ਪੰਜਾਬ ਲਈ ਖਤਰਾ ਸਾਬਤ ਹੋ ਸਕਦੀ ਹੈ ‘ਆਪ’: ਗਹਿਲੋਤ

ਲੁਧਿਆਣਾ (ਸਮਾਜ ਵੀਕਲੀ):  ਪੰਜਾਬ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਦੇ ਮੱਦੇਨਜ਼ਰ ਅੱਜ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਲਕਾ ਕੇਂਦਰੀ ’ਚ ਵਿਧਾਇਕ ਸੁਰਿੰਦਰ ਡਾਬਰ ਦੇ ਹੱਕ ’ਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਰਾਜਸਥਾਨ ਦੇ ਦੋ ਕੈਬਨਿਟ ਮੰਤਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਹੋਰ ਮੌਕਾ ਦਿੱਤਾ ਤਾਂ ਉਹ ਪੰਜਾਬ ’ਚ ਵਿਕਾਸ ਕਰਵਾ ਕੇ ਪੰਜਾਬ ਦਾ ਨਕਸ਼ਾ ਹੀ ਬਦਲ ਦੇਣਗੇ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਲਈ ਖਤਰਾ ਬਣ ਸਕਦੀ ਹੈ। ਪੰਜਾਬ ਇੱਕ ਸਰਹੱਦੀ ਸੂਬਾ ਹੈ ਜਿਸ ਦੀ ਜ਼ਿੰਮੇਵਾਰੀ ‘ਆਪ’ ਨਹੀਂ ਚੱਕ ਸਕੇਗੀ।

ਸ੍ਰੀ ਗਹਿਲੋਤ ਨੇ ਕਿਹਾ ਕਿ ਕਾਂਗਰਸ ਨੇ ਇੱਕ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਬਣਾ ਕੇ ਦੇਸ਼ ’ਚ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਗਰੀਬ ਪਰਿਵਾਰ ਤੇ ਦਲਿਤ ਭਾਈਚਾਰੇ ਨਾਲ ਸਬੰਧਤ ਹਨ, ਪਰ 111 ਦਿਨਾਂ ’ਚ ਪੰਜਾਬ ਤੇ ਪੰਜਾਬ ਦੇ ਵਸਨੀਕਾਂ ਲਈ ਉਨ੍ਹਾਂ ਕਾਫ਼ੀ ਚੰਗਾ ਕੰਮ ਕੀਤਾ ਹੈ। ਹੁਣ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇੱਕ ਹੋਰ ਮੌਕਾ ਦੇ ਕੇ ਇਨ੍ਹਾ ਵਿਕਾਸ ਕਾਰਜਾਂ ਨੂੰ ਪੂਰਾ ਹੁੰਦਾ ਵੇਖਣ।

ਇਸ ਮੌਕੇ ਉਨ੍ਹਾਂ ‘ਆਪ’ ਤੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪਿਛਲੀ ਵਾਰ ਵੀ ਰੌਲਾ ਸੀ ਕਿ ਪੰਜਾਬ ’ਚ ’ਆਪ’ ਦੀ ਸਰਕਾਰ ਬਣੇਗੀ, ਪਰ ਲੋਕਾਂ ਨੇ ਫ਼ਤਵਾ ਕਾਂਗਰਸ ਦੇ ਹੱਕ ’ਚ ਦਿੱਤਾ। ਹੁਣ ਭਾਜਪਾ ਏਜੰਸੀਆਂ ਰਾਹੀਂ ਪੰਜਾਬ ’ਚ ਚੋਣਾਂ ਜਿੱਤਣਾ ਚਾਹੁੰਦੀ ਹੈ, ਪਰ ਪੰਜਾਬ ਦੇ ਲੋਕ ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਝੂਠੀਆਂ ਹਨ ਤੇ ਜੇਕਰ ਪੰਜਾਬ ’ਚ ਕੋਈ ਵਿਕਾਸ ਕਰ ਸਕਦਾ ਹੈ ਤਾਂ ਉਹ ਕਾਂਗਰਸ ਪਾਰਟੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿੱਲੀ ਦੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ: ਹਰਸਿਮਰਤ
Next articleComplaint filed against Arvind Kejriwal for alleged sedition