ਇੱਕ ਮਿੱਠੀ ਜਿਹੀ ਯਾਦ…

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਕਦੇ-ਕਦੇ ਜ਼ਿੰਦਗੀ ਵਿੱਚ ਖ਼ੁਸ਼ੀਆਂ ਦੀ ਭਰਮਾਰ ਹੁੰਦੀ ਹੈ ਤੇ ਕਦੇ-ਕਦੇ ਨੀਸਰਤਾ ਵੀ ਆ ਜਾਂਦੀ ਹੈ। ਇਹ ਜੀਵਨ ਹੈ ਹੀ ਖ਼ਟੇ-ਮਿੱਠੇ ਪਲਾਂ ਦਾ ਖੂਬਸੂਰਤ ਬੰਦਨ। ਪਰ ਹਰ ਅਹਿਸਾਸ ਕੁੱਝ ਮਿੱਠੀਆਂ ਤੇ ਕੌੜੀਆਂ ਯਾਦਾਂ ਜ਼ਰੂਰ ਛੱਡ ਜਾਂਦਾ ਹੈ।

ਇਸੇ ਤਰ੍ਹਾਂ ਅੱਜ ਯਾਦਾਂ ਦੇ ਪਿਟਾਰੇ ਵਿੱਚੋਂ ਇੱਕ ਪਿਆਰੀ ਯਾਦ ਸਾਂਝੀ ਕਰਨ ਜਾ ਰਹੀ ਹਾਂ। ਇਹ ਯਾਦ ਇੱਕ ਯਾਤਰਾ ਦੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੋ ਦਿਨ ਦੇ ਵੱਖੋ- ਵੱਖਰੇ ਪ੍ਰੋਗਰਾਮ ਸਨ। ਕੁਦਰਤੀ ਹੀ ਘਰਦਿਆਂ ਨੇ ਵੀ ਸ਼੍ਰੀ ਦਰਬਾਰ ਸਾਹਿਬ ਜਾਣਾ ਸੀ ਸੋ ਮੈਂ ਵੀ ਉਹਨਾਂ ਦੇ ਨਾਲ਼ ਪਹੁੰਚ ਗਈ। ਦਰਬਾਰ ਸਾਹਿਬ ਵਿਖੇ ਸਾਰਾ ਲੇਖਕ ਭਾਈਚਾਰਾ ਮਿਲ਼ ਗਿਆ ਜਿਹਨਾਂ ਵਿਚ ਪੰਥਕ ਕਵੀ ਸ: ਹਰੀ ਸਿੰਘ ਜਾਚਕ ਜੀ, ਜਸਵਿੰਦਰ ਕੌਰ ਜੱਸੀ, ਨਰਿੰਦਰ ਕੌਰ ਨੂਰੀ, ਉਹਨਾਂ ਦਾ ਬੇਟਾ, ਦੀਪ ਲੁਧਿਆਣਵੀ, ਨਿਰਮਲ ਕੌਰ ਨਿੰਮੀ, ਅਮਿਤ ਕੌਰ ਅਤੇ ਉਹਨਾਂ ਦਾ ਪਿਆਰਾ ਪੁੱਤਰ ਜਸਜੋਤ ਸਿੰਘ ਸਨ।

ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਅਸੀਂ ਸ:ਗੁਰਮੇਲ ਕੋਹਾਲਵੀ ਜੀ ਦੇ ‘ਗੁਰਮੁਖੀ ਦਾ ਵਾਰਿਸ’ ਪ੍ਰੋਗਰਾਮ ਜੋਕਿ ਗਾਂਧੀ ਗਰਾਊਂਡ ਦੇ ਨੇੜੇ ਵਿਰਸਾ ਵਿਹਾਰ ਵਿਖੇ ਸੀ, ਓਥੇ ਪਹੁੰਚੇ। ਪ੍ਰੋਗਰਾਮ ਬਹੁਤ ਵਧੀਆ ਸੀ। ਬਹੁਤ ਸਾਰੇ ਸਨਮਾਨ ਹੋਏ। ਕਵੀ ਦਰਬਾਰ ਹੋਇਆ, ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਓਥੇ ਹੀ ਦੁਬਈ ਤੋਂ ਆਏ ਕੁਲਵਿੰਦਰ ਕੋਮਲ ਭੈਣ ਜੀ , ਗੁਰਚਰਨ ਕੌਰ ਕੋਚਰ ਮੈਮ ਤੇ ਹੋਰ ਬਹੁਤ ਸਤਿਕਾਰਤ ਹਸਤੀਆਂ ਨੂੰ ਫਿਰ ਮਿਲਣ ਦਾ ਸਬੱਬ ਬਣਿਆ।

ਹੁਣ ਅਗਲੀ ਮੰਜ਼ਿਲ ਦਾ ਪਤਾ ਨਹੀਂ ਸੀ। ਦੂਸਰੇ ਦਿਨ ਐਤਵਾਰ ਨੂੰ ‘ਕਲਮਾਂ ਦਾ ਕਾਫ਼ਲਾ’ ਵਲੋਂ ਪ੍ਰੋਗਰਾਮ ਸੀ। ਹਜੇ ਸੋਚ ਹੀ ਰਹੇ ਸੀ ਕਿ ਰਮਨਦੀਪ ਕੌਰ ਹਰਸਰਜਾਈ ਜੋ ਮੇਰੀ ਬਹੁਤ ਪਿਆਰੀ ਛੋਟੀ ਭੈਣ ਦੀ ਤਰ੍ਹਾਂ ਹੈ, ਪੁੱਛਣ ਲੱਗੀ ਕਿ ਹੁਣ ਕਿੱਥੇ ਜਾਣਾ ਹੈ ਤਾਂ ਮੈਂ ਕਿਹਾ ਕਿ ਮੈਂ ਦਰਬਾਰ ਸਾਹਿਬ ਜਾ ਰਹੀ ਹਾਂ ਤਾਂ ਓਸਨੇ ਕਿਹਾ ਕਿ ਨਹੀਂ ਹੁਣ ਆਪਾਂ ਮੇਰੇ ਨਾਨਕੇ ਘਰ ਚੱਲਦੇ ਹਾਂ। ਰਾਤ ਉੱਥੇ ਰਹਾਂਗੇ ਤੇ ਸਵੇਰੇ ਦੂਸਰਾ ਪ੍ਰੋਗਰਾਮ ਵੇਖ ਕੇ ਵਾਪਸੀ ਚਲਾਂਗੇ। ਮੈਂ ਕੁਝ ਕੁ ਨਾਂਹ-ਨੁੱਕਰ ਕੀਤੀ ਪਰ ਉਹ ਮੰਨੀ ਨਹੀਂ। ਉੱਥੋਂ ਅਸੀਂ ਸੱਭ ਆਪੋ-ਆਪਣੀ ਮੰਜ਼ਿਲ ਵੱਲ ਚੱਲ ਪਏ। ਪਹਿਲਾਂ ਅਸੀਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਗੁਰੂਦੁਆਰੇ ਗਏ। ਉੱਥੋਂ ਰਮਨਦੀਪ ਦੇ ਮਾਮਾ ਜੀ ਦਾ ਬੇਟਾ ਸਾਨੂੰ ਆਪਣੇ ਘਰ ਲੈਣ ਲਈ ਪਹੁੰਚ ਗਿਆ। ਜਦੋਂ ਅਸੀਂ ਰਮਨ ਦੇ ਨਾਨਕੇ ਘਰ ਪਹੁੰਚੇ ਤਾਂ ਉਹਨਾਂ ਨੇ ਸਾਡਾ ਨਿੱਘਾ ਸੁਆਗਤ ਕੀਤਾ।

ਬੜੇ ਪਿਆਰ ਨਾਲ ਚਾਹ-ਪਾਣੀ ਪਿਆਇਆ। ਫਿਰ ਅਸੀਂ ਰਮਨ ਦੀਆਂ ਭੈਣਾਂ, ਭਾਬੀਆਂ ਤੇ ਮਾਮੀ ਜੀ ਦੇ ਨਾਲ਼ ਗੁਰੂਦਵਾਰਾ ਛਿਹਰਟਾ ਸਾਹਿਬ ਗਏ, ਫ਼ੇਰ ਇੰਡੀਆ ਗੇਟ ਗਏ। ਰਮਨ ਦੇ ਨਾਨਕਿਆਂ ਦੇ ਸਾਰੇ ਪਰਿਵਾਰ ਵਲੋਂ ਬਹੁਤ ਪਿਆਰ ਮੁਹੱਬਤ ਤੇ ਸਤਿਕਾਰ ਮਿਲ਼ਿਆ। ਰਾਤ ਨੂੰ ਖਾਣ ਤੇ ਰਹਿਣ ਲਈ ਉਹਨਾਂ ਨੇ ਉਚੇਚਾ ਪ੍ਰਬੰਧ ਕੀਤਾ। ਬਿਲਕੁੱਲ ਵੀ ਇੰਝ ਨਹੀਂ ਲੱਗਿਆ ਕਿ ਕਿਸੇ ਅਣਜਾਣ ਜਗ੍ਹਾ ਆਏ ਹਾਂ। ਦੂਸਰੇ ਦਿਨ ਸਵੇਰੇ ਤਿਆਰ ਹੋ ਕੇ ਅਸੀਂ ‘ਕਲਮਾਂ ਦਾ ਕਾਫ਼ਲਾ’ ਦੇ ਸਮਾਗਮ ਲਈ ਖ਼ਾਲਸਾ ਕਾਲਜ ਪਹੁੰਚੇ। ਇਹ ਪ੍ਰੋਗਰਾਮ ਗੁਰਜੀਤ ਅਜਨਾਲਾ ਮੈਮ ਨੇ ਕਰਵਾਇਆ ਸੀ। ਇਹ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਸੀ। ਇੱਥੇ ਵੀ ਸਨਮਾਨ ਸਮਾਰੋਹ, ਕਵੀ ਦਰਬਾਰ ਅਤੇ ਕਿਤਾਬਾਂ ਦਾ ਲੋਕ ਅਰਪਣ ਕੀਤਾ ਗਿਆ। ਖਾਣ- ਪੀਣ ਦਾ ਇੰਤਜ਼ਾਮ ਵੀ ਬਹੁਤ ਵਧੀਆ ਸੀ। ਸਭ ਨੂੰ ਸਨਮਾਨਿਤ ਕੀਤਾ ਗਿਆ।

ਪ੍ਰੋਗਰਾਮ ਤੋਂ ਬਾਅਦ ਅਸੀਂ ਆਪਣੇ ਘਰਾਂ ਨੂੰ ਚਾਲੇ ਪਾਏ। ਸਾਡੇ ਨਾਲ ਸ:ਹਰੀ ਸਿੰਘ ਜਾਚਕ ਜੀ ਅਤੇ ਇੱਕ ਸਮਰਾਲਾ ਜਾਣ ਵਾਲੇ ਮੈਮ ਸਨ ਤੇ ਬਾਕੀ ਰਮਨ ਅਤੇ ਮੈਂ ਸਾਂ। ਬੱਸ ਅੱਡੇ ਪਹੁੰਚ ਕੇ ਸਾਨੂੰ ਦਿੱਲੀ ਵਾਲ਼ੀ ਬੱਸ ਮਿਲ਼ ਗਈ ਜਿਸਨੇ ਸਾਨੂੰ ਸੱਤ ਵਜੇ ਤੱਕ ਲੁਧਿਆਣੇ ਪਹੁੰਚਾ ਦਿੱਤਾ। ਇਸ ਤਰ੍ਹਾਂ ਅਸੀਂ ਸਾਰੇ ਆਪੋ-ਆਪਣੇ ਘਰ ਪਹੁੰਚ ਗਏ। ਸਫ਼ਰ ਦੀ ਥਕਾਵਟ ਬਹੁਤ ਸੀ ਪਰ ਖੂਬਸੂਰਤ ਯਾਦਾਂ ਦੀ ਮਿਠਾਸ ਵੀ ਸੀ।

ਜਦੋਂ ਮੈਂ ਆਪਣੇ ਪਤੀ ਨਰੇਸ਼ ਜੀ ਨੂੰ ਇਹ ਗੱਲਾਂ ਦੱਸੀਆਂ ਤਾਂ ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਬਹੁਤ ਹੀ ਪਿਆਰ,ਸਤਿਕਾਰ ਦਿੰਦੇ ਹਨ। ਉਹਨਾਂ ਤੋਂ ਤਾਂ ਜੇਕਰ ਕੋਈ ਪਤਾ ਪੁੱਛੋ ਤਾਂ ਨਾਲ਼ ਜਾ ਕੇ ਦੱਸਣਾ ਪਵੇ ਤਾਂ ਵੀ ਦੱਸਦੇ ਹਨ ਤੇ ਅਣਜਾਣ ਨੂੰ ਵੀ ਚਾਹ-ਪਾਣੀ ਜ਼ਰੂਰ ਪੁੱਛਦੇ ਹਨ। ਸੱਚਮੁੱਚ ਹੀ ਉਹਨਾਂ ਦੀ ਗੱਲ ਮੈਨੂੰ ਸੌ ਪ੍ਰਤੀਸ਼ਤ ਸੱਚ ਲੱਗੀ। ਸੋ ਵਾਹਿਗੁਰੂ ਜੀ ਮਾਨਵ ਜਾਤੀ ਨੂੰ ਇਸੇ ਤਰ੍ਹਾਂ ਮਿਠਾਸ ਬਖਸ਼ਦੇ ਰਹਿਣ ਤੇ ਇਸੇ ਤਰ੍ਹਾਂ ਸਭ ਦੀਆਂ ਸਫ਼ਰ ਦੀਆਂ ਯਾਦਾਂ ਅਭੁੱਲ ਯਾਦਾਂ ਬਣਦੀਆਂ ਰਹਿਣ। ਵਾਹਿਗੁਰੂ ਜੀ ਇਹਨਾਂ ਪਿਆਰ ਵੰਡਣ ਵਾਲੇ ਪਿਆਰੇ ਲੋਕਾਂ ਦੇ ਸਿਰ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ।

ਮਨਜੀਤ ਕੌਰ ਧੀਮਾਨ

ਸ਼ੇਰਪੁਰ, ਲੁਧਿਆਣਾ। ਸੰ:9464633059

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next article*ਖੁਸ਼ੀਆਂ ਕਿਵੇਂ ਮਿਲਦੀਆਂ ਹਨ*