ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਨੂੰ ਨੱਥ ਪਾਈ ਜਾਵੇ – ਕਰਮਜੀਤ ਸਿੰਘ
ਕਪੂਰਥਲਾ (ਸਮਾਜ ਵੀਕਲੀ) (ਕੌੜਾ) – ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਜਿਲ੍ਹਾ ਕਪੂਰਥਲਾ ਦਾ ਇਕ ਪ੍ਰਤੀਨਿਧੀ ਮੰਡਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕੌੜਾ ਦੀ ਅਗਵਾਈ ਹੇਠ ਐਸ ਡੀ ਐਮ ਕਪੂਰਥਲਾ ਵਰਿੰਦਰਪਾਲ ਸਿੰਘ ਨੂੰ ਮਿਲਿਆ । ਇਸ ਦੌਰਾਨ ਪ੍ਰਤੀਨਿਧੀ ਮੰਡਲ ਨੇ ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਬੇਕਾਬੂ ਕੀਮਤਾਂ ਨੂੰ ਘਟਾਉਣ ਲਈ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਦੇ ਨਾਂ ਮੰਗ ਪੱਤਰ ਸੌਂਪਿਆ।
ਇਸ ਮੰਗ ਪੱਤਰ ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਡੀਜ਼ਲ ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਨੇ ਅੱਜ ਹਰ ਵਰਗ ਦੇ ਨਾਗਰਿਕਾਂ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਇਸ ਲਈ ਪੈਟਰੋਲੀਅਮ ਪਦਾਰਥਾਂ ਦੀਆਂ ਬੇਕਾਬੂ ਕੀਮਤਾਂ ਤੇ ਕਾਬੂ ਪਾਇਆ ਜਾਵੇ । ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕੌੜਾ ਨੇ ਇਸ ਸਬੰਧੀ ਦੱਸਿਆ ਕਿ ਅੱਜ ਹਾਲਾਤ ਇਹ ਹਨ ਕਿ ਪੈਟਰੋਲ 100 ਰੁਪਏ ਤੇ ਡੀਜ਼ਲ 90 ਰੁਪਏ ਪ੍ਰਤੀ ਲੀਟਰ ਤੋਂ ਵੀ ਟੱਪ ਚੁੱਕਾ ਹੈ ਉਨ੍ਹਾਂ ਕਿਹਾ ਕਿ ਕੌਮਾਂਤਰੀ ਮਾਰਕੀਟ ਵਿੱਚ ਕੀਮਤਾਂ ਵਧਣ ਦਾ ਬੋਝ ਤਾਂ ਤੁਰੰਤ ਖਪਤਕਾਰਾਂ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ। ਪਰ ਕੀਮਤਾਂ ਘਟਣ ਤੇ ਖ਼ਪਤਕਾਰਾਂ ਨੂੰ ਲਾਭ ਨਹੀਂ ਦਿੱਤਾ ਜਾਂਦਾ।
ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਆਬਕਾਰੀ ਡਿਊਟੀ ਵੀ ਪੈਟਰੋਲ ਤੇ 32.90 ਤੇ ਡੀਜ਼ਲ ਉੱਤੇ 31.80 ਰੁਪਏ ਹੋ ਚੁੱਕੀ ਹੈ। ਆਮ ਜਨਤਾ ਤੇ ਪਾਏ ਗਏ ਬੋਝ ਦਾ ਕੋਈ ਫ਼ਾਇਦਾ ਨਹੀਂ । ਸਗੋਂ ਨੁਕਸਾਨ ਹੀ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਿਲ ਹਰਜਿੰਦਰ ਸਿੰਘ, ਮੁਹੰਮਦ ਰਫੀ, ਗੁਰਸ਼ਰਨ ਕਪੂਰ, ਮਨਿੰਦਰ ਸਿੰਘ, ਜਗਜੀਤ ਸਿੰਘ, ਸਰੂਪ ਕੰਡਾ, ਰਾਜ ਕੁਮਾਰ ਆਦਿ ਨੇ ਡਿਪਟੀ ਕਮਿਸ਼ਨਰ ਦੇ ਨਾਂ ਮੰਗ ਪੱਤਰ ਸੌਂਪ ਕੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੈਟਰੋਲੀਅਮ ਪਦਾਰਥਾਂ ਦੀਆਂ ਵਧ ਰਹੀਆਂ ਕੀਮਤਾਂ ਤੇ ਠੱਲ੍ਹ ਪਾ ਕੇ ਲੋਕਾਂ ਨੂੰ ਮਹਿੰਗਾਈ ਦੀ ਪੈ ਰਹੀ ਵੱਡੀ ਮਾਰ ਤੋਂ ਬਚਾਇਆ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly