ਕੰਡੇ, ਮੁਸੀਬਤਾਂ ਅਤੇ ਰਾਹ ਦੇ ਰੋੜੇ ਸੱਚੇ ਸਾਥੀ

(ਸਮਾਜ ਵੀਕਲੀ)

ਆਪਣੇ ਨਜ਼ਰੀਏ ਨਾਲ

ਸੱਚੇ ਸਾਥੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਧੁਰ ਤੱਕ ਸਾਥ ਨਿਭਾਉਣ ਭਾਵ ਜੋ ਆਖਰੀ ਸਾਹ ਤੱਕ ਸਾਥ ਨਿਭਾਉਣ l

ਆਮ ਜਿੰਦਗੀ ਵਿੱਚ ਅਸੀਂ ਕੰਡਿਆਂ ਤੋਂ ਡਰਦੇ ਹਾਂ ਪਰ ਗੁਲਾਬ ਵਰਗੇ ਫੁੱਲਾਂ ਨਾਲ ਬਹੁਤ ਪਿਆਰ ਕਰਦੇ ਹਾਂ l ਇਥੇ ਸਚਾਈ ਇਹ ਵੀ ਹੈ ਕਿ ਜੇ ਤੁਸੀਂ ਗੁਲਾਬ ਦੇ ਫੁੱਲ ਚਾਹੁੰਦੇ ਹੋ ਤਾਂ ਤੁਹਾਨੂੰ ਗੁਲਾਬ ਦੇ ਕੰਡੇ ਵੀ ਕਬੂਲਣੇ ਪੈਣਗੇ l ਇਸ ਤੋਂ ਵੀ ਵੱਡੀ ਸਚਾਈ ਹੈ ਕਿ ਜਦੋਂ ਗੁਲਾਬ ਦੇ ਫੁੱਲ ਮੁੱਕ ਜਾਂਦੇ ਹਨ ਤਾਂ ਕੰਡੇ ਫਿਰ ਵੀ ਰਹਿੰਦੇ ਹਨ l ਇਸ ਦਾ ਭਾਵ ਹੈ ਕਿ ਮੁਸ਼ਕਲਾਂ ਜਾਂ ਮੁਸੀਬਤਾਂ ਤੋਂ ਡਰਨਾ ਨਹੀਂ ਚਾਹੀਦਾ l ਮੁਸ਼ਕਲਾਂ ਅਤੇ ਮੁਸੀਬਤਾਂ ਸਾਡੇ ਨਾਲ ਉਸ ਵੇਲੇ ਵੀ ਰਹਿੰਦੀਆਂ ਹਨ ਜਦੋਂ ਸੁਖ ਖਤਮ ਹੋ ਜਾਂਦੇ ਹਨ l

