ਲਾਹੌਰ ਆਲਮੀ ਪੰਜਾਬੀ ਕਾਨਫ਼ਰੰਸ ਬਨਾਮ ਚੜ੍ਹਦੇ ਪਂਜਾਬੋਂ ਗਿਆ ਅਕਾਦਮਿਕ ਵਿਦਵਾਨ!

ਯਾਦਵਿੰਦਰ

(ਸਮਾਜ ਵੀਕਲੀ)

ਆਮ ਬਸ਼ਰ ਦੀ ਪਰਵਾਜ਼
————-

ਕਹਿੰਦੇ, ਕੁਝ ਕੁ ਸਾਲ ਪਹਿਲਾਂ ਦਾ ਵਾਕਿਆ ਹੈ, ਲਾਹੌਰ ਵਿਚ ਆਲਮੀ ਪੰਜਾਬੀ ਕਾਨਫ਼ਰੰਸ ਦਾ ਇੰਤਜ਼ਾਮ ਕੀਤਾ ਗਿਆ। ਏਧਰ ਸਾਡੇ ਵਾਲੇ ਪਾਸਿਓਂ ਚੜ੍ਹਦੇ ਪੰਜਾਬ ਦੀ ਅਮੀਰ ਯੂਨੀਵਰਸਿਟੀ ਨੂੰ ਸੱਦਾ ਮਿਲਿਆ ਕਿ ਵਿਦਵਾਨ ਭੇਜਿਓ। ਉਨ੍ਹਾਂ ਆਪਣਾ ਵਿਦਵਾਨ ਨੁਮਾਇੰਦਾ, ਆਲਮੀ ਪੰਜਾਬੀ ਕਾਨਫ਼ਰੰਸ ਲਈ ਘੱਲ ਦਿੱਤਾ।
***
ਵਿਦਵਾਨ ਬੁਲਾਰਾ ਲਾਹੌਰ ਜਾ ਅੱਪੜਿਆ। “ਨਾਮਵਰ ਵਿਦਵਾਨ” ਸੀ ਤੇ ਅਗਲਿਆਂ ਵਾਹਵਾ ਇੱਜ਼ਤ ਦਿੱਤੀ। ਫੇਰ, ਉਨ੍ਹਾਂ ਚੜ੍ਹਦੇ ਪੰਜਾਬ ਦੇ ਯੂਨੀਵਰਸਿਟੀ ਆਲੇ ਵਿਦਵਾਨ ਨੂੰ ਹਾਕ ਮਾਰੀ ਕਿ ਉਹ ਸਮਾਗਮ ਦੇ ਥੜ੍ਹੇ ਉੱਤੇ ਪੁੱਜੇ ਤੇ ਪੰਜਾਬੀ ਜ਼ੁਬਾਨ ਦੀ ਬਦਹਾਲੀ ਬਾਰੇ ਖਿਆਲਾਂ ਦਾ ਇਜ਼ਹਾਰ ਕਰੇ। ਇਹ ਵੀ ਦੱਸੇ ਕਿ ਪੰਜਾਬੀ ਬਚਾਉਣ ਲਈ ਕੀ ਕਰਨਾ ਚਾਹੀਦਾ ਏ!
***
ਏਸ ਪਿੱਛੋਂ ਚੜ੍ਹਦੇ ਪੰਜਾਬ ਵਿੱਚੋਂ ਗਏ ਯੂਨੀਵਰਸਿਟੀ ਆਲੇ ਵਿਦਵਾਨ ਨੇ ਮਸਨੂਈ ਗਿਆਨ ਦੀ ਛਹਿਬਰ ਲਾ ਦਿੱਤੀ।
“ਹਿੰਦਜਾਬੀ” ਨੁਮਾ ਪੰਜਾਬੀ, ਜਿਹੜੀ, ਸੰਸਕ੍ਰਿਤ ਭਾਸ਼ਾ ਵਰਗਾ “ਆਭਾਸ” ਦਿੰਦੀ ਸੀ, ਵਿਚ “ਪੇਪਰ” ਪੜ੍ਹ ਦਿੱਤਾ।

ਵੰਨਗੀ ਇਹੋ ਜਿਹੀ ਸੀ :
“ਅਖੇ, ਪੰਜਾਬੀ ਭਾਸ਼ਾ ਦੇ ਪਰਿਪੇਖ ਵਿਚ ਗੱਲ ਕਰੀਏ ਤਾਂ ਇਹ ਸੰਕਟਕਾਲੀ ਉਤਪਰੇਖਣ ਵਿਚ ਫਸੀ ਹੈ। ਸ਼ਬਦਾਂ ਦੇ ਆਵਨਟਨ ਤੇ ਉਪਸਰਗਾਂ ਦੀ ਅਕਾਂਖਿਆ ਦੀ ਵਸਤੂ ਸਥਿਤੀ ਦੀ ਅਵੱਗਿਆ ਨਹੀਂ ਕੀਤੀ ਜਾਣੀ ਚਾਹੀਦੀ। ਅਗਰ ਜੇਕਰ ਹੁਣ ਅਸੀਂ ਇਹ ਵੇਦਨਾ ਨਾ ਸਮਝੀ ਤਾਂ ਦੇਰੀ ਹੋ ਜਾਏਗੀ, ਇਸ ਦੇ ਚਲਦਿਆਂ, ਮਗਰ ਜੇਕਰ ਅਸੀਂ ਪੰਜਾਬੀ ਦੀ ਵੇਦਨਾ ਲਈ “ਸਾਕਾਰਾਤਮਿਕ” ਤੇ “ਸਾਰਥਿਕ” ਆਵੇਗ ਦੇ ਅੰਤਰਗਤ ਕੁਝ ਨਵੀਨ ਕਰਦੇ ਹਾਂ ਤਾਂ ਪੰਜਾਬੀ ਦੀ ਉਪੇਖਿਆ ਤੋਂ ਬਚ ਸਕਦੇ ਹਾਂ।” ਏਸ ਕਰਕੇ ਆਓ ਪਂਜਾਬੀ ਬੰਧੂਓ ਮਾਤਰ ਭਾਸ਼ਾ ਪੰਜਾਬੀ ਦੀ ਸੁਰਕਸ਼ਾ ਕਰੀਏ..!!!
*****
ਏਸ ਤਰ੍ਹਾਂ ਵਿਦਵਾਨ ਸੱਜਣ ਜਦੋਂ “ਪੇਪਰ” ਪੜ੍ਹ ਹਟਿਆ ਤਾਂ ਇਕ ਸਾਦ ਮੁਰਾਦ ਜਿਹਾ ਲਾਹੌਰੀਆ ਪੰਜਾਬੀ ਬੰਦਾ ਲਾਗੇ ਆਇਆ ਤੇ ‘ਵਿਦਵਾਨ’ ਨੂੰ ਕਹਿੰਦਾ, “ਆਹ, ਭਾਜੀ (ਪਾਜੀ ਨਹੀਂ) ਮਾੜਾ ਜਿਹਾ ….ਪੰਜਾਬੀ ਵਿਚ ਸਮਝਾਇਓ ਖਾ… ਸਾਨੂੰ ਪੂਰੀ ਸੋਝੀ ਨਹੀਂ ਆਈ। ਤੁਸੀਂ ਸਾਨੂੰ ਆਪਣੇ ਪਰਚੇ ਬਾਰੇ ਰਤਾ ਸੋਝੀ ਤੇ ਦਿਓ”। ਤੁਸੀਂ ਤੇ ਡਾਹਢੇ ਆਲਮ ਫਾਜ਼ਲ ਜਾਪਦੇ ਜੇ..!! ਓਹਨੇ ਬਜ਼ੁਰਗ ਲਹੋਰੀਏ ਨੇ ਕਲੋਲ ਕੀਤੀ ਸੀ ਪਰ ਅਕਾਦਮਿਕ ਵਿਦਵਾਨ ਚਾਂਭਲ ਗਿਆ।
———-
ਨਚੋੜ
ਅਡੰਬਰੀ ਭਾਸ਼ਾ ਲਿਖਾਂਗੇ ਤਾਂ ਇਹੋ ਜਿਹੇ ਸਵਾਲ ਉਠਣਗੇ ਹੀ, ਸਾਨੂੰ ਲੋਕਾਈ ਦੀ ਭਾਸ਼ਾ ਨੂੰ ਉੱਕਾ ਈ ਵਿਸਾਰ ਨਹੀਂ ਦੇਣਾ ਚਾਹੀਦਾ। ਨਹੀਂ ਤਾਂ ਜਾਅਲੀਪੁਣਾ ਈ ਹਿੱਸੇ ਆਉਂਦਾ ਐ।

ਯਾਦਵਿੰਦਰ

ਸੰਪਰਕ ਸਰੂਪ ਨਗਰ, ਰਾਓਵਾਲੀ।
+916284336773 9465329617

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਪੁਜੀ ਸਾਹਿਬ ਦੇ ਭਾਵ-ਅਰਥ ਨੂੰ ਸਮਝ ਕੇ ਅਮਲ ਕਰਨ ਦੀ ਲੋੜ
Next articleਝੋਨੇ ਦੇ ਨਾੜ ਨੂੰ ਅੱਗ ਨਾ ਲਗਾਉਣ ਲਈ ਵਿਦਿਆਰਥੀਆਂ ਵਾਸਤੇ ਜਾਗਰੂਕਤਾ ਕੈਂਪ ਸਰਕਾਰੀ ਮਿਡਲ ਸਕੂਲ, ਕਿਸ਼ਨਗੜ੍ਹ ਵਿਖੇ ਲਗਾਇਆ ਗਿਆ l