ਡਾ. ਮੇਹਰ ਮਾਣਕ
(ਸਮਾਜ ਵੀਕਲੀ) ਪ੍ਰੋ.ਪਰਵਿੰਦਰ ਸਿੰਘ ਵਿਦਿਅਕ ਖੇਤਰ ‘ਚ ਜਾਣਿਆ ਪਛਾਣਿਆ ਨਾਂ ਹੈ, ਜਿਨ੍ਹਾਂ ਨੇ ਆਪਣੀ ਕਾਬਲੀਅਤ, ਸਖ਼ਤ ਮਿਹਨਤ, ਮੁਹਾਰਤ ਅਤੇ ਕਾਰਜ ਕੁਸ਼ਲਤਾ ਸਦਕਾ ਉੱਚ ਮੁਕਾਮ ਹਾਸਲ ਕੀਤੇ । ਪ੍ਰੋ.ਪਰਵਿੰਦਰ ਸਿੰਘ ਦਾ ਜਨਮ 8 ਜਨਵਰੀ 1962 ਨੂੰ ਸਰਦਾਰ ਅਤਰ ਸਿੰਘ ਦੇ ਘਰ ਸ੍ਰੀਮਤੀ ਇੰਦਰਬੀਰ ਕੌਰ ਦੀ ਕੁੱਖੋਂ ਅਮ੍ਰਿਤਸਰ ਵਿੱਖੇ ਹੋਇਆ। ਉਨ੍ਹਾਂ ਦੇ ਪਿਤਾ ਜੀ ਫੌਜ ਵਿੱਚ ਸੈਨਿਕ ਸਨ ਜੋ ਕਿ ਇੱਕ ਧਾਰਮਿਕ ਬਿਰਤੀ ਵਾਲੇ ਮਨੁੱਖ ਸਨ । ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਦੁਆਬਾ ਖ਼ਾਲਸਾ ਸਕੂਲ ਅਮ੍ਰਿਤਸਰ ਤੋਂ ਕਰਨ ਉਪਰੰਤ ਅਜੰਤਾ ਪਬਲਿਕ ਸਕੂਲ ਅਮ੍ਰਿਤਸਰ ਤੋਂ ਅੱਠਵੀਂ ਕੀਤੀ। ਇਸ ਤੋਂ ਬਾਅਦ ਉਨਾਂ ਨੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਦਸਵੀਂ ਪਾਸ ਕੀਤੀ ਅਤੇ ਡੀ. ਏ. ਵੀ. ਕਾਲਜ ਚੰਡੀਗੜ੍ਹ ਤੋਂ ਪ੍ਰੀ-ਮੈਡੀਕਲ ਬੀ. ਐੱਸ. ਸੀ. ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀ.ਐਸ.ਸੀ. (ਆਨਰਜ਼ ਸਕੂਲ) ਫਸਟ ਕਲਾਸ ਮੈਰਿਟ ਪੰਜਾਬ ਯੂਨੀਵਰਸਿਟੀ, ਐਮ.ਐਸ.ਸੀ. (ਆਨਰਜ਼ ਸਕੂਲ) ਪਹਿਲੀ ਮੈਰਿਟ ਪੰਜਾਬ ਯੂਨੀਵਰਸਿਟੀ, ਐਮ.ਫਿਲ. ਫਸਟ ਡਿਸਟਿੰਕਸ਼ਨ ਪੰਜਾਬ ਯੂਨੀਵਰਸਿਟੀ ਅਤੇ ਫਿਰ ਕੈਮਿਸਟਰੀ ਵਿੱਚ ਪੀ.ਐਚ.ਡੀ. ਕੀਤੀ।ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐਲ. ਐਲ. ਬੀ.( ਪ੍ਰੋਫੈਸ਼ਨਲ) ਵੀ ਕੀਤੀ। ਉਹ ਆਪਣੇ ਮਾਪਿਆਂ ਦੇ ਵੱਡੇ ਪੁੱਤਰ ਸਨ । ਪ੍ਰੋ.ਪਰਵਿੰਦਰ ਸਿੰਘ ਤੋਂ ਛੋਟਾ ਇੱਕ ਉਨ੍ਹਾਂ ਦਾ ਭਰਾ ਹਰਜੀਤ ਸਿੰਘ ਸੀ ਜਿਸ ਦੀ 20 ਜਨਵਰੀ1988 ਨੂੰ ਇੱਕ ਹਾਦਸੇ ਵਿੱਚ ਮੌਤ ਹੋ ਗਈ । ਇਹ ਉਹ ਹੀ ਦਿਨ ਸੀ ਜਦੋਂ ਪ੍ਰੋ.ਪਰਵਿੰਦਰ ਸਿੰਘ ਹੋਰਾਂ ਨੂੰ ਨੌਕਰੀ ਲਈ ਜੁਆਇਨਿੰਗ ਪੱਤਰ ਮਿਲਿਆ ਸੀ। ਇਸ ਸਮੇਂ ਨੂੰ ਯਾਦ ਕਰਕੇ ਉਨ੍ਹਾਂ ਦਾ ਮਨ ਅਕਸਰ ਭਰ ਆਉਂਦਾ ਹੈ। ਪ੍ਰੋ਼.ਪਰਵਿੰਦਰ ਸਿੰਘ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸਨ ਅਤੇ ਇਸੇ ਕਰਕੇ ਉਨ੍ਹਾਂ ਨੂੰ ਐਮ. ਫਿਲ. ਦੀ ਡਿਗਰੀ ਮਿਲਦੇ ਸਾਰ ਹੀ ਨੌਕਰੀ ਮਿਲ ਗਈ। ਉਨ੍ਹਾਂ ਨੇ ਆਪਣਾ ਕੈਰੀਅਰ ਸਰਕਾਰੀ ਸਾਇੰਸ ਐਂਡ ਰਿਸਰਚ ਕਾਲਜ, ਜਗਰਾਓਂ ਤੋਂ ਸ਼ੁਰੂ ਕੀਤਾ । ਉਨ੍ਹਾਂ ਨੇ ਡੀ. ਏ. ਵੀ. ਕਾਲਜ ਸੈਕਟਰ 10 , ਚੰਡੀਗੜ ਤੋਂ ਇਲਾਵਾ ਸਰਕਾਰੀ ਗਰਲਜ ਕਾਲਜ ਸੈਕਟਰ 42 ਚੰਡੀਗੜ ਵਿਖੇ ਦੋ ਦਹਾਕਿਆਂ ਤੋਂ ਵੱਧ ਪੜ੍ਹਾਇਆ । ਫੇਰ ਉਹ ਆਪਣੀ ਯੋਗਤਾ ਸਦਕਾ 2013 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਤੌਰ ਕੰਟਰੋਲਰ ਪ੍ਰੀਖਿਆਵਾਂ ਦੀ ਕੁਰਸੀ ਉੱਤੇ ਜਾ ਬਿਰਾਜੇ।
ਉਨ੍ਹਾਂ ਦਾ ਬਤੌਰ ਪ੍ਰਸ਼ਾਸਨਿਕ ਬੜਾ ਲੰਮਾਂ ਤਜਰਬਾ ਰਿਹਾ। ਉਹ ਪ੍ਰੀਖਿਆ ਕੰਟਰੋਲਰ ਵਜੋਂ 7 ਸਾਲ ਤੋਂ ਵਧੇਰੇ, ਡੀਨ ਕਾਲਜ ਵਿਕਾਸ ਕੌਂਸਲ ਵਜੋਂ ਢਾਈ ਸਾਲ, ਐਚ.ਓ.ਡੀ. 01.01.2000 ਤੋਂ ਅਗਸਤ, 2006 ਤੱਕ ਕੈਮਿਸਟਰੀ ਵਿਭਾਗ, 12 ਸਾਲਾਂ ਲਈ ਰਜਿਸਟਰਾਰ (ਪ੍ਰੀਖਿਆਵਾਂ) ਰਹੇ। ਇਸ ਤੋਂ ਇਲਾਵਾ ਉਹ ਬਹੁਤ ਸਾਰੀਆਂ ਰਾਸ਼ਟਰੀ ਅਤੇ ਰਾਜ ਪ੍ਰੀਖਿਆਵਾਂ ਦੇ ਕੋਆਰਡੀਨੇਟਰ ਵੀ ਰਹੇ ਹਨ ਜਿਵੇਂ ਕਿ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ, ਪੰਜਾਬ ਸਿਵਲ ਸੇਵਾਵਾਂ, ਹਰਿਆਣਾ ਸਿਵਲ ਸੇਵਾਵਾਂ, ਬੈਂਕਿੰਗ ਸੇਵਾਵਾਂ, ਭਰਤੀ ਬੋਰਡ, ਇੰਟੈਲੀਜੈਂਸ ਬਿਊਰੋ, ਨੈਸ਼ਨਲ ਡਿਫੈਂਸ ਅਕੈਡਮੀ ਆਦਿ । ਇਸ ਕਰਕੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਕੰਮਾਂ ਵਿੱਚ ਪੂਰੀ ਮੁਹਾਰਤ ਹਾਸਲ ਹੈ।
ਅਕਾਦਮਿਕ ਪ੍ਰੋਫਾਈਲ ਉੱਤੇ ਨਿਗਾਹ ਮਾਰਦਿਆਂ ਪਤਾ ਚੱਲਦਾ ਹੈ ਕਿ ਉਹ ਪੰਜਾਬ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਤਿੰਨ ਵਾਰ ਚੁਣੇ ਗਏ। ਇਸ ਤੋਂ ਇਲਾਵਾ ਕੈਮਿਸਟਰੀ 2000-2012 ਵਿੱਚ ਬੋਰਡ ਆਫ਼ ਸਟੱਡੀਜ਼ ਦੇ ਮੈਂਬਰ ਰਹੇ । ਉਹ ਯੂ ਜੀ ਸੀ- ਜਰਨਲ ਕੈਮੀਕਲ – ਸਮੀਖਿਆ ਦੇ 2006 ਤੋਂ 2009 ਤੱਕ ਆਨਰੇਰੀ ਸੰਪਾਦਕ ਰਹੇ ਅਤੇ ਉਹ ਅਮਰੀਕਨ ਕੈਮੀਕਲ ਸੋਸਾਇਟੀ U.S.A. ਦੇ 2004 ਤੋਂ 2008 ਤੱਕ ਮੈਂਬਰ ਰਹੇ ਹਨ।
ਉਨ੍ਹਾਂ ਨੇ ਵੱਖ-ਵੱਖ ਭਾਰਤੀ ਲਈ ਅੰਡਰਗਰੈਜੂਏਟ ਪੱਧਰਾਂ ‘ਤੇ ਰਸਾਇਣ ਵਿਗਿਆਨ ‘ਤੇ ਕਈ ਕਿਤਾਬਾਂ ਲਿਖੀਆਂ ਅਤੇ ਰਸਾਇਣਕ ਸਿੱਖਿਆ ‘ਤੇ ਬਹੁਤ ਸਾਰੇ ਲੇਖ ਪੇਸ਼ ਕੀਤੇ ਅਤੇ ਪ੍ਰਕਾਸ਼ਿਤ ਕੀਤੇ ਜਿਹੜੇ ਕਿ ਪਲੇਨਮ ਪ੍ਰੈਸ, ਨਿਊਯਾਰਕ – ਯੂ.ਐਸ.ਏ. ਵਿੱਚ ਪ੍ਰਕਾਸ਼ਿਤ ਕੀਤੇ ਗਏ । ਉਨ੍ਹਾਂ ਨੇ ਫਲੋਰੈਂਸ ਯੂਨੀਵਰਸਿਟੀ, ਇਟਲੀ ਵਿੱਚ ਇੱਕ ਖੋਜ ਪੱਤਰ ਪੇਸ਼ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਈਨਜ਼ਲੈਂਡ ਯੂਨੀਵਰਸਿਟੀ ਬੋਸਟਨ ਯੂਨੀਵਰਸਿਟੀ, ਅਮਰੀਕਾ ,ਕੈਲੀਫੋਰਨੀਆ ਯੂਨੀਵਰਸਿਟੀ, ਅਮਰੀਕਾ ਅਤੇ ਵਿੰਡਸਰ ਯੂਨੀਵਰਸਿਟੀ, ਕੈਨੇਡਾ ਵਿੱਚ ਇੱਕ ਖੋਜ ਪੱਤਰ ਪੇਸ਼ ਕੀਤੇ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਖੇ ਬਤੌਰ ਕੰਟਰੋਲਰ ਪ੍ਰੀਖਿਆਵਾਂ ਉਨ੍ਹਾਂ ਦੁਆਰਾ ਇਮਤਿਹਾਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਅਤੇ ਲਾਗੂ ਕੀਤੀ ਗਈ । ਉਨ੍ਹਾਂ ਨੇ ਫ਼ਾਰਮ, ਫੀਸਾਂ, ਅਸੈਸਮੈਟਾਂ ਆਈ ਡੀਜ ਆਦਿ ਨੂੰ ਆਨ ਲਾਈਨ ਕੀਤਾ। ਲੱਗਭਗ 200 ਮਾਨਤਾ ਪ੍ਰਾਪਤ ਕਾਲਜਾਂ ਅਤੇ ਯੂਨੀਵਰਸਿਟੀ ਦੇ 75 ਅਧਿਆਪਨ ਵਿਭਾਗਾਂ ਲਈ ਯੂ. ਜੀ. ਪੱਧਰ ‘ਤੇ ਸਮੈਸਟਰ ਪ੍ਰਣਾਲੀ ਨੂੰ ਸਫਲਤਾਪੂਰਵਕ ਪੇਸ਼ ਕੀਤਾ ਗਿਆ। ਉਹ ਯੂਨੀਵਰਸਿਟੀ ਦੀਆਂ ਵੱਖ-ਵੱਖ ਸਟੈਂਡਿੰਗ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਰਹੇ ਹਨ। ਉਨ੍ਹਾਂ ਵੱਲੋਂ ਕਾਲਜ ਅਤੇ ਯੂਨੀਵਰਸਿਟੀ ਲਈ ਐਗਜ਼ਾਮੀਨਰਜ਼ ਔਨਲਾਈਨ ਪੋਰਟਲ ਲਾਂਚ ਕੀਤਾ ਗਿਆ ।
ਰਾਇਤ ਬਾਹਰਾ ਯੂਨੀਵਰਸਿਟੀ ਵਿਖੇ ਬਤੌਰ ਵਾਈਸ ਚਾਂਸਲਰ, ਉਨ੍ਹਾਂ ਨੇ ਪਹਿਲਕਦਮੀ ਕਰਦਿਆਂ IQAC ਟੀਮ ਦੇ ਪ੍ਰਦਰਸ਼ਨ ਵਜੋਂ 30 ਵਿਭਾਗਾਂ ਦਾ ਅਕਾਦਮਿਕ ਆਡਿਟ ਪੂਰਾ ਕੀਤਾ, ਅੰਤਰਰਾਸ਼ਟਰੀ ਇੰਟਰਨਸ਼ਿਪਾਂ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਵਿੱਚੋਂ ਲੰਘਣ ਲਈ ਵਿਦਿਆਰਥੀਆਂ ਲਈ ਲਗਭਗ 10 ਗਲੋਬਲ ਸਮਝੌਤਿਆਂ ‘ਤੇ ਹਸਤਾਖਰ ਕੀਤੇ ਗਏ, ਅਕਾਦਮਿਕ- ਉਦਯੋਗਿਕ ਸਬੰਧਾਂ ਨੂੰ ਵਿਆਪਕ ਪੱਧਰ ਉੱਤੇ ਵਿਕਸਤ ਕੀਤਾ, ਉੱਦਮੀ ਅਤੇ ਇਨਕਿਊਬੇਸ਼ਨ ਸੈਂਟਰਾਂ ਆਦਿ ਨੂੰ ਸ਼ਾਮਲ ਕਰਕੇ ਵਿਕਸਤ ਅਤੇ ਮਜ਼ਬੂਤ ਕੀਤਾ ਗਿਆ । ਉਨ੍ਹਾਂ ਦੇ ਕਾਰਜਾਂ ਦੀ ਲਿਸ਼ਟ ਬਹੁਤ ਲੰਮੀ ਹੈ।
ਇਸੇ ਸਮੇਂ ਦੌਰਾਨ ਪ੍ਰੋਫੈਸਰ ਪਰਵਿੰਦਰ ਸਿੰਘ ਮਾਈਕ੍ਰੋਸਾਫਟ ਦੁਆਰਾ ਵਾਈਸ ਚਾਂਸਲਰ ਗੋਲ ਟੇਬਲ ਮੀਟਿੰਗ ਵਿੱਚ ਸ਼ਾਮਲ ਹੋਏ ਅਤੇ ਆਲ ਇੰਡੀਆ ਯੂਨੀਵਰਸਿਟੀਆਂ ਦੇ ਉਤਰੀ ਜੋਨ ਦੇ ਵੀ. ਸੀ. ਦੀ ਮੀਟਿੰਗ ਵਿੱਚ ਵੀ ਸ਼ਾਮਲ ਹੋਏ। ਉਨ੍ਹਾਂ ਹੈਲਥ ਵੈਲਨੈਸ ਹਫ਼ਤੇ ਦੀ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ। ਉਹ 7ਵਾਂ ਗਲੋਬਲ ਐਜੂਕੇਸ਼ਨ ਐਂਡ ਸਕਿੱਲ ਸਮਿਟ 2021 ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਉਹ ਵਰਲਡ ਐਜੂਕੇਸ਼ਨ ਈਵੈਂਟ ਇਨੋਵੇਸ਼ਨ ਇਨ ਐਜੂਕੇਸ਼ਨ (ਜੂਨ 2021 ) ਬਤੌਰ ਸਪੀਕਰ ਵਜੋਂ ਸ਼ਾਮਲ ਹੋਏ। ਉਨ੍ਹਾਂ ਨੂੰ 26-27 ਮਈ 2021 ਨੂੰ ਆਯੋਜਿਤ ਉੱਚ ਸਿੱਖਿਆ ‘ਤੇ 7ਵੇਂ ਗਲੋਬਲ ਸੰਮੇਲਨ ਵਿੱਚ ਉੱਭਰਦੇ ਵਾਈਸ ਚਾਂਸਲਰ ਦੇ ਉੱਤਮਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਨੇ ਦਸੰਬਰ 2023 ਵਿੱਚ ਵੈਨਕੂਵਰ ਵਿੱਚ ਪੰਜਾਬ ਯੂਨੀਵਰਸਿਟੀ ਅਲੂਮਨੀ ਸਾਲਾਨਾ ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਅਕਤੂਬਰ 2024 ਵਿੱਚ ਕੈਲੀਫੋਰਨੀਆ ਵਿੱਚ ਯੂਐਸ ਯੂਨੀਵਰਸਿਟੀਆਂ ਦੇ ਦੌਰੇ ਦੇ ਨਾਲ-ਨਾਲ ਦੁਵੱਲੇ ਸਬੰਧਾਂ ਅਤੇ ਵਿਦਿਆਰਥੀਆਂ ਦੇ ਆਦਾਨ-ਪ੍ਰਦਾਨ ਨੂੰ ਪਾਥ ਵੇ ਕੋਰਸ ਵਜੋਂ ਉਤਸ਼ਾਹਤ ਕੀਤਾ।ਇੰਨ੍ਹਾਂ ਨੂੰ ਪਿਛਲੇ 40 ਸਾਲਾਂ ਦੇ ਸ਼ਾਨਦਾਰ ਕਰੀਅਰ ਵਿੱਚ ਕਈ ਗਲੋਬਲ ਅਤੇ ਰਾਸ਼ਟਰੀ ਪੁਰਸਕਾਰਾਂ ਅਤੇ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ।
ਭਾਵੇਂ ਉਨ੍ਹਾਂ ਦਾ ਖੇਤਰ ਕੈਮਿਸਟਰੀ ਦਾ ਹੈ ਪਰ ਫਿਰ ਵੀ ਉਹ ਬਹੁ ਦਿਸ਼ਾਵੀ ਸੂਝ ਅਤੇ ਨਜ਼ਰੀਆ ਰੱਖਦੇ ਹਨ । ਉਹ ਸਾਹਿਤ ਦੇ ਗੰਭੀਰ ਪਾਠਕ ਹਨ । ਉਹ ਅਕਸਰ ਹੀ ਆਪਣੀ ਵਿਆਪਕ ਸੂਝ ਸਦਕਾ ਸਮਾਜਕ , ਸਭਿਆਚਾਰਕ ਅਤੇ ਮਨੁੱਖੀ ਹੱਕਾਂ ਦੇ ਉਭਰ ਰਹੇ ਮਸਲਿਆਂ ਉੱਤੇ ਖੁੱਲ੍ਹ ਕੇ ਬੋਲਦੇ ਆ ਰਹੇ ਹਨ। ਉਹ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਹਿਤੈਸ਼ੀ ਹਨ। ਉਹ ਆਪਣੀ ਮਾਂ ਬੋਲੀ ਪੰਜਾਬੀ ਅਤੇ ਆਪਣੇ ਵਿਰਾਸਤੀ ਸਭਿਆਚਾਰ ਉੱਤੇ ਬੜਾ ਫ਼ਖਰ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਭਾਸ਼ਨਾਂ ਅੰਦਰ ਪੰਜਾਬ ਦੇ ਖਿੰਡ ਜਾਣ ਦਾ ਦਰਦ ਅਕਸਰ ਹੀ ਬੋਲਦਾ ਹੈ। ਇਸ ਵੱਡੇ ਰੁਤਬੇ ਉੱਤੇ ਪਹੁੰਚ ਕੇ ਵੀ ਉਹ ਆਪਣੇ ਦੋਸਤਾਂ ਵਿੱਚ ਅਕਸਰ ਵਿਚਰਦੇ ਵੇਖੇ ਜਾ ਸਕਦੇ। ਉਹ ਦੁੱਖ਼ ਅਤੇ ਸੁੱਖ ਵਿੱਚ ਸੰਗੀ ਰਹਿੰਦੇ ਹਨ। ਉਹ ਬਹੁਤ ਹੀ ਸ਼ਾਂਤ ਸੁਭਾਅ ਦੇ ਮਾਲਕ ਹਨ ਅਤੇ ਹਰ ਮਸਲੇ ਨੂੰ ਆਪਣੇ ਤਰੀਕੇ ਨਾਲ ਹੱਲ ਕਰਨਾ ਜਾਣਦੇ ਹਨ। ਅਜਿਹੀ ਕਲਾ ਕਿਸੇ ਕਿਸੇ ਨੂੰ ਹੀ ਨਸੀਬ ਹੁੰਦੀ ਹੈ। ਇਸੇ ਕਰਕੇ ਉਹ ਕੁਸ਼ਲ ਅਤੇ ਸਫ਼ਲ ਪ੍ਰਸ਼ਾਸਕ ਸਿੱਧ ਹੋਏ ਹਨ। ਉਹ ਟੇਢੇ ਤੋਂ ਟੇਢੇ ਮਸਲੇ ਨੂੰ ਆਪਣੀਆਂ ਸ਼ਰਤਾਂ ਉੱਤੇ ਹੱਲ ਕਰਨ ਦੀ ਕੁਸ਼ਲਤਾ ਰੱਖਦੇ ਹਨ। ਉਨ੍ਹਾਂ ਨੂੰ 15, ਅਗਸਤ 2024 ਨੂੰ ਪੰਜਾਬ ਦੇ ਵਿਦਿਆ ਮੰਤਰੀ ਵੱਲੋਂ ਵਿਦਿਅਕ ਖੇਤਰ ਵਿਚ ਉਨ੍ਹਾਂ ਵੱਲੋ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ । ਅਮਰੀਕਾ ਤੋਂ ਨਿਕਲਦੇ ਬਿਜਨੈਸ ਟਾਕਸ ਮੈਗਜ਼ੀਨ ਨੇ ਆਪਣੇ ਨਵੇਂ ਅਕਤੂਬਰ 2024 ਮਹੀਨੇ ਦੇ ਅੰਕ ਵਿੱਚ ਉਨ੍ਹਾਂ ਦੀ ਟਾਈਟਲ ਪੇਜ ‘ਤੇ ਬਤੌਰ ‘ਟੌਪ ਇੰਡੀਆ ਆਈਕੌਨ’ ਫੋਟੋ ਲਾ ਕੇ ਉਨ੍ਹਾਂ ਦੀਆਂ ਸੇਵਾਵਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ।
ਪ੍ਰੋ.ਪਰਵਿੰਦਰ ਸਿੰਘ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਭਵਜੋਤ ਕੌਰ ਤੋਂ ਇਲਾਵਾ ਦੋ ਬੇਟੀਆਂ ਡਾਕਟਰ ਗੁਰਜੀਤ ਕੌਰ ਅਤੇ ਡਾਕਟਰ ਜੈਸਮੀਨ ਕੌਰ ਅਤੇ ਇੱਕ ਬੇਟਾ ਗੁਰਕੀਰਤ ਸਿੰਘ ਹੈ। ਦੋਵੇਂ ਬੇਟੀਆਂ ਵਿਆਹੀਆਂ ਵਰੀਆਂ ਪ੍ਰੋਫੈਸਰ ਦੀ ਪੋਸਟ ਉੱਤੇ ਹਨ। ਗੁਰਕੀਰਤ ਸਿੰਘ ਕੈਪੀਲਾਨੋ ਯੂਨੀਵਰਸਿਟੀ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਖੇ ਉੱਚ ਵਿੱਦਿਆ ਹਾਸਲ ਕਰ ਰਿਹਾ ਹੈ। ਉਹ ਪਿਛਲੇ ਤਿੰਨ ਸਾਲਾਂ ਤੋਂ ਗੁਰਵਿੰਦਰ ਸਿੰਘ ਬਾਹਰਾ ਦੀ ਚੇਅਰਮੈਨਸ਼ਿਪ ਹੇਠ ਬਤੌਰ ਵੀ. ਸੀ. ਰਾਇਤ ਬਾਹਰਾ ਯੂਨੀਵਰਸਿਟੀ ਕਾਰਜਸ਼ੀਲ ਹਨ ਅਤੇ ਇਸ ਯੂਨੀਵਰਸਿਟੀ ਨੂੰ ਹੋਰ ਉਚਾਈ ‘ਤੇ ਲਿਜਾਣ ਲਈ ਦਿਨ ਰਾਤ ਮਿਹਨਤ ਕਰਦੇ ਵੇਖੇ ਜਾ ਸਕਦੇ ਹਨ। ਸ਼ਾਲਾ! ਉਹ ਇਵੇਂ ਹੀ ਹੋਰ ਤਰੱਕੀਆਂ ਕਰਦੇ ਰਹਿਣ।
ਡਾ. ਮੇਹਰ ਮਾਣਕ
9041113193