ਇਸੇ ਤਰਾਂ ਕਈ ਬੇਰੀਆਂ ਹਨ ਜਿਨ੍ਹਾਂ ਨੂੰ ਬਹੁਤ ਕੰਡੇ ਹੁੰਦੇ ਹਨ ਪਰ ਉਨ੍ਹਾਂ ਦਾ ਫਲ ਸਿਹਤ ਲਈ ਬਹੁਤ ਵਧੀਆ ਹੁੰਦਾ ਹੈ l ਬੇਰੀਆਂ ਵਿੱਚੋਂ ਫਲ ਤੋੜਨ ਵੇਲੇ ਹੱਥ ਕੰਡਿਆਂ ਨਾਲ ਛਿੱਲੇ ਜਾਂਦੇ ਹਨ l ਖਾਸ ਤੌਰ ਤੇ ਜਦੋਂ ਬੋਇਸਨਬੇਰੀ (Boysenberry) ਤੋੜਦੇ ਹਾਂ l ਇਸ ਤੋਂ ਸਾਫ ਜਾਹਰ ਹੈ ਕਿ ਜੇ ਇਸ ਨੂੰ ਖਾ ਕੇ ਸਿਹਤ ਤੰਦਰੁਸਤ ਰੱਖਣੀ ਹੈ ਤਾਂ ਕੰਡਿਆਂ ਨਾਲ ਯਾਰੀ ਪਾਉਣੀ ਪਵੇਗੀ l ਫਲ ਇਸ ਦੇ ਗੁਣਕਾਰੀ ਹਨ ਅਤੇ ਕੰਡੇ ਔਗੁਣਾਂ ਨਾਲ ਭਰੇ ਪਏ ਹਨ l ਕਈ ਵਾਰੀ ਗੁਣਾਂ ਦੀ ਪ੍ਰਾਪਤੀ ਲਈ ਔਗੁਣਾਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਜੋ ਸੌਖਾ ਨਹੀਂ ਹੁੰਦਾ ਪਰ ਜੋ ਕੁੱਝ ਸਾਨੂੰ ਸੌਖਾ ਮਿਲ ਜਾਵੇ ਉਸ ਦੀ ਅਸੀਂ ਕਦਰ ਵੀ ਨਹੀਂ ਪਾਉਂਦੇ l ਸੌਖੀਆਂ ਮਿਲੀਆਂ ਚੀਜ਼ਾਂ ਸਾਡੇ ਕੋਲੋਂ ਖੁੱਸ ਜਾਣ ਦਾ ਡਰ ਵੀ ਜਿਆਦਾ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਪ੍ਰਾਪਤੀ ਲਈ ਅਸੀਂ ਕੋਈ ਸੰਘਰਸ਼ ਨਹੀਂ ਕੀਤਾ ਹੁੰਦਾ l

ਇਸੇ ਤਰਾਂ ਜਿੰਦਗੀ ਦੀਆਂ ਹੋਰ ਮੁਸੀਬਤਾਂ ਹਨ ਜਿਨ੍ਹਾਂ ਤੋਂ ਅਸੀਂ ਡਰ ਜਾਂਦੇ ਹਾਂ ਜਾਂ ਜਿਨ੍ਹਾਂ ਤੋਂ ਅੱਕ ਕੇ ਮਾੜੀ ਕਿਸਮਤ ਆਖ ਕੇ ਬੈਠ ਜਾਂਦੇ ਹਾਂ ਪਰ ਉਸੇ ਸਮੇਂ ਜਿਹੜੇ ਉਨ੍ਹਾਂ ਮੁਸੀਬਤਾਂ ਨਾਲ ਲੜਦੇ ਰਹਿੰਦੇ ਹਨ ਉਹ ਉਨ੍ਹਾਂ ਹਲਾਤਾਂ ਵਿੱਚੋਂ ਵੀ ਚੰਗੇ ਹਲਾਤ ਲੱਭ ਲੈਂਦੇ ਹਨ l ਫਿਰ ਅਸੀਂ ਕਹਿੰਦੇ ਹਾਂ ਕਿ ਉਸ ਦੀ ਕਿਸਮਤ ਚੰਗੀ ਸੀ l ਸਚਾਈ ਇਹ ਹੈ ਕਿ ਉਸ ਨੇ ਚੰਗੀ ਕਿਸਮਤ ਸੰਘਰਸ਼ ਨਾਲ ਬਣਾਈ ਜਦਕਿ ਤੁਸੀਂ ਹੌਂਸਲਾ ਛੱਡ ਕੇ ਬੈਠ ਗਏ l ਅੰਗਰੇਜ਼ੀ ਦੀ ਕਹਾਵਤ ਹੈ ਕਿ ‘Early bird gets the worm’ ਭਾਵ ਵੇਲੇ ਨਾਲ ਉੱਠਿਆ ਪੰਛੀ ਹੀ ਖਾਣੇ ਵਾਸਤੇ ਕੀੜੇ ਲੱਭਦਾ ਹੈ l ਇਸ ਤੋਂ ਸਾਫ ਜ਼ਾਹਰ ਹੈ ਕਿ ਜੇ ਇੱਕ ਵਿਅਕਤੀ ਸਵੇਰੇ 6 ਵਜੇ ਉੱਠਦਾ ਹੈ ਅਤੇ ਦੂਜਾ 9 ਵਜੇ ਤਾਂ ਪਹਿਲਾਂ ਉੱਠਣ ਵਾਲੇ ਦੀ ਕਾਮਯਾਬੀ ਦੇ ਵੱਧ ਮੌਕੇ ਹੁੰਦੇ ਹਨ l ਪਹਿਲਾਂ ਉੱਠਣ ਵਾਲੇ ਦੀ ਚੰਗੀ ਸਿਹਤ ਦੇ ਮੌਕੇ ਵੀ ਵੱਧ ਹੁੰਦੇ ਹਨ ਕਿਉਂਕਿ ਸਮੇਂ ਸਿਰ ਉੱਠ ਕੇ ਉਹ ਕੁੱਝ ਕਸਰਤ ਵੀ ਕਰ ਸਕਦਾ ਹੈ l ਇਸ ਕਰਕੇ ਮੁਸੀਬਤਾਂ ਵੇਲੇ ਡਰ ਕੇ ਬੈਠਣਾ ਨਹੀਂ ਚਾਹੀਦਾ l

ਇਸੇ ਤਰਾਂ ਕਈ ਵਾਰ ਲੋਕ ਰਾਹ ਦੇ ਪੱਥਰਾਂ (ਰੋੜਿਆਂ) ਤੋਂ ਡਰ ਜਾਂਦੇ ਹਨ l ਜਦੋਂ ਤੁਹਾਡੀ ਜਿੰਦਗੀ ਬਹੁਤ ਵਧੀਆ ਚੱਲ ਰਹੀ ਹੁੰਦੀ ਹੈ ਤਾਂ ਕੁੱਝ ਲੋਕ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ l ਉਨ੍ਹਾਂ ਲੋਕਾਂ ਕੋਲ ਏਨੀ ਹਿੰਮਤ ਨਹੀਂ ਹੁੰਦੀ ਕਿ ਉਹ ਤੁਹਾਡਾ ਮੁਕਾਬਲਾ ਕਰ ਸਕਣ l ਇਸ ਕਰਕੇ ਉਹ ਤੁਹਾਡੀ ਕਾਮਯਾਬੀ ਵਿੱਚ ਰੋੜੇ (ਪੱਥਰ) ਅਟਕਾਉਂਦੇ (ਖਿਲਾਰਦੇ) ਹਨ ਤਾਂ ਕਿ ਤੁਹਾਨੂੰ ਪਿੱਛੇ ਖਿੱਚਿਆ ਜਾ ਸਕੇ l ਉਨ੍ਹਾਂ ਰਾਹ ਵਿੱਚ ਖਿਲਾਰੇ ਹੋਏ ਪੱਥਰਾਂ ਤੋਂ ਡਰਨਾ ਨਹੀਂ ਚਾਹੀਦਾ l ਇਹ ਉਹੀ ਪੱਥਰ ਹੁੰਦੇ ਹਨ ਜੋ ਤੁਹਾਨੂੰ ਸੰਭਲ ਸੰਭਲ ਚੱਲਣਾ ਸਿਖਾਉਂਦੇ ਹਨ l ਇਨ੍ਹਾਂ ਪੱਥਰਾਂ ਤੋਂ ਬਿਨਾਂ ਤੁਸੀਂ ਮਜ਼ਬੂਤ ਨਹੀਂ ਬਣ ਸਕਦੇ l

ਨੋਟ :- ਚੱਲਦੇ ਰਹਿਣ ਦਾ ਨਾਮ ਹੀ ਜਿੰਦਗੀ ਹੈ l ਖੜ੍ਹੇ ਪਾਣੀਆਂ ਤੇ ਮੱਛਰ ਬੈਠਣ ਲੱਗ ਪੈਂਦੇ ਹਨ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬੀ
Next articleਖੁਸ਼ੀਆਂ ਦੇ ਭੰਡਾਰ