ਜ਼ੀਰਾ (ਸਮਾਜ ਵੀਕਲੀ): ਬਲਾਕ ਜ਼ੀਰਾ ਦੇ ਪਿੰਡ ਮਸਤੇਵਾਲਾ ਵਿੱਚ ਅੱਜ ਕੁੱਝ ਵਿਅਕਤੀਆਂ ਨੇ ਪੁਰਾਣੀ ਰੰਜਿਸ਼ ਕਾਰਨ ਆਮ ਆਦਮੀ ਪਾਟਰਟੀ ਦੇ ਵਰਕਰ ਦਲਜੀਤ ਸਿੰਘ (34) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।
ਦਲਜੀਤ ਸਿੰਘ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਭਰਾ ਕਣਕ ਦੀ ਵਾਢੀ ਸਬੰਧੀ ਆਪਣੇ ਖੇਤ ਵਿੱਚ ਮੋਟਰਸਾਈਕਲ ’ਤੇ ਗੇੜਾ ਮਾਰਨ ਜਾ ਰਹੇ ਸਨ ਕਿ ਰਸਤੇ ਵਿੱਚ ਪਹਿਲਾਂ ਤੋਂ ਬੈਠੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਵਿਅਕਤੀਆਂ ਨੇ ਦਲਜੀਤ ਦੇ ਸਿਰ ਵਿੱਚ ਦੋ ਗੋਲੀਆਂ ਮਾਰੀਆਂ। ਗੁਰਪ੍ਰੀਤ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਪਿੰਡ ਵੱਲ ਭੱਜ ਲਿਆ। ਜਦੋਂ ਉਸ ਨੇ ਮੁੜ ਘਟਨਾ ਵਾਲੇ ਸਥਾਨ ’ਤੇ ਆ ਕੇ ਦੇਖਿਆ ਤਾਂ ਉਸ ਦੇ ਭਰਾ ਦਲਜੀਤ ਸਿੰਘ ਦੀ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਣ ਮਗਰੋਂ ਜ਼ੀਰਾ ਦੇ ਡੀਐੱਸਪੀ ਸੰਦੀਪ ਸਿੰਘ ਮੰਡ ਸਮੇਤ ਹੋਰ ਪੁਲੀਸ ਅਧਿਕਾਰੀਆਂ ਨੇ ਉੱਥੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਪੀੜਤ ਪਰਿਵਾਰ ਦੇ ਮੈਂਬਰਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੂਸਰੀ ਧਿਰ ਦਾ ਇਕ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ। ਉਸ ਦੀ ਲੱਤ ਵਿੱਚ ਗੋਲੀ ਦੇ ਛੱਰੇ ਲੱਗੇ ਹਨ। ਉਸ ਨੂੰ ਤੁਰੰਤ ਇਲਾਜ ਲਈ ਜ਼ੀਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲੀਸ ਦੇ ਸੀਨੀਅਰ ਅਧਿਕਾਰੀ ਜਾਂਚ ਵਿੱਚ ਜੁੱਟੇ ਹੋਏ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly