40 ਉਮੀਦਵਾਰਾਂ ਨੂੰ ਦਲ ਬਦਲੂ ਕਰਕੇ ਪਾਰਟੀ ਨੇ ਟਿਕਟਾਂ ਵੰਡੀਆਂ, ਵਰਕਰਾਂ ਵਿੱਚ ਰੋਸ
ਕਪੂਰਥਲਾ ( ਕੌੜਾ ) – ਪੰਜਾਬ ਵਿੱਚ ਸੱਤਾ ਹਾਸਲ ਕਰਨ ਦਾ ਸੁਪਨਾ ਲੈ ਰਹੀ ਆਮ ਆਦਮੀ ਪਾਰਟੀ ਦੀ ਟਿਕਟ ਵੰਡ ਕਰਨ ਸਮੇਂ ਪਈ ਆਪੋ ਧਾਪੀ, ਪੈਸਿਆਂ ਦੇ ਲੈਣ ਦੇਣ ਦੇ ਲੱਗੇ ਦੋਸ਼ਾਂ ਵਿਚ ਬਿੱਲੀ ਥੈਲੇ ਚੋਂ ਬਾਹਰ ਆ ਗਈ ਹੈ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਜੋ ਪਾਰਟੀ ਸੂਬੇ ਦੀਆਂ 117 ਸੀਟਾਂ ਤੇ ਅਾਪਣੇ ੳੁਮੀਦਵਾਰ ਖਡ਼੍ਹੇ ਕਰਨ ਵਿੱਚ ਅਸਫਲ ਰਹੀ ਹੋਵੇ ਉਸ ਪਾਰਟੀ ਤੋਂ ਪੰਜਾਬ ਦੇ ਲੋਕ ਕੀ ਆਸ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਜੋ 117 ਸੀਟਾਂ ਦੀ ਸੂਚੀ ਜਾਰੀ ਕੀਤੀ ਹੈ ਉਨ੍ਹਾਂ ਵਿਚ ਕਰੀਬ 40 ਉਮੀਦਵਾਰ ਉਹ ਹਨ ਜਿਨ੍ਹਾਂ ਨੂੰ ਅਕਾਲੀ ਦਲ ਜਾਂ ਕਾਂਗਰਸ ਪਾਰਟੀ ਛੱਡਣ ਤੇ ਟਿਕਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਰਕਰਾਂ ਤੇ ਆਗੂਆਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਕਰਕੇ ਪਾਰਟੀ ਨੂੰ ਖੜ੍ਹਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਵਰਕਰਾਂ ਨੂੰ ਦਰ ਕਿਨਾਰ ਕਰ ਕੇ ਜੋ ਕਥਿਤ ਤੌਰ ਤੇ ਪੈਸਿਆਂ ਦੇ ਜ਼ੋਰ ਤੇ ਟਿਕਟਾਂ ਦਿੱਤੀਆਂ ਹਨ ਉਸ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਬੇਹੱਦ ਰੋਸ ਪਾਇਆ ਜਾ ਰਿਹਾ ਹੈ। ਬੀਤੇ ਦਿਨ ਜਲੰਧਰ ਵਿਖੇ ਟਿਕਟਾਂ ਦੀ ਵੰਡ ਮੌਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਰਾਘਵ ਚੱਢਾ ਨਾਲ ਵਾਪਰਿਆ ਹੈ ਉਸ ਨਾਲ ਜੱਗ ਜ਼ਾਹਰ ਹੋ ਗਿਆ ਹੈ ਕਿ ਆਮ ਆਦਮੀ ਪਾਰਟੀ ਕਿਸੇ ਵੀ ਤਰ੍ਹਾਂ ਨਾਲ ਸੱਤਾ ਹਾਸਲ ਕਰਨਾ ਚਾਹੁੰਦੀ ਹੈ ਪ੍ਰੰਤੂ ਆਪਣੇ ਮਕਸਦ ਵਿਚ ਕਦੇ ਵੀ ਕਾਮਯਾਬ ਨਹੀ ਹੋ ਪਾਵੇਗੀ। ਪਿਛਲੀਆਂ ਚੋਣਾਂ 2017 ਵਿੱਚ ਵੀ ਸੱਤਾ ਦਾ ਸੁਪਨਾ ਆਮ ਆਦਮੀ ਪਾਰਟੀ ਨੂੰ ਸੂਬੇ ਦੇ ਲੋਕਾਂ ਨੂੰ ਉਸ ਦੀ ਅਸਲੀਅਤ ਵਿਖਾ ਦਿੱਤੀ ਸੀ ਅਤੇ ਇਸ ਵਾਰ ਵੀ ਅਜਿਹਾ ਹੀ ਹੋਵੇਗਾ। ਸੀ ਵੋਟਰ ਸਰਵੇ ਵਿਚ ਆਮ ਆਦਮੀ ਪਾਰਟੀ ਨੂੰ ਅੱਗੇ ਵਿਖਾਉਣ ਦੇ ਬਾਰੇ ਪੁੱਛੇ ਗਏ ਸਵਾਲ ਤੇ ਵਿਧਾਇਕ ਚੀਮਾ ਨੇ ਕਿਹਾ ਕਿ 2017 ਵਿੱਚ ਵੀ ਸੀ ਸਰਵੇ ਨੇ ਆਮ ਆਦਮੀ ਪਾਰਟੀ 90 ਤੋਂ 100 ਸੀਟਾਂ ਦਿੱਤੀਆਂ ਸਨ ਪ੍ਰੰਤੂ ਚੋਣ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੇ ਦਿਮਾਗ ਦੀ ਹਵਾ ਕੱਢ ਦਿੱਤੀ ਅਤੇ ਇਹ ਪਾਰਟੀ ਸਿਰਫ 20 ਸੀਟਾਂ ਤੇ ਸਿਮਟ ਕੇ ਰਹਿ ਗਈ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੋਲ ਕੋਈ ਵੀ ਅਜਿਹਾ ਚਿਹਰਾ ਨਹੀਂ ਜੋ ਸੂਬੇ ਦੀ ਅਗਵਾਈ ਕਰਨ ਦੇ ਯੋਗ ਹੋਵੇ।
ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਬਣਾਉਣ ਦੇ ਬਾਰੇ ਪੁੱਛੇ ਗਏ ਸਵਾਲ ਤੇ ਉਨ੍ਹਾਂ ਕਿਹਾ ਕਿ ਜੋ ਹਮੇਸ਼ਾਂ ਚੁਟਕਲੇ, ਸ਼ਗੂਫੇ ਛੱਡ ਕੇ ਲੋਕਾਂ ਨੂੰ ਹਸਾਉਂਦਾ ਹੋਵੇ ਉਹ ਸੂਬੇ ਦੇ ਲੋਕਾਂ ਨੂੰ ਕਿਵੇਂ ਮਜ਼ਬੂਤ ਸਰਕਾਰ ਦੇਵੇਗਾ। ਉਨ੍ਹਾਂ ਕਿਹਾ ਕਿ ਅੱਜ ਲੋਕ ਮੁੱਖ ਮੰਤਰੀ ਚੰਨੀ ਦੀ ਸਰਕਾਰ ਦੀ 111 ਦਿਨਾਂ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ ਅਤੇ ਪੰਜਾਬ ਦੇ ਹਿੱਤ ਲਈ ਹਰੇਕ ਵਰਗ ਲਈ ਜੋ ਫੈਸਲੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਲਏ ਹਨ ਉਨ੍ਹਾਂ ਨੂੰ ਪੂਰਾ ਕਰਕੇ ਵੀ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਖ਼ੂਬਸੂਰਤੀ ਹੈ ਕਿ ਉਨ੍ਹਾਂ ਨੇ ਪੰਜਾਬੀ ਸੂਬੇ ਨੂੰ ਚਰਨਜੀਤ ਚੰਨੀ ਦੇ ਰੂਪ ਵਿੱਚ ਪਹਿਲਾ ਦਲਿਤ ਮੁੱਖ ਮੰਤਰੀ ਦਿੱਤਾ ਹੈ ਜੋ ਕਿ ਆਪਣੇ ਕਾਰਜਕਾਲ ਦੌਰਾਨ ਨਾ ਹੀ ਠੀਕ ਢੰਗ ਨਾਲ ਆਪ ਸੁੱਤਾ ਅਤੇ ਨਾ ਹੀ ਪ੍ਰਸ਼ਾਸਨ ਅਤੇ ਅਧਿਕਾਰੀਆਂ ਨੂੰ ਸੌਂਣ ਦਿੱਤਾ। ਉਨ੍ਹਾਂ ਕਿਹਾ ਕਿ ਪੈਟਰੋਲ ਡੀਜ਼ਲ ਦੇ ਭਾਅ ਘਟਾਉਣੇ, ਬਿਜਲੀ ਦੇ ਬਿੱਲਾਂ ਦੇ ਘਟੇ ਰੇਟ, ਰੇਤਾ ਬਜਰੀ ਦੇ ਘਟਾਏ ਰੇਟ, ਮਹਿਲਾਵਾਂ ਨੂੰ ਪੰਜਾਬ ਵਿੱਚ ਮੁਫ਼ਤ ਬੱਸ ਯਾਤਰਾ, ਬਜ਼ੁਰਗ ਵਿਧਵਾ ਅਤੇ ਅੰਗਹੀਣ ਪੈਨਸ਼ਨ ਵਿੱਚ ਵਾਧਾ, 36 ਹਜ਼ਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨਾ, ਆਂਗਣਵਾੜੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਆਦਿ ਅਜਿਹੇ ਕਾਰਜ ਸਿਰਫ਼ ਕਾਂਗਰਸ ਸਰਕਾਰ ਨੇ ਹੀ ਪੂਰੇ ਕੀਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਪੰਜਾਬੀ ਵਿਕਾਸ ਦੀ ਚੱਲਦੀ ਲਹਿਰ ਨੂੰ ਹੋਰ ਰਫ਼ਤਾਰ ਦੇਣ ਲਈ ਆਪਣਾ ਵਡਮੁੱਲਾ ਸਹਿਯੋਗ ਵੋਟਾਂ ਦੇ ਰੂਪ ਵਿੱਚ ਕਾਂਗਰਸ ਨੂੰ ਪਾ ਕੇ ਪਾਰਟੀ ਨੂੰ ਸਭ ਤੋਂ ਵੱਡੀ ਜਿੱਤ ਦੇਣ ਲਈ ਕਾਹਲੇ ਹਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਚੇਅਰਮੈਨ ਪਰਵਿੰਦਰ ਪੱਪਾ, ਚੇਅਰਮੈਨ ਤੇਜਵੰਤ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਮੋਗਲਾ, ਮੀਤ ਪ੍ਰਧਾਨ ਨਵਨੀਤ ਚੀਮਾ ਆਦਿ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly