਕ ਨੇ ਉਹਨਾ ਨੂੰ ਯਾਦ ਹੁੰਦਾ ਹੈ ਕਿ ਮੇਰਾ ਜਨਮ ਦਿਨ ਵੀ 23 ਮਾਰਚ ਨੂੰ ਹੈ ।

ਮੇਰੇ ਪਰਿਵਾਰ ਤੇ ਦੋਸਤਾਂ ਦਾ ਆਸ਼ੀਰਵਾਦ ਮੇਰੇ ਅਨਮੋਲ ਤੋਹਫ਼ੇ ਨੇ ।ਇਹ ਜ਼ਰੂਰੀ ਨਹੀਂ ਹੈ ਕਿ ਜਨਮ ਦਿਨ ਤੋਹਫ਼ੇ ਦੇ ਕੇ ਜਾਂ ਪਾਰਟੀਆਂ ਕਰਕੇ ਹੀ ਮਨਾਇਆ ਜਾ ਸਕਦਾ ਹੈ ।ਤੁਸੀਂ ਇਸ ਦੀ ਜਗਹ ਆਪਣਾ ਸਮਾਂ ,ਪਿਆਰ ,ਮੁੱਹਬਤ ,ਇਜ਼ਤ ,ਮਾਣ ,ਤੇ ਸਤਿਕਾਰ ਦਿਉ ।ਇਹ ਬੇਸ਼ਕੀਮਤੀ ਤੋਹਫ਼ੇ ਨੇ ਜਿਸਨੂੰ ਇਨਸਾਨ ਜ਼ਿੰਦਗੀ ਭਰ ਯਾਦ ਰੱਖਦਾ ਹੈ ।ਗ਼ੁੱਸੇ ਦੀ ਜਗਹ ਨਿਮਰਤਾ ਹਲੀਮੀ ਨਾਲ ਪੇਸ਼ ਆਉ ।ਅਗਰ ਕੋਈ ਤੱਰਕੀ ਕਰਦਾ ਹੈ ਤਾਂ ਦੇਖ ਕੇ ਈਰਖਾ ਨਾ ਕਰੋ ਸਗੋਂ ਉਸਦੀ ਹੌਂਸਲਾ ਅਫ਼ਜ਼ਾਈ ਕਰੋ । ਕਿਸੇ ਨੂੰ ਪੌੜੀ ਬਣਾ ਕੇ ਕਦੀ ਇਸਤਮਾਲ ਨਾ ਕਰੋ , ਮਤਲਬ ਨਿਕਲ ਜਾਣ ਤੇ ਕਿਨਾਰਾ ਨਾ ਕਰੋ ।

ਬਹੁਤ ਲੋਕ ਐਸੇ ਨੇ ਜਿਹੜੇ ਆਪਣਾ ਜਨਮ ਦਿਨ ਕਿਸੇ ਜ਼ਰੂਰਤ ਮੰਦ ਨੂੰ ਦਾਨ ਦੇ ਕੇ ਜਾਂ ਕਿਸੇ ਅਨਾਥ ਦੀ ਮਦਦ ਕਰਕੇ ਤੇ ਹੋਰ ਕਈ ਐਸੇ ਤਰੀਕਿਆਂ ਨਾਲ ਮਨਾਉਂਦੇ ਹਨ ਕਿ ਜਿਹੜਾ ਪੈਸਾ ਦਿਖਾਵੇ ਦੀਆਂ ਪਾਰਟੀਆਂ ਤੇ ਲੱਗੇ ਉਹੀ ਕਿਸੇ ਲੋੜਵੰਦ ਦੀ ਮਦਦ ਕੀਤੀ ਜਾਏ ।
ਸਾਨੂੰ ਵਾਹਿਗੁਰੂ ਨੇ ਮੱਨੁਖਾ ਜਨਮ ਦਿੱਤਾ ਹੈ ਤੇ ਅਸੀਂ ਇਸਨੂੰ ਇਸ ਤਰਾਂ ਦਾ ਬਣਾਈਏ ਕਿ ਦੁਨੀਆ ਛੱਡ ਜਾਣ ਦੇ ਬਾਦ ਵੀ ਲੋਕਾਂ ਦੇ ਦਿਲਾਂ ਉੱਪਰ ਇਕ ਅਮਿੱਟ ਛਾਪ ਸਦਾ ਲਈ ਬਣੀ ਰਹਿ ਜਾਏ ।ਇਹ ਬੜੀ ਮੁਸ਼ਕਿਲ ਨਾਲ ਮੱਨੁਖਾ ਦੇਹੀ ਮਿਲਦੀ ਹੈ ।
ਗੁਰਬਾਣੀ ਵਿੱਚ ਵੀ ਲਿਖਿਆ ਹੈ ..
ਗੁਰ ਸੇਵਾ ਤੇ ਭਗਤਿ ਕਮਾਈ
ਤਬ ਇਹ ਮਾਨਸ ਦੇਹੀ ਪਾਈ
ਇਸ ਦੇਹੀ ਕਉ ਸਿਮਰੇ ਦੇਵ ..
ਸੋ ਦੇਹੀ ਭਜੁ ਹਰਿ ਕੀ ਸੇਵ

ਇਕ ਜਗਹ ਹੋਰ ਗੁਰੂ ਸਾਹਿਬ ਜੀ ਨੇ ਲਿਖਿਆ ਹੈ ਕਿ …
ਪ੍ਰਾਣੀ ਤੂੰ ਆਇਆ ਲਾਹਾ ਲੇਣ …
ਇਹ ਲਾਹਾ ਅਸੀਂ ਤਾਂ ਹੀ ਲੈ ਸਕਦੇ ਹਾਂ ਅਗਰ ਅਸੀਂ ਆਪਸ ਵਿਚ ਪਿਆਰ ਮੁਹਬੱਤ ਨਾਲ ਰਹੀਏ ।
ਮੇਰ-ਤੇਰ ਨਾ ਹੋਵੇ ਸਾਡੇ ਵਿੱਚ । ਗ਼ੁੱਸੇ ਦੀ ਜਗਹ ਨਿਮਰਤਾ ਤੇ ਹਲੀਮੀ ਹੋਵੇ । ਲੈਕਚਰ ਦੇਣ ਤੇ ਲਿਖਣ
ਨਾਲ ਕੁਝ ਨਹੀਂ ਹੁੰਦਾ , ਜਦ ਤੱਕ ਅਸੀਂ ਆਪਣੇ ਜੀਵਨ ਵਿੱਚ ਇਹਨਾ ਗੁਣਾਂ ਨੂੰ ਨਹੀਂ ਅਪਣਾਉਂਦੇ ।
ਗੁਰੂ ਸਾਹਿਬ ਨੇ ਵੀ ਕਿਹਾ ਹੈ …
ਮਿਠੱਤ ਨੀਵੀਂ ਨਾਨਕਾ
ਗੁਣ ਚੰਗਿਆਈਆਂ ਤੱਤ

ਅਗਰ ਕਿਸੇ ਨੇ ਨਹੀਂ ਬੁਲਾਇਆ ਤੇ ਉਸਨੂੰ ਤੁਸੀਂ ਆਪ ਅੱਗੇ ਹੋ ਕੇ ਮਿਲੋ । ਬਜ਼ੁਰਗਾਂ ਤੇ ਵੱਡਿਆਂ ਨੂੰ ਪਿਆਰ ਸਤਿਕਾਰ ਨਾਲ ਪੇਸ਼ ਆਵੋ। ਸਾਡਾ ਧਰਮ ਕਰਮ ਵੀ ਤਾਂਹੀ ਲਾਹੇਵੰਦ ਹੈ ਅਗਰ ਅਸੀਂ ਆਪਣੇ ਘਰੇ ਵੱਡਿਆਂ ਦਾ ਆਦਰ ਸਤਿਕਾਰ ਕਰਦੇ ਹਾਂ । ਸਮਾਜ ਵਿੱਚ ਕੁਝ ਲੋਕ ਐਸੇ ਹੁੰਦੇ ਨੇ , ਜੋ ਅਸਲ ਜ਼ਿੰਦਗੀ ਵਿੱਚ ਕੁਝ ਹੋਰ ਹੁੰਦੇ ਨੇ ਤੇ ਦਿਖਾਵਾ ਕੁਝ ਹੋਰ ਕਰਦੇ ਨੇ । ਉਹਨਾਂ ਦੀ ਕਹਿਣੀ ਤੇ ਕੱਥਨੀ ਦੇ ਵਿੱਚ ਫ਼ਰਕ ਨਹੀਂ ਹੋਣਾ ਚਾਹੀਦਾ ।

ਪਿਆਰ ਤੇ ਮਿੱਠੇ ਬੋਲਾਂ ਤੇ ਨਿਮਰਤਾ ਵਿੱਚ ਬਹੁਤ ਤਾਕਤ ਹੁੰਦੀ ਹੈ । ਬੋਲ ਹੀ ਐਸੀ ਚੀਜ਼ ਨੇ , ਅਗਰ ਮਿੱਠੇ ਬੋਲਾਂਗੇ ਤੇ ਕਿਸੇ ਦਾ ਦਿਲ ਜਿੱਤ ਸਕਾਂਗੇ । ਕੌੜੇ ਤੇ ਖਰਵੇ ਬੋਲ ਐਸੇ ਹੁੰਦੇ ਨੇ ਜੋ ਦਿਲ ਚੀਰ ਵੀ ਦਿੰਦੇ ਨੇ ਤੇ ਦਿਲ ਵਿੱਚ ਉਤਰ ਵੀ ਜਾਂਦੇ ਨੇ ।
ਇਹਨਾਂ ਗੁਣਾਂ ਦੇ ਧਾਰਨੀ ਬਣਾਂਗੇ ਤੇ ਸਾਡਾ ਮੱਨੁਖਾ ਜਨਮ ਸਫਲ ਹੈ , ਤੇ ਫਿਰ ਹਰ ਦਿਨ ਸਾਡਾ ਜਨਮ ਦਿਨ ਹੈ ………
ਨਹੀਂ ਤੇ …
ਰਾਮ ਸਿਮਰ ਪਛਤਾਇਗਾ ਮਨਿ
ਰਾਮ ਸਿਮਰ ਪਛਤਾਇਂਗਾ
ਪਾਪੀ ਜੀਅਰਾ ਲੋਭ ਕਰਤਿ ਹੈ
ਆਜ ਕਲਿ ਉੱਠਿ ਜਾਇਗਾ

ਮਨੁੱਖਾਂ ਜਨਮ ਬਾਰ ਬਾਰ ਨਹੀਂ ਮਿਲਦਾ ।ਆਓ ਸਾਰੇ ਇਸਨੂੰ ਧਰਮ ਕਰਮ ਦੇ ਲੇਖੇ ਲਾਈਏ ।ਗੁਰਬਾਣੀ ਵਿੱਚ ਕਬੀਰ ਜੀ ਦਾ ਸਲੋਕ ਹੈ , ਉਸਨੂੰ ਸਦਾ ਯਾਦ ਰੱਖੀਏ ..
( ਕਬੀਰ ਮਾਨਸ ਜਨਮੁ ਦੁਲੰਭੁ ਹੈ
ਹੋਇ ਨ ਬਾਰੈ ਬਾਰ
ਜਿਉਂ ਬਨ ਫਲ ਪਾਕੇ ਭੁਇ ਗਿਰਹਿ
ਬਹੁਰਿ ਨ ਲਾਗਹਿ ਡਾਰ )

ਰਮਿੰਦਰ ਰੰਮੀ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAssam’s publicity blitzkrieg in Delhi to take Bihu to world stage
Next articlePorn at Patna station: GRP team reaches Kolkata to probe the incident