ਕਪੂਰਥਲਾ (ਕੌੜਾ ) – ਗਰੀਬ ਲੋਕਾਂ ਨੂੰ ਹੁਣ ਆਪਣੇ ਹਿੱਸੇ ਦਾ ਰਾਸ਼ਣ ਲੈਣ ਲਈ ਲੰਬੀਆਂ ਲਾਈਨਾਂ ਵਿੱਚ ਨਹੀਂ ਖਲੋਣਾ ਪਵੇਗਾ ਸਗੋਂ ਪੰਜਾਬ ਸਰਕਾਰ ਉਨ੍ਹਾਂ ਦੇ ਘਰ – ਘਰ ਰਾਸ਼ਣ ਪਹੁੰਚਾਵੇਗੀ। ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਵਲੋਂ ਕੀਤੇ ਇਸ ਐਲਾਨ ਨੂੰ ਇੱਕ ਇਨਕਲਾਬੀ ਕਦਮ ਦੱਸਦਿਆਂ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜਿਲ੍ਹਾ ਸੰਯੁਕਤ ਸਕੱਤਰ ਸ. ਤੇਜਪਾਲ ਸਿੰਘ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੀਆਂ ਸਾਰੀਆਂ ਸਰਕਾਰਾਂ ਨੇ ਗਰੀਬ ਲੋਕਾਂ ਨੂੰ ਮੁਫ਼ਤ ਜਾਂ ਸਸਤਾ ਰਾਸ਼ਣ ਦੇਣ ਲਈ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਕਰਕੇ ਉਨ੍ਹਾਂ ‘ਤੇ ਅਹਿਸਾਨ ਜਤਾਉਣ ਵਾਲਾ ਵਤੀਰਾ ਰੱਖਿਆ ਤੇ ਹਮੇਸ਼ਾਂ ਉਨ੍ਹਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚਾਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਉਨ੍ਹਾਂ ਗਰੀਬ ਲੋਕਾਂ ਨੂੰ ਸਨਮਾਨ ਸਹਿਤ ਸਾਫ ਸੁਥਰਾ ਰਾਸ਼ਣ ਉਨ੍ਹਾਂ ਦੇ ਦਰਵਾਜ਼ੇ ‘ਤੇ ਪਹੁੰਚਾਉਣ ਦਾ ਫੈਸਲਾ ਲੈ ਕੇ ਸਾਬਿਤ ਕਰ ਦਿੱਤਾ ਹੈ ਕਿ ਮੌਜੂਦਾ ਸਰਕਾਰ ਲੋਕਾਂ ਦੀ ਆਪਣੀ ਸਰਕਾਰ ਹੈ। ਸ. ਤੇਜਪਾਲ ਸਿੰਘ ਨੇ ਅੱਗੇ ਦੱਸਿਆ ਕਿ ਕੇਜਰੀਵਾਲ ਜੀ ਦੀ ਦਿੱਲੀ ਸਰਕਾਰ ਨੇ ਦਿੱਲੀ ਵਿੱਚ ਵੀ ਇਸ ਨੂੰ ਲਾਗੂ ਕਰਨ ਦੀ ਪੂਰੀ ਵਾਹ ਲਾਈ ਲੇਕਿਨ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਨੇ ਇਸਨੂੰ ਲਾਗੂ ਨਹੀਂ ਹੋਣ ਦਿੱਤਾ।
ਆਪ ਆਗੂ ਨੇ ਕਿਹਾ ਕਿ ਸਾਬਕਾ ਵਿਧਾਇਕਾਂ ਦੀਆਂ ਇੱਕ ਤੋਂ ਵਾਧੂ ਪੈਨਸ਼ਨਾਂ ਬੰਦ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦਾ ਕੁੱਝ ਸਾਬਕਾ ਵਿਧਾਇਕਾਂ ਵਲੋਂ ਇਹ ਕਹਿ ਕੇ ਵਿਰੋਧ ਕਰਨਾ ਕਿ “75000 ਰੁਪਏ ਨਾਲ ਸਾਡਾ ਘਰ ਨਹੀਂ ਚਲ ਸਕਦਾ” ਇਹ ਸਾਬਿਤ ਕਰਦਾ ਹੈ ਕਿ ਇਨ੍ਹਾਂ ਵਿਧਾਇਕਾਂ ਨੂੰ ਸਿਰਫ ਆਪਣੀ ਹੀ ਚਿੰਤਾ ਹੈ। 15000 ਰੁਪਏ ‘ਤੇ ਭਰਤੀ ਕੀਤੇ ਕੱਚੇ ਮੁਲਾਜ਼ਿਮ ਜਾਂ 5000 – 7000 ਰੁਪਏ ਮਹੀਨਾ ‘ਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਆਪਣਾ ਘਰ ਕਿਵੇਂ ਚਲਾਉਂਦੇ ਹੋਣਗੇ ਇਸ ਬਾਰੇ ਇਨ੍ਹਾਂ ਵਿਧਾਇਕਾਂ ਨੇ ਕਦੇ ਕੋਈ ਚਿੰਤਾ ਜ਼ਾਹਿਰ ਨਹੀਂ ਕੀਤੀ। ਤੇਜਪਾਲ ਸਿੰਘ ਨੇ ਪੰਜਾਬ ਦੇ ਲੋਕਾਂ ਦੀ “ਆਪ” ਦੀ ਸਰਕਾਰ ਲਿਆਉਣ ਲਈ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਵਿੱਚ ਆਈ ਇਹ ਜਾਗ੍ਰਿਤੀ ਪੰਜਾਬ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਮੁੱਖ ਭੂਮਿਕਾ ਨਿਭਾਏਗੀ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly