ਸਿੱਖਿਆ ਖੇਤਰ *ਤੇ ਗ੍ਰਹਿਣ ਲਾ ਰਿਹਾ ਕਰੋਨਾ ਵਾਇਰਸ

ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ,ਬਠਿੰਡਾ

(ਸਮਾਜ ਵੀਕਲੀ)

ਸਿੱਖਿਆ ਮਨੁੱਖ ਜਾਤਿ ਦੀ ਉਹ ਪੂੰਜੀ ਹੈ ਜਿਸਦਾ ਸ਼ਬਦਾਂ ਰੂਪੀ ਮੁਲਾਂਕਣ ਕਰਨਾ ਸੰਭਵ ਨਹੀਂ ਹੋਵੇਗਾ, ਸਿੱਖਿਆ ਤੋਂ ਬਿਨਾਂ ਮਨੁੱਖ ਬੇਅਸਰ ਜਾਂ ਕਹੀਏ ਪ੍ਰਭਾਵਹੀਣ ਹੋ ਜਾਂਦਾ ਹੈ।ਦੇਸ਼ ਦਾ ਆਰਥਕ ਅਤੇ ਸਮਾਜਕ ਵਿਕਾਸ ਚੰਗੀ ਅਤੇ ਸੁਚਾਰੂ ਸਿੱਖਿਆ ਪ੍ਰਣਾਲੀ *ਤੇ ਨਿਰਭਰ ਕਰਦਾ ਹੈ।

ਰਾਜਨੀਤਿਕ ਅਤੇ ਸਮਾਜਕ ਢਾਂਚੇ *ਚ ਵੀ ਸਿੱਖਿਆ ਦਾ ਅਹਿਮ ਯੋਗਦਾਨ ਹੈ, ਅਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਹੋਂਦ ਵੀ ਸਿਹਤ , ਸਿੱਖਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਅਧੀਨ ਹੁੰਦੀ ਹੈ।ਕਰੋਨਾ ਵਾਇਰਸ ਦੀ ਪਹਿਲੀ ਅਤੇ ਦੂਜੀ ਲਹਿਰ ਦੇ ਮਾੜੇ ਅਸਰ ਨਾਲ ਭਾਰਤ ਦੇ ਸਮਾਜਕ, ਆਰਥਕ ਅਤੇ ਵਿੱਦਿਅਕ ਢਾਂਚੇ *ਚ ਹੁਣ ਤੱਕ ਦੇ ਚੱਲੇ ਆ ਰਹੇ ਸਿਸਟਮ *ਚ ਅਜਿਹੀਆਂ ਤਬਦੀਲੀਆਂ ਆਈਆਂ ਜਿੰਨ੍ਹਾਂ ਦਾ ਅਸਰ ਹਲਾਤਾ ਦੇ ਮੁੜ ਠੀਕ ਹੋਣ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ। ਸਿੱਖਿਆ ਇਕੋਮਾਤਰ ਅਜਿਹਾ ਸਾਧਨ ਹੈ ਜਿਸਦੇ ਬਲਬੂਤੇ ਨਵੀਂ ਜਿੰਦਗੀ ਦੀ ਨੀਂਅ ਰੱਖੀ ਜਾਂਦੀ ਹੈ ਪਰ ਕਰੋਨਾ ਮਹਾਂਮਾਰੀ ਦੇ ਕਾਰਨ ਇਸ ਖੇਤਰ ਨਾਲ ਜੁੜੇ ਸਾਰੇ ਵਰਗਾਂ, ਵਿਦਿਆਰਥੀਆਂ ,ਅfੱਧਆਪਕਾਂ, ਵਿਦਿੱਅਕ ਅਦਾਰਿਆਂ ਨੂੰ ਆਪਣੀ ਗ੍ਰਿਫਤ *ਚ ਲੈ ਲਿਆ ਹੈ।

ਕਰੋਨਾ ਦੇ ਪ੍ਰਕੋਪ ਨਾਲ ਸਿੱਖਿਆ ਵਿਵਸਥਾ *ਤੇ ਗ੍ਰਹਿਣ ਲੱਗਦਾ ਪ੍ਰਤੀਤ ਹੋ ਰਿਹਾ ਹੈ।ਬੇਸ਼ੱਕ 10ਵੀਂ ਅਤੇ 12ਵੀਂ ਦੀ ਪੜ੍ਹਾਈ ਨੂੰ ਸਮੁੱਚੇ ਵਿਦਿੱਅਕ ਜੀਵਨ ਦਾ ਅਧਾਰ ਮੰਨਿਆ ਜਾਂਦਾ ਹੈ ਪਰ ਕਰੋਨਾ ਕਾਰਨ ਪੈਦਾ ਹੋਈਆ ਮੁਸ਼ਕਲਾਂ ਕਾਰਨ ਇਨ੍ਹਾਂ ਦੋਹਾਂ ਕਲਾਸਾਂ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਸਮਝੌਤਾ ਹੁੰਦਾ ਨਜਰ ਆ ਰਿਹਾ ਹੈ। ਦੇਸ਼ *ਚ ਰਸਮੀ ਤੌਰ *ਤੇ ਚੱਲੇ ਆ ਰਹੇ ਕਾਇਦਿਆਂ *ਚ ਨਾ ਚਾਹੁੰਦੇ ਹੋਏ ਵੀ ਬਦਲਾਅ ਕਰਨ ਲਈ ਮਜ਼ਬੂਰ ਹੋਣਾ ਪਿਆ ਫਿਰ ਭਾਵੇਂ ਉਹ ਆਰਥਕ, ਵਪਾਰਕ,ਸੱਭਿਆਚਾਰਕ ਅਤੇ ਵਿੱਦਿਅਕ ਜੀਵਨ *ਚ ਇਤਹਾਸਕ ਬਦਲਾਅ ਕਿਉਂ ਨਾ ਹੋਣ।ਦਰਅਸਲ ਕੋਵਿਡ—19 ਦੇ ਕਾਰਨ ਕੇਂਦਰ ਅਤੇ ਸੂਬਾ ਸਰਕਾਰਾਂ ਕੋਲ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਵਾਉਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ। ਪਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੇ ਵਿਦਿਆਰਥੀਆਂ ਦੇ ਭਵਿੱਖ *ਚ ਹਰ ਕਦਮ *ਤੇ ਚੁਣੌਤੀਆਂ ਦਾ ਰਾਹ ਤਿਆਰ ਕਰ ਦਿੱਤਾ ਹੈ ਜਿਸ ਨੂੰ ਹਰ ਵਿਦਿਆਰਥੀ ਨੂੰ ਕਬੂਲਣਾ ਪਵੇਗਾ।

ਦਰਅਸਲ ਭਾਰਤ *ਚ 10ਵੀਂ ਅਤੇ 12ਵੀਂ ਭਵਿੱਖ *ਚ ਗ੍ਰਹਿਣ ਕੀਤੇ ਜਾਣ ਵਾਲੀ ਸਿੱਖਿਆ ਅਤੇ ਰੋਜ਼ਗਾਰ ਸਬੰਧੀ ਸੰਸਾਧਨਾ ਦਾ ਅਧਾਰ ਮੰਨੀ ਜਾਂਦੀ ਹੈ।ਦਸਵੀਂ ਅਤੇ ਬਾਹਰਵੀਂ ਦੀਆਂ ਪ੍ਰੀਖਿਆਂਵਾਂ ਮੀਲ ਪੱਥਰ ਵਾਗੂੰ ਹੁੰਦੀਆਂ ਹਨ।ਇਨ੍ਹਾਂ ਦੋਹਾਂ ਕਲਾਸਾਂ ਦੇ ਨਤੀਜਿਆਂ *ਚ ਹਾਸਲ ਕੀਤੇ ਨੰਬਰਾਂ ਦੇ ਅਧਾਰ *ਤੇ ਹੀ ਵਿਦਿਆਰਥੀ ਵੱਲੋਂ ਅੱਗੇ ਚੁਣੀ ਜਾਣ ਵਾਲੀ ਪੜ੍ਹਾਈ ਤੈਅ ਕੀਤੀ ਜਾ ਸਕਦੀ ਹੈ। ਅਜਿਹੇ *ਚ ਬਿਨਾਂ ਪੇਪਰ ਲਏ ਵਿਦਿਆਰਥੀਆਂ ਦਾ ਮੁਲਾਂਕਣ ਕਰਨਾ ਸਰਕਾਰ ਅਤੇ ਵਿਦਿੱਅਕ ਅਦਾਰਿਆਂ ਦੇ ਲਈ ਬਹੁਤ ਵੱਡੀ ਚੁਣੌਤੀ ਸਾਬਤ ਹੋਵੇਗੀ।

ਕਰੋਨਾ ਮਹਾਂਮਾਰੀ ਨੇ ਦੁਨੀਆਂ ਭਰ *ਚ ਸਿੱਖਿਆ ਅਤੇ ਵਿੱਦਿਅਕ ਪ੍ਰਣਾਲੀਆਂ *ਤੇ ਅਸਰ ਪਾਇਆ ਹੈ। ਕਰੋਨਾ ਦੀ ਪਹਿਲੀ ਲਹਿਰ ਦੇ ਸ਼ੁਰੂਆਤੀ ਦੌਰ ਤੋਂ ਹੀ ਭਾਰਤ *ਚ ਬੰਦ ਕੀਤੇ ਗਏ ਵਿੱਦਿਅਕ ਅਦਾਰਿਆਂ ਦੇ ਕਰੋੜਾਂ ਵਿਦਿਆਰਥੀ ਪ੍ਰਭਾਵਤ ਹੋਏ ਹਨ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਮਾਨਸਕ ਤਣਾਅ *ਚੋਂ ਲੰਘਣਾ ਪੈ ਰਿਹਾ ਹੈ। ਮੌਜ਼ੂਦਾ ਸਮੇਂ *ਚ ਕੋਰਨਾਂ ਕਾਰਨ ਪੈਦਾ ਹੌਏ ਹਲਾਤਾਂ ਨੇ ਜਿੱਥੇ ਆਰਥਕ ਸੰਕਟ ਪੈਦਾ ਕੀਤਾ ਹੈ ਉਥੇ ਨਾਲ ਹੀ ਇਹ ਦੇਸ਼ ਦੇ ਭਵਿੱਖ ਯਾਨੀ ਕਿ ਵਿਦਿਆਰਥੀਆਂ ਦੇ ਲਈ ਸੰਘਰਸ਼ ਦੇ ਹਲਾਤ ਬਣੇ ਹੋਏ ਹਨ।

ਜਾਨ ਹੈ ਤਾਂ ਜਹਾਨ ਹੈ ਦੇਸ਼ ਦੀ ਹਕੂਮਤ ਵੱਲੋਂ ਇਹ ਸੋਚਣਾ ਲਾਜ਼ਿਮ ਗੱਲ ਹੈ ਪਰ ਵਿੱਦਿਅਕ ਢਾਂਚੇ ਦੇ ਅਸਲ ਰੂਪ *ਤੇ ਵਿਚਾਰ ਕਰਨਾ ਵੀ ਸਰਕਾਰ ਅਤੇ ਨੀਤੀ ਘਾੜਿਆਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ। ਪ੍ਰੀਖਿਆਵਾਂ ਰੱਦ ਹੋਣ ਨਾਲ ਮਾਪੇ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਬਾਰੇ ਬੇਹੱਦ ਚਿੰਤਤ ਹਨ। ਨਰਸਰੀ ਤੋਂ ਲੈਕੇ ਨੌਵੀਂ, ਗਿਆਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਬਿਨਾਂ ਪੇਪਰ ਲਏ ਪਾਸ ਕਰਨਾ ਅਤੇ ਫਿਰ ਬੋਰਡ ਦੀਆਂ ਕਲਾਸਾਂ *ਚ ਵੀ ਇਹ ਨੀਤੀ ਲਾਗੂ ਹੋਣਾ ਚਿੰਤਾ ਦਾ ਵਿਸ਼ਾ ਹੈ।

ਜਿਸ ਤਰ੍ਹਾਂ ਕਰੋਨਾ ਦੀ ਤੀਸਰੀ ਲਹਿਰ ਆਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਉਸ ਪੱਖੋਂ ਦੇਸ਼ ਦੀ ਸਿੱਖਿਆ ਪ੍ਰਣਾਲੀ ਹੋਰ ਡੂੰਘੇ ਹਨੇਰੇ *ਚ ਜਾਂਦੀ ਨਜਰ ਆ ਰਹੀ ਹੈ ਅਤੇ ਫਿਲਹਾਲ ਵਿੱਦਿਅਕ ਅਦਾਰੇ ਖੁੱਲਣ ਦੀ ਕੋਈ ਉਮੀਦ ਵੀ ਨਹੀਂ ਹੈ।ਮੌਜੂਦਾ ਸਮੇਂ *ਚ ਆਨਲਾਈਨ ਸਿੱਖਿਆ ਪ੍ਰਣਾਲੀ ਹੀ ਇਕਮਾਤਰ ਸਹਾਰਾ ਹੈ ਪਰ ਦੇਸ਼ ਦੇ ਮੌਜ਼ੂਦਾ ਢਾਂਚੇ ਦੇ ਅਧਾਰ *ਤੇ ਇਹ ਵਿਧੀ ਸੀਮਤ ਹੀ ਹੈ। ਮਹਾਂਮਾਰੀ ਕਾਰਨ ਪੈਦਾ ਹੋਏ ਹਲਾਤਾਂ *ਚ ਹਰ ਕਿਸੇ ਨੂੰ ਨਵੀਆਂ ਸ਼ਰਤਾਂ ਨਾਲ ਜਿਉਣ ਦੀ ਕੋਸ਼ਿਸ਼ ਕਰਨੀ ਪੈ ਰਹੀ ਹੈ। ਨਵੀਂ ਸਿੱਖਿਆ ਨੀਤੀ ਦਾ ਐਲਾਨ ਕਰਕੇ ਉਸ ਨੂੰ ਅਮਲੀ ਰੂਪ *ਚ ਲਾਗੂ ਕਰਨਾ ਸਰਕਾਰ ਦੇ ਲਈ ਇਕ ਚੁਣੌਤੀ ਹੋ ਸਕਦੀ ਹੈ। ਦਰਅਸਲ ਸਾਡੀ ਸਿੱਖਿਆ ਪ੍ਰਣਾਲੀ *ਚ ਹਜੇ ਵੀ ਬਹੁਤ ਖਾਮੀਆਂ ਹਨ ਉਤੋਂ ਕਰੋਨਾ ਦੇ ਚੱਲਦਿਆਂ ਪੇਪਰ ਰੱਦ ਹੋਣਾ ਦੋਹੇਂ ਹੀ ਵਿਦਿਆਰਥੀਆਂ ਦੇ ਭਵਿੱਖ *ਤੇ ਮਾੜਾ ਅਸਰ ਪਾਉਂਦੇ ਹਨ। ਬੇਸ਼ੱਕ ਵਿਦਿਆਰਥੀ, ਅਧਿਆਪਕ ਅਤੇ ਮਾਪੇ ਇਨ੍ਹਾਂ ਤਿੰਨਾਂ ਵਰਗਾਂ ਨੇ ਚੱਲੀ ਆ ਰਾਹੀ ਸਿੱਖਿਆ ਪ੍ਰਣਾਲੀ ਦਾ ਸਤਿਕਾਰ ਕਰਦੇ ਹੋਏ ਆਪਣਾ ਵਿਸ਼ਵਾਸ ਬਣਾ ਕੇ ਰੱਖਿਆ ਹੋਇਆ ਸੀ ਅਤੇ ਨਾਲ ਹੀ ਵਿੱਦਿਅਕ ਢਾਂਚੇ ਦੀਆਂ ਕਮੀਆਂ ਨੂੰ ਪੂਰਾ ਕਰਨ ਦੇ ਲਈ ਟਿਊਸ਼ਨ ਅਤੇ ਕੋਚਿੰਗ *ਤੇ ਵਾਧੂ ਖ਼ਰਚ ਕਰਨਾ ਵੀ ਮੌਜ਼ੂਦਾ ਸਮੇਂ ਦੀ ਜਰੂਰਤ ਬਣ ਚੁੱਕਿਆ ਹੈ।

ਪਰ ਇਸਦਾ ਮੁਲਾਂਕਣ ਕਿਵੇਂ ਹੋਵੇਗਾ ਇਹ ਸਪਸ਼ਟ ਨਾ ਹੋਣ ਕਾਰਨ ਹੀ ਹਲਾਤ ਚਿੰਤਾਪੂਰਣ ਬਣ ਚੁੱਕੇ ਹਨ। ਲਗਪਗ 15 ਮਹੀਨਿਆਂ ਤੋਂ ਚੱਲ ਰਹੀ ਆਨਲਾਈਨ ਸਿੱਖਿਆ ਕਿੰਨੀ ਵਿਵਹਾਰਿਕ ਅਤੇ ਪ੍ਰਮਾਣਕ ਸਿੱਧ ਹੋਵੇਗੀ ਇਹ ਕਹਿਣਾ ਹਜੇ ਮੁਸ਼ਕਲ ਹੋਵੇਗਾ ਪਰ ਆਨਲਾਈਨ ਕਲਾਸਾਂ ਦੀਆਂ ਤਕਨੀਕੀ ਜ਼ਰੂਰਤਾਂ ਅਤੇ ਨਿਰਧਾਰਤ ਸਮੇਂ ਤੋਂ ਇਲਾਵਾ ਸਵਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਆਪਸੀ ਤਾਲਮੇਲ ਦਾ ਵੀ ਹੈ। ਕਲਾਸ *ਚ ਅਧਿਆਪਕ ਸੰਚਾਰ ਅਤੇ ਸੰਵਾਦ ਦੇ ਲੋੜੀਂਦੀ ਹੋਰ ਮਨੁੱਖੀ ਅਤੇ ਭੌਤਿਕ ਅਧਿਆਪਨ ਸਮੱਗਰੀ ਦਾ ਵੀ ਇਸਤੇਮਾਲ ਕਰ ਸਕਦੇ ਹਨ।ਪਰ ਆਨਲਾਈਨ ਸਿੱਖਿਆ ਵਿਧੀ *ਚ ਅਜਿਹਾ ਕਰਨਾ ਸੰਭਵ ਨਹੀਂ ਹੈ। ਆਨਲਾਈਨ ਕਲਾਸਾਂ *ਚ ਅਧਿਆਪਕਾਂ ਦਾ ਸਾਰੇ ਵਿਦਿਆਰਥੀਆਂ ਨਾਲ ਇਕ ਸੰਵਾਦ ਸਥਾਪਤ ਕਰਨਾ ਥੋੜ੍ਹਾ ਮੁਸ਼ਕਲ ਹੁੰਦਾ ਹੈ ਜੋ ਆਨਲਾਈਨ ਸਿੱਖਿਆ ਵਿਧੀ ਨੂੰ ਗੁੰਝਲਦਾਰ ਬਣਾਉਂਦਾ ਹੈ। ਦਰਅਸਲ 12ਵੀਂ ਦੇ ਪੇਪਰ ਰੱਦ ਹੋਣ ਨਾਲ ਪ੍ਰੀਖਿਆ ਪ੍ਰਣਾਣੀ ਦਾ ਬਦਲਵਾ ਪ੍ਰਬੰਧ ਲੱਭਣ ਦੀ ਲੋੜ ਵਧ ਗਈ ਹੈ।

ਅੱਗੇ ਹਲਾਤ ਠੀਕ ਹੋਣ *ਤੇ ਕੀ ਦਹਾਕਿਆਂ ਪੁਰਾਣੀ ਪ੍ਰੀਖਿਆ ਪ੍ਰਣਾਲੀ ਬਹਾਲ ਕੀਤੀ ਜਾਵੇਗੀ ਜਾਂ ਫਿਰ ਉਸਦਾ ਕੋਈ ਹੋਰ ਹੱਲ ਲੱਭਿਆ ਜਾਵੇਗਾ। ਸਿੱਖਿਆ ਬੋਰਡਾਂ ਦੇ ਸਾਹਮਣੇ ਵੀ ਚੁਣੌਤੀ ਖੜੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਪ੍ਰੀਖਿਆਵਾਂ ਦਾ ਮੁਲਾਂਕਣ ਕਰਨ ਦੇ ਲਈ ਕਿਸ ਤਰ੍ਹਾਂ ਦੀ ਤਰਕਸੰਗਤ ਅਤੇ ਪਾਰਦਰਸ਼ੀ ਮੁਲਾਂਕਣ ਵਿਧੀ ਦਾ ਇਸਤੇਮਾਲ ਹੋਵੇਗਾ ਅਤੇ ਇਹ ਵਿਦਿਆਰਥੀਆਂ ਦੇ ਭਵਿੱਖ ਨਾਲ ਨਿਆਂ ਕਰੇ ਇਹ ਵੀ ਬਹੁਤ ਅਹਿਮ ਅਤੇ ਚੁਣੌਤੀ ਭਰਿਆ ਕੰਮ ਹੋਵੇਗਾ।

ਵਿਦਿਆਰਥੀ ਜੀਵਨ *ਚ ਪ੍ਰੀਖਿਆ ਹੀ ਸਾਲ ਭਰ ਦੀ ਪੜ੍ਹਾਈ ਰੂਪੀ ਤਪੱਸਿਆ ਦਾ ਫਲ ਪ੍ਰਾਪਤ ਕਰਨ ਦਾ ਮਾਧਿਅਮ ਮੰਨਿਆ ਜਾਂਦਾ ਹੈ।ਪ੍ਰੀਖਿਆ ਦੇ ਅੰਕ ਹੀ ਭਵਿੱਖ *ਚ ਮਿਲਣ ਵਾਲੇ ਮੌਕਿਆਂ ਨੂੰ ਤੈਅ ਕਰਨ ਦਾ ਮੁੱਢਲਾ ਅਧਾਰ ਹੁੰਦੇ ਹਨ।ਫਿਲਹਾਲ ਕਰੋਨਾ ਵਾਇਰਸ ਦੇ ਕਾਰਨ ਪ੍ਰਭਾਵਤ ਹੋਈ ਸਿੱਖਿਆ ਅਤੇ ਰੱਦ ਹੋਈਆਂ ਪ੍ਰੀਖਿਆਵਾਂ ਦਾ ਸਹੀ ਮੁਲਾਂਕਣ ਕੀਤਾ ਜਾਵੇ ਅਤੇ ਹਲਾਤਾਂ ਨੂੰ ਵਾਚਦੇ ਹੋਏ ਸਿੱਖਿਆ ਪ੍ਰਣਾਲੀ ਦਰੁੱਸਤ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣ। ਜੇਕਰ ਇਨ੍ਹਾਂ ਸਾਰੇ ਅਹਿਮ ਪਹਿਲੂਆਂ *ਤੇ ਪਹਿਲ ਦੇ ਅਧਾਰ *ਤੇ ਕੰਮ ਹੋਵੇਗਾ ਤਾਂ ਯਕੀਨਨ ਸਿੱਖਿਆ ਖੇਤਰ *ਚ ਪੈਦਾ ਹੋਈਆਂ ਮੁਸ਼ਕਲਾਂ ਨੂੰ ਦਰੁੱਸਤ ਕਰਕੇ ਇਕ ਵਾਰ ਫਿਰ ਸੁਚਾਰੂ ਕੀਤਾ ਜਾ ਸਕੇਗਾ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article23 Afghan commandos killed in clashes with Taliban
Next articleਹੱਕ ਮੰਗਦੇ ਕੱਚੇ ਅਧਿਆਪਕ ਸਰਕਾਰ ਦੀ ਬੇਰੁਖੀ ਕਾਰਨ ਮੌਤ ਨੂੰ ਗਲ਼ ਲਾਉਣ ਲੱਗੇ