ਲੁਧਿਆਣਾ (ਸਮਾਜ ਵੀਕਲੀ): ਸਨਅਤੀ ਸ਼ਹਿਰ ਦੀ ਸਿੱਧਵਾਂ ਨਹਿਰ ਉੱਤੇ ਬਣੇ ਬਾਈਪਾਸ ’ਤੇ ਆਏ ਦਿਨ ਹਾਦਸੇ ਹੋ ਰਹੇ ਹਨ। ਪਿਛਲੇ ਐਤਵਾਰ ਸਿੱਧਵਾਂ ਨਹਿਰ ਵਿੱਚ ਕਾਰ ਡਿੱਗਣ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਮਗਰੋਂ ਲੁਧਿਆਣਾ ਦੇ ਵਸਨੀਕ ਨਰਿੰਦਰ ਸਿੰਘ ਨੇ ਬੀਤੇ ਦਿਨ ਈਮੇਲ ਰਾਹੀਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦੱਖਣੀ ਬਾਈਪਾਸ ਦੀਆਂ ਖਾਮੀਆਂ ਦੀ ਸ਼ਿਕਾਇਤ ਕੀਤੀ। ਦੁਪਹਿਰ ਬਾਅਦ ਉਨ੍ਹਾਂ ਨੂੰ ਈਮੇਲ ਦਾ ਜੁਆਬ ਮਿਲਿਆ, ਜਿਸ ’ਚ ਕੇਂਦਰੀ ਮੰਤਰੀ ਦੇ ਨਿੱਜੀ ਸਕਤਰ ਨੂੰ ਇਸ ਮਾਮਲੇ ’ਚ ਡੀਸੀ ਲੁਧਿਆਣਾ ਤੋਂ ਰਿਪੋਰਟ ਮੰਗਵਾਉਣ ਦੀ ਗੱਲ ਆਖੀ ਹੈ।
ਦੂਜੇ ਪਾਸੇ ਟਰੈਫਿਕ ਪੁਲੀਸ ਨੇ ਵੀ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਤੋਂ ਦੋ ਸਥਾਨਾਂ ’ਤੇ ਪੱਕੀ ਰੇਲਿੰਗ ਬਣਾਉਣ ਦੀ ਮੰਗ ਕੀਤੀ ਹੈ। ਨਰਿੰਦਰ ਸਿੰਘ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਦੱਖਣੀ ਬਾਈਪਾਸ ਦੇ ਡਿਜ਼ਾਈਨ ’ਤੇ ਸਵਾਲ ਚੁੱਕ ਰਹੇ ਹਨ ਪਰ ਅੱਜ ਤੱਕ ਪ੍ਰਸ਼ਸਨ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੀਡਬਲਯੂਡੀ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਕੋਲ ਵੀ ਡਿਜ਼ਾਈਨ ਸਹੀ ਨਹੀਂ ਹੈ। ਅੰਡਰਪਾਥ ਤੋਂ ਆਉਣ ਵਾਲਾ ਟਰੈਫਿਕ ਅਤੇ ਉਪਰੋਂ ਨਿਕਲਣ ਵਾਲਾ ਟਰੈਫਿਕ ਆਪਸ ’ਚ ਟਕਰਾਉਂਦਾ ਹੈ। ਪੱਖੋਵਾਲ ਰੋਡ ’ਤੇ ਵੀ ਜੋ ਐਂਟਰੀ ਤੇ ਐਗਜ਼ਿਟ ਬਣਾਇਆ ਗਿਆ ਹੈ, ਉਹ ਖਤਰਨਾਕ ਹੈ ਅਤੇ ਉਥੇ ਵੀ ਨਹਿਰ ਦੇ ਕਿਨਾਰੇ ਰੇਲਿੰਗ ਨਹੀਂ ਹੈ, ਜਿਸ ਕਾਰਨ ਹਾਦਸੇ ਹੁੰਦੇ ਰਹਿੰਦੇ ਹਨ।
ਪੀਡਬਲਯੂਡੀ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਟਰੈਫਿਕ ਪੁਲੀਸ ਨੇ ਉਨ੍ਹਾਂ ਨੂੰ 2 ਥਾਵਾਂ ਦੱਸੀਆਂ ਹਨ ਅਤੇ ਦੋਵਾਂ ’ਤੇ ਜਲਦੀ ਰੇਲਿੰਗ ਬਣਾ ਦਿੱਤੀ ਜਾਵੇਗੀ। ਇਸ ਤਰ੍ਹਾਂ ਵੇਰਕਾ ਦੇ ਨਾਲ ਵੀ ਹੁਣ ਪੱਕੀ ਰੇਲਿੰਗ ਬਣਾਈ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly