ਜੰਮੂ (ਸਮਾਜ ਵੀਕਲੀ): ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਔਰਤਾਂ ਦੇ ਸਿਆਸੀ ਸ਼ਕਤੀਕਰਨ, ਨੀਤੀ ਯੋਜਨਾਬੰਦੀ ਅਤੇ ਫੈਸਲੇ ਲੈਣ ਵਿਚ ਉਨ੍ਹਾਂ ਦੀ ਵੱਡੀ ਭੂਮਿਕਾ ’ਤੇ ਜ਼ੋਰ ਦਿੰਦੇ ਹੋਏ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਮੇਸ਼ਾ ਤੋਂ ਲਿੰਗ ਸਮਾਨਤਾ ਅਤੇ ਨੀਤੀ ਯੋਜਨਾਬੰਦੀ ਤੇ ਫੈਸਲੇ ਲੈਣ ਵਿਚ ਔਰਤਾਂ ਦੀ ਵੱਡੀ ਭੂਮਿਕਾ ਦੀ ਲੋੜ ’ਤੇ ਜ਼ੋਰ ਦਿੰਦੀ ਰਹੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਵਿਆਪਕ, ਨਿਰਪੱਖ ਅਤੇ ਸਥਿਰ ਵਿਕਾਸ ਲਈ ਨੀਤੀ ਯੋਜਨਾਬੰਦੀ ਤੇ ਫੈਸਲੇ ਲੈਣ ਵਿਚ ਔਰਤਾਂ ਦੀ ਸ਼ੂਮਲੀਅਤ ਜ਼ਰੂਰੀ ਹੈ, ਜੋ ਕਿ ਅਖ਼ੀਰ ਸਮਾਜ ਨੂੰ ਇਕਸੁਰ ਵਿਕਾਸ ਵੱਲ ਲੈ ਕੇ ਜਾਵੇਗੀ।’’ ਇੱਥੇ ਇਕ ਸਮਾਰੋਹ ਵਿਚ ਪਾਰਟੀ ਦੇ ਨਵੇਂ ਗਠਿਤ ਕੀਤੇ ਗਏ ਪ੍ਰਾਂਤ ਦੇ ਮਹਿਲਾ ਵਿੰਗ ਨਾਲ ਗੱਲਬਾਤ ਦੌਰਾਨ ਸ੍ਰੀ ਅਬਦੁੱਲਾ ਨੇ ਉਨ੍ਹਾਂ ਦੀ ਪਾਰਟੀ ਵੱਲੋਂ ਸਾਲਾਂ ਤੋਂ ਮਹਿਲਾ ਸ਼ਕਤੀਕਰਨ ਅਤੇ ਮਹਿਲਾ ਮੁਕਤੀ ਲਈ ਕੀਤੇ ਗਏ ਉਪਰਾਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਅੰਦਰ ਲੀਡਰਸ਼ਿਪ ਦੀ ਭੂਮਿਕਾ ਨੂੰ ਬੜ੍ਹਾਵਾ ਦੇਣ ਲਈ ਇਹ ਜ਼ਰੂਰੀ ਹੈ।
ਇਸ ਮੌਕੇ ਵਿੰਗ ਦੀ ਪ੍ਰਾਂਤ ਪ੍ਰਧਾਨ ਸਤਵੰਤ ਕੌਰ ਡੋਗਰਾ ਵੱਲੋਂ ਇਕਾਈ ਦੇ ਨਵੇਂ ਅਹੁਦੇਦਾਰਾਂ ਨਾਲ ਜਾਣ-ਪਛਾਣ ਕਰਵਾਈ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly