ਐਸ.ਏ.ਐਸ. ਨਗਰ (ਮੁਹਾਲੀ) (ਸਮਾਜ ਵੀਕਲੀ): ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਕਦਮ ਪਿੱਛੇ ਹਟਦਿਆਂ ਪੰਜਾਬ ਦੇ ਮੁੱਖ ਮੰਤਰੀ ਚਿਹਰੇ ਦਾ ਫੈਸਲਾ ਲੋਕਾਂ ’ਤੇ ਸੁੱਟ ਦਿੱਤਾ ਹੈ। ਇਸ ਤੋਂ ਸਾਫ਼ ਹੈ ਕਿ ਪਾਰਟੀ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ਬਾਰੇ ਜੱਕੋਤੱਕੀ ਵਿੱਚ ਹੈ। ਬੀਤੇ ਦਿਨੀਂ ਕੇਜਰੀਵਾਲ ਨੇ ਕਿਹਾ ਸੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਅਗਲੇ ਹਫ਼ਤੇ ਕਰ ਦਿੱਤਾ ਜਾਵੇਗਾ। ਆਪਣੀ ਪੰਜਾਬ ਫੇਰੀ ਦੇ ਦੂਜੇ ਦਿਨ ਅੱਜ ਇਥੇ ਮੁਹਾਲੀ ਕਲੱਬ ’ਚ ਪੱਤਰਕਾਰ ਸੰਮੇਲਨ ਦੌਰਾਨ ਉਨ੍ਹਾਂ ਮੁੱਖ ਮੰਤਰੀ ਚਿਹਰੇ ਦੀ ਗੇਂਦ ਪੰਜਾਬ ਦੇ ਲੋਕਾਂ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ।
ਕੇਜਰੀਵਾਲ ਨੇ ਕਿਹਾ ਕਿ ਉਹ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਚਾਹੁੰਦਾ ਸਨ ਪਰ ਮਾਨ ਨੇ ਖ਼ੁਦ ਕਹਿ ਦਿੱਤਾ ਕਿ ਲੋਕ ਜਿਸ ਨੂੰ ਚਾਹੁਣਗੇ, ਉਸ ਆਗੂ ਨੂੰ ਹੀ ਮੁੱਖ ਮੰਤਰੀ ਦਾ ਉਮੀਦਵਾਰ ਘੋਸ਼ਿਤ ਕੀਤਾ ਜਾਵੇ। ਇਸ ਮਗਰੋਂ ਪਾਰਟੀ ਨੇ ਇੱਕ ਨੰਬਰ (7074870748) ਜਾਰੀ ਕਰਕੇ ਪੰਜਾਬ ਦੇ ਲੋਕਾਂ ਤੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਰਾਇ ਮੰਗੀ ਹੈ। ਇਹ ਨੰਬਰ 17 ਜਨਵਰੀ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਨੰਬਰ ’ਤੇ ਆਏ ਸੁਝਾਵਾਂ ਤੋਂ ਬਾਅਦ ‘ਆਪ’ ਦਾ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਵੇਗਾ। ਉਂਜ ਕੇਜਰੀਵਾਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਦੌੜ ਤੋਂ ਬਾਹਰ ਹਨ।
ਕੇਜਰੀਵਾਲ ਨੇ ਕਿਹਾ ‘‘ਭਗਵੰਤ ਮਾਨ ਮੇਰਾ ਛੋਟਾ ਭਰਾ ਹੈ ਅਤੇ ਸਭ ਤੋਂ ਵੱਡਾ ਆਗੂ ਹੈ। ਮੈਂ ਸੋਚਿਆ ਉਨ੍ਹਾਂ (ਭਗਵੰਤ ਮਾਨ) ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨ ਦੇਵਾਂ ਪਰ ਮਾਨ ਨੇ ਖ਼ੁਦ ਕਿਹਾ ਕਿ ਉਨ੍ਹਾਂ ਦੇ ਨਾਂ ਦੇ ਐਲਾਨ ਤੋਂ ਪਹਿਲਾਂ ਜਨਤਾ ਦੀ ਰਾਏ ਪੁੱਛੀ ਜਾਵੇ। ਅਜਿਹਾ ਕਰਨ ਨਾਲ ਬੰਦ ਕਮਰੇ ਵਿੱਚ ਬੈਠ ਕੇ ਫੈਸਲੇ ਲੈਣ ਦੇ ਕਲਚਰ ਨੂੰ ਠੱਲ੍ਹ ਪਵੇਗੀ।’’ ਇਹ ਆਖਦਿਆਂ ਕੇਜਰੀਵਲ ਨੇ ਮਾਈਕ ਭਗਵੰਤ ਮਾਨ ਵੱਲ ਕਰ ਦਿੱਤਾ। ਮਾਨ ਨੇ ਉਨ੍ਹਾਂ ਉੱਤੇ ਭਰੋਸਾ ਪ੍ਰਗਟਾਉਣ ਲਈ ਕੇਜਰੀਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਬਰਦਸਤੀ ਲੋਕਾਂ ’ਤੇ ਮੁੱਖ ਮੰਤਰੀ ਨਾ ਥੋਪਿਆ ਜਾਵੇ, ਸਗੋਂ ਲੋਕਾਂ ਦੀ ਰਾਏ ਪੁੱਛੀ ਜਾਵੇ ਕਿ ਉਹ ਕਿਸ ਆਗੂ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਜਦੋਂ ਭਗਵੰਤ ਮਾਨ ਮੀਡੀਆ ਨਾਲ ਗੱਲ ਕਰ ਰਹੇ ਸਨ ਤਾਂ ਉਨ੍ਹਾਂ ਦੇ ਚਿਹਰੇ ਤੋਂ ਰੌਣਕ ਗਾਇਬ ਸੀ ਅਤੇ ਉਹ ਦੱਬੀ ਜ਼ੁਬਾਨ ਵਿੱਚ ਬੋਲਦੇ ਨਜ਼ਰ ਆਏ।
ਕੇਜਰੀਵਾਲ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿਆਸੀ ਪਾਰਟੀਆਂ ਮੁੱਖ ਮੰਤਰੀ ਲੋਕਾਂ ਉੱਤੇ ਥੋਪਦੇ ਆਏ ਹਨ ਪ੍ਰੰਤੂ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਲੋਕਾਂ ਤੋਂ ਰਾਏ ਪੁੱਛੀ ਜਾ ਰਹੀ ਹੈ। ਉਨ੍ਹਾਂ ਇਹ ਗੱਲ ਵੀ ਦਾਅਵੇ ਨਾਲ ਆਖੀ ਕਿ ਜੇਕਰ ਕੋਈ ਬਾਹਰੀ ਆਗੂ ਵੀ ਹੋਇਆ ਤਾਂ ਭਗਵੰਤ ਮਾਨ ਉਸ ਸ਼ਖ਼ਸੀਅਤ ਨੂੰ ਖ਼ੁਦ ਪੰਜਾਬ ਲੈ ਕੇ ਆਉਣਗੇ। ਉਨ੍ਹਾਂ ਪੰਜਾਬ ਵਿੱਚ 80 ਸੀਟਾਂ ਜਿੱਤਣ ਦਾ ਟੀਚਾ ਮਿੱਥਦਿਆਂ ਲੋਕਾਂ ਨੂੰ ਅਪੀਲ ਕੀਤੀ ਇੱਕ ਆਖ਼ਰੀ ਵਾਰ ਜ਼ੋਰਦਾਰ ਧੱਕਾ ਲਗਾ ਦਿਓ ਤਾਂ ਜੋ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਾਈ ਜਾ ਸਕੇ। ਕਿਸੇ ਪਾਰਟੀ ਜਾਂ ਜਥੇਬੰਦੀ ਨਾਲ ਗੱਠਜੋੜ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਸਾਰੀਆਂ ਹਮਖ਼ਿਆਲ ਧਿਰਾਂ ਅਤੇ ਪੰਜਾਬ ਹਿਤੈਸ਼ੀਆਂ ਨੂੰ ਇਕਜੁੱਟ ਹੋ ਕੇ ‘ਆਪ’ ਨੂੰ ਸਹਿਯੋਗ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ। ਪੰਜਾਬ ਸਮੇਤ ਦੇਸ਼ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕਦਿਆਂ ਕੇਜਰੀਵਾਲ ਨੇ ਕਿਹਾ ਕਿ ਅੱਜ ਨਾ ਦੇਸ਼ ਦਾ ਪ੍ਰਧਾਨ ਮੰਤਰੀ ਸੁਰੱਖਿਅਤ ਹੈ ਅਤੇ ਨਾ ਹੀ ਪੰਜਾਬ ਵਾਸੀ ਸੁਰੱਖਿਅਤ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